ਬਠਿੰਡਾ : ਮਾਚਿਸ ਫੈਕਟਰੀ 'ਚ ਧਮਾਕਾ, 1 ਦੀ ਮੌਤ, 1 ਜ਼ਖਮੀ (ਵੀਡੀਓ)

Wednesday, Dec 19, 2018 - 04:08 PM (IST)

ਬਠਿੰਡਾ (ਅਮਿਤ, ਵਰਮਾ)—ਬਠਿੰਡਾ ਮਾਨਸਾ ਰੋਡ ਗ੍ਰੋਥ ਸੈਂਟਰ ਵਿਚ ਮਾਚਿਸ ਬਣਾਉਣ ਦੀ ਫੈਕਟਰੀ ਡੀ-23 ਵਿਚ ਭਿਆਨਕ ਧਮਾਕੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਪੂਰੀ ਫੈਕਟਰੀ ਅੱਗ ਦੀ ਲਪੇਟ 'ਚ ਆ ਗਈ ਅਤੇ ਉਥੇ ਦੂਰ ਖੜ੍ਹੀ ਕਾਰ ਵੀ ਇਸ ਦੀ ਲਪੇਟ ਵਿਚ ਆ ਗਈ। ਇਹੀਂ ਨਹੀਂ ਫੈਕਟਰੀ ਦੀ 10 ਫੁੱਟ ਦੀ  ਕੰਧ ਵੀ ਢਹਿ ਗਈ। ਇਹ ਧਮਾਕਾ ਉਸ ਵੇਲੇ ਹੋਇਆ ਜਦੋਂ ਫੈਕਟਰੀ ਮਾਲਕ ਵਲੋਂ 4 ਸਾਲ ਤੋਂ ਬੰਦ ਪਈ ਫੈਕਟਰੀ ਤੋਂ ਕਬਾੜ ਦਾ ਸਾਮਾਨ ਚੁੱਕਣ ਲਈ ਠੇਕੇਦਾਰ ਨੂੰ ਕਿਹਾ ਗਿਆ। ਇਸ ਫੈਕਟਰੀ ਵਿਚ 'ਟਰਾਫੀ' ਨਾਮਕ ਮਾਚਿਸ ਦਾ ਉਤਪਾਦਨ ਕੀਤਾ ਜਾਣਾ ਸੀ ਪਰ ਤਾਮਿਲਨਾਡੂ ਦੀ ਕੰਪਨੀ ਵਲੋਂ ਸਹੀ ਮਸ਼ੀਨਰੀ ਨਾ ਭੇਜਣ ਤੋਂ ਵਿਵਾਦ ਪੈਦਾ ਹੋ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਫੈਕਟਰੀ ਮਾਲਕ ਵਲੋਂ ਕੰਪਨੀ ਤੇ ਅਦਾਲਤ ਵਿਚ ਮਾਮਲਾ ਦਰਜ ਕਰਵਾਇਆ ਗਿਆ, ਜਿਸ ਕਾਰਨ ਉਤਪਾਦਨ ਸ਼ੁਰੂ ਨਹੀਂ ਹੋਇਆ ਜਦਕਿ ਕੱਚਾ ਮਾਲ ਫੈਕਟਰੀ ਵਿਚ ਪਿਆ ਸੀ। ਫੈਕਟਰੀ ਮਾਲਕ ਜਤਿੰਦਰ ਕੁਮਾਰ ਬੁੱਧਵਾਰ ਨੂੰ ਆਪਣੇ ਨਾਲ ਰਾਜ ਕੁਮਾਰ ਤੇ ਹਰੀਸ਼ ਕੁਮਾਰ ਨਾਮਕ ਕਬਾੜੀਏ ਨੂੰ ਲੈ ਕੇ ਆਇਆ। ਉਨ੍ਹਾਂ ਨੇ ਕਬਾੜ ਦਾ ਸਾਮਾਨ ਦਿਖਾਇਆ ਜਿਸ 'ਚ ਇਕ ਪੋਟਾਸ਼ ਨਾਲ ਭਰੀ ਬੰਦ ਬਾਲਟੀ ਵੀ ਪਈ ਸੀ ਉਕਤ ਕਬਾੜੀਏ ਨੇ ਜਿਵੇਂ ਹੀ ਬਾਲਟੀ ਨੂੰ ਤੋੜਨ ਲਈ ਹਥੌੜਾ ਮਾਰਿਆ ਤਾਂ ਧਮਾਕਾ ਹੋ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ ਫੈਕਟਰੀ ਦੀ 10 ਫੁੱਟ ਦੀ  ਕੰਧ ਵੀ ਢਹਿ ਗਈ ਅਤੇ ਅੱਗ ਨੇ ਫੈਕਟਰੀ ਨੂੰ ਬੁਰੀ ਤਰ੍ਹਾਂ ਘੇਰ ਲਿਆ ਇਥੋਂ ਤੱਕ ਕਿ ਫੈਕਟਰੀ ਬਾਹਰ ਖੜ੍ਹੀ ਕਾਰ ਵੀ ਅੱਗ ਦੀ ਲਪੇਟ ਵਿਚ ਆ ਗਈ। ਧਮਾਕਾ ਹੁੰਦੇ ਹੀ ਰਾਜ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਹਰੀਸ਼ ਕੁਮਾਰ ਨੂੰ ਇਲਾਜ ਲਈ ਲੋਕਾਂ ਨੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ. ਸੀ. ਪਰਨੀਤ ਤੇ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਜ਼ਿਲਾ ਪ੍ਰਸ਼ਾਸਨ ਅਧਿਕਾਰੀਆਂ ਨਾਲ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਘਟਨਾ ਦਾ ਜਾਇਜ਼ਾ ਲਿਆ। ਡੀ. ਸੀ. ਨੇ ਇਸ ਘਟਨਾ ਦੀ ਜਾਂਚ ਦਾ ਜ਼ਿੰਮਾ ਵਧਿਕ ਜ਼ਿਲਾ ਮੈਜਿਸਟ੍ਰੇਟ ਨੂੰ ਸੌਂਪ ਦਿੱਤਾ। ਐੱਸ. ਐੱਸ. ਪੀ. ਨੇ ਕਿਹਾ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।


author

Shyna

Content Editor

Related News