ਲੋਕ ਨਿਰਮਾਣ ਵਿਭਾਗ ਦਾ ਕਾਰਨਾਮਾ, SDO ਬਣਾਉਣ ਲਈ ਸੀਨੀਆਰਟੀ ’ਚ ਕੀਤਾ ਅਜਿਹੇ ਫੇਰਬਦਲ ਕਿ ਜਾਣ ਹੋਵੋਗੇ ਹੈਰਾਨ
Wednesday, May 19, 2021 - 03:36 PM (IST)
ਪਟਿਆਲਾ/ਰੱਖਡ਼ਾ (ਰਾਣਾ) : ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਸੀਨੀਆਰਟੀ ਨੂੰ ਹੇਠਾਂ-ਉੱਪਰ ਕਰਨ ਲੈ ਕੇ ਮਸ਼ਹੂਰ ਲੋਕ ਨਿਰਮਾਣ ਮਹਿਕਮੇ ਦਾ ਸੀਨੀਆਰਟੀ ਦੇ ਮਾਮਲੇ ’ਚ ਇਕ ਹੋਰ ਹੈਰਾਨ ਕਰਨ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ। ਇਸ ’ਚ ਇਕ ਐੱਸ. ਡੀ. ਓ. ਪੱਧਰ ਦੇ ਅਧਿਕਾਰੀ ਦੀ ਪਿਛਲੇ ਮਹੀਨੇ ਸੀਨੀਆਰਟੀ ਸੂਚੀ ਰਿਵਾਈਜ਼ ਕਰ ਕੇ ਉਸ ਨੂੰ ਥੱਲੇ ਕੀਤਾ ਗਿਆ ਪਰ ਜਦੋਂ ਸੀਨੀਆਰਟੀ ਸੂਚੀ ’ਚ ਸੋਧ ਕੀਤੀ ਤਾਂ ਉਦੋਂ ਤੱਕ ਉਹ ਵਿਅਕਤੀ ਕਈ ਸਾਲ ਉਸ ਗਲਤ ਸੀਨੀਆਰਟੀ ਦਾ ਲਾਹਾ ਲੈ ਕੇ ਐੱਸ. ਡੀ. ਓ. ਦੀ ਨੌਕਰੀ ਕਰ ਕੇ ਜਾ ਚੁੱਕਾ ਹੈ। ਇਥੋਂ ਤੱਕ ਕਿ 2 ਸਾਲ ਐਕਸਟੈਨਸ਼ਨ ਵੀ ਲੈ ਕੇ ਨੌਕਰੀ ਕਰ ਚੁੱਕਾ ਹੈ। ਮੰਦਭਾਗੀ ਗੱਲ ਇਹ ਹੈ ਕਿ ਗਲਤ ਤਰੀਕੇ ਨਾਲ ਇਸ ਅਧਿਕਾਰੀ ਨੂੰ ਜਿਹਡ਼ਾ ਸੀਨੀਆਰਟੀ ਸੂਚੀ ’ਚ ਅੱਗੇ ਦਿਖਾਇਆ ਗਿਆ, ਉਸ ਕਾਰਣ ਬਾਕੀ ਦੇ ਅਧਿਕਾਰੀ ਜਿਹਡ਼ੇ ਕਿ ਇਸ ਦੇ ਅਸਲੀ ਹੱਕਦਾਰ ਸਨ, ਉਹ ਅੱਜ ਤੱਕ ਭੁਗਤ ਰਹੇ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਜਿਹਡ਼ੇ ਵਿਭਾਗ ਦੇ ਨਾਮੀ ਸੁਪਰਡੈਂਟ ਜੋ ਕਿ ਸਮੇਂ ਤੋਂ ਪਹਿਲਾਂ ਹੀ ਆਪਣੀਆਂ ਕਈ ਘਾਟਾਂ ਕਾਰਣ ਸੇਵਾਮੁਕਤੀ ਲੈ ਕੇ ਜਾ ਚੁੱਕਿਆ ਹੈ, ਦੇ ਕਾਰਜਕਾਲ ’ਚ (ਉਸ ਸਮੇਂ ਕਲਰਕ) ਹੀ ਇਸ ਅਧਿਕਾਰੀ ਨੂੰ ਵੀ ਗਲਤ ਸੀਨੀਆਰਟੀ ਦਿੱਤੀ ਗਈ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਆਖਰ ਮਹਿਕਮਾ ਕਦੋਂ ਤੱਕ ਅਜਿਹੇ ਮਾਮਲਿਆਂ ’ਤੇ ਅੱਖਾਂ ਬੰਦ ਕਰ ਕੇ ਬੈਠੇਗਾ ਜਾਂ ਫਿਰ ਇਸ ਸਮੇਂ ਦੌਰਾਨ ਹੋਈਆਂ ਸੀਨੀਆਰਟੀ ਸੂਚੀਆਂ, ਵਿਭਾਗ ’ਚ ਅੰਗਹੀਣ ਦੇ ਕੋਟੇ ’ਚ ਭਰਤੀ ਹੋਏ ਅਧਿਕਾਰੀਆਂ ਦੀ ਜਾਂਚ ਕਰਵਾਏਗਾ ਜਾਂ ਫਿਰ ਨਹੀਂ।
ਇਹ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਦਾ ਇਲਾਜ ਕਰਵਾਉਣ ਲਈ ਬੈਂਸ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਦੱਸਣਯੋਗ ਹੈ ਕਿ ਲੋਕ ਨਿਰਮਾਣ ਵਿਭਾਗ ਜੂਨੀਅਰ ਇੰਜੀਨੀਅਰ (ਹੁਣ ਉਪ ਮੰਡਲ ਇੰਜੀਨੀਅਰ) ਸੰਦੀਪ ਕੁਮਾਰ ਪੁੱਤਰ ਰਾਜ ਕੁਮਾਰ ਵਰਮਾ ਨੇ 20 ਫਰਵਰੀ 2019 ਨੂੰ ਇਤਰਾਜ਼ ਜਤਾਇਆ ਸੀ ਕਿ ਜੂਨੀਅਰ ਇੰਜੀਨੀਅਰਾਂ ਦੀ ਸੂਚੀ ’ਚ ਉਸ ਦੀ ਸੀਨੀਆਰਟੀ ਸੂਚੀ ਮਿਤੀ 16 ਅਗਸਤ 1996 ’ਚ ਉਸ ਦਾ ਨਾਂ ਨਰੇਸ਼ ਕੁਮਾਰ ਪੁੱਤਰ ਤਾਰਾ ਚੰਦ ਜੂਨੀਅਰ ਇੰਜੀਨੀਅਰ (ਹੁਣ ਐੱਸ. ਡੀ. ਓ. ਸੇਵਾ-ਮੁਕਤ) ਦੀ ਸੀਨੀਆਰਟੀ ਸੂਚੀ ’ਚ ਉੱਪਰ ਦਰਜ ਹੈ। ਵਿਭਾਗ ਨੇ ਜਦੋਂ ਇਸ ਦੀ ਪਡ਼੍ਹਤਾਲ ਕੀਤੀ ਤਾਂ ਸੰਦੀਪ ਕੁਮਾਰ ਅਤੇ ਨਰੇਸ਼ ਕੁਮਾਰ ਦੋਨੋਂ ਹੀ 1986 ’ਚ ਵਿਭਾਗ ’ਚ ਸਿੱਧੀ ਭਰਤੀ ਰਾਹੀਂ ਜੂਨੀਅਰ ਇੰਜੀਨੀਅਰ ਭਰਤੀ ਹੋਏ ਸਨ ਅਤੇ ਮੈਰਿਟ ਸੂਚੀ ’ਚ ਸੰਦੀਪ ਕੁਮਾਰ ਨੂੰ ਨਰੇਸ਼ ਕੁਮਾਰ ਤੋਂ ਸੀਨੀਅਰ ਦਰਸ਼ਾਇਆ ਗਿਆ ਹੈ। ਇਸ ਤੋਂ ਬਾਅਦ ਸੀਨੀਆਰਟੀ ਸਬੰਧੀ 16 ਅਗਸਤ 1996 ਨੂੰ ਜਾਰੀ ਸੂਚੀ ’ਚ ਵੀ ਸੰਦੀਪ ਕੁਮਾਰ ਨੂੰ ਨਰੇਸ਼ ਕੁਮਾਰ ਤੋਂ ਸੀਨੀਅਰ ਦਰਸ਼ਾਇਆ ਗਿਆ ਹੈ ਪਰ 1996 ਤੋਂ ਬਾਅਦ ਜਾਰੀ ਸੀਨੀਆਰਟੀ ਸੂਚੀਆਂ ’ਚ ਜਿਵੇਂ ਸਾਲ 2010 ਅਤੇ 2011 ’ਚ ਕਲੈਰੀਕਲ ਗਲਤੀ ਕਾਰਣ ਨਰੇਸ਼ ਕੁਮਾਰ ਨੂੰ ਸੰਦੀਪ ਕੁਮਾਰ ਤੋਂ ਸੀਨੀਅਰ ਦਰਸ਼ਾ ਦਿੱਤਾ ਗਿਆ, ਜਦੋਂ ਕਿ ਇਹ ਨਰੇਸ਼ ਕੁਮਾਰ ਤੋਂ ਸੀਨੀਅਰ ਹੋਣਾ ਬਣਦਾ ਸੀ। ਮਹਿਕਮੇ ਨੇ ਹੁਣ ਇਹ ਪਾਇਆ ਹੈ ਕਿ ਨਰੇਸ਼ ਕੁਮਾਰ ਦੀ ਸੀਨੀਅਰਟੀ 187 ਤੋਂ ਕੈਂਸਲ ਕਰਦੇ ਹੋਏ ਹੁਣ ਮੈਰਿਟ ’ਚ 230 ਏ (1996 ਦੀ ਸੂਚੀ ਨੂੰ ਅਧਾਰ ਮੰਨਦੇ ਹੋਏ) ਦਰਜ ਕੀਤਾ ਜਾਂਦਾ ਹੈ। ਮਿਲੀ ਜਾਣਕਾਰੀ ਮੁਤਾਬਕ ਜੇਕਰ ਨਰੇਸ਼ ਕੁਮਾਰ ਦੀ ਸੀਨੀਆਰਟੀ ਸੂਚੀ 230 ਏ ਰਹਿੰਦੀ ਤਾਂ ਨਰੇਸ਼ ਕੁਮਾਰ ਕੁਝ ਮਹੀਨੇ ਹੀ ਐੱਸ. ਡੀ. ਓ. ਰਹਿੰਦੇ। ਇਹ ਵੀ ਹੋ ਸਕਦਾ ਸੀ ਕਿ ਉਹ ਨਾ ਹੀ ਬਣਦੇ ਪਰ ਗਲਤ ਸੀਨੀਆਰਟੀ ਕਾਰਣ ਉਹ ਕਈ ਸਾਲ ਐੱਸ. ਡੀ. ਓ. ਵੀ ਰਹੇ ਅਤੇ ਵਿਭਾਗ ਤੋਂ ਐੱਸ. ਡੀ. ਓ. ਦੇ ਸਮੁੱਚੇ ਲਾਭ ਵੀ ਹਾਸਲ ਕੀਤੇ।
ਇਹ ਵੀ ਪੜ੍ਹੋ : ਕੋਰੋਨਾ ਦੇ ਬਾਵਜੂਦ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ’ਚ ਮਿਲ ਰਹੀਆਂ ਜ਼ਿਆਦਾ ਸਹੂਲਤਾਂ
ਮਾਮਲੇ ਦੀ ਜਾਂਚ ਕਰਵਾਈ ਜਾਵੇਗੀ : ਸਕੱਤਰ ਵਿਕਾਸ ਪ੍ਰਤਾਪ ਸਿੰਘ
ਇਸ ਸਬੰਧੀ ਜਦੋਂ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਵਿਕਾਸ ਪ੍ਰਤਾਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਜਿਹਡ਼ਾ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਵਿਭਾਗ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸਿੱਖਿਆ ਮਹਿਕਮੇ ਦੀ ਨਵੇਕਲੀ ਪਹਿਲਕਦਮੀ, ਸਰਕਾਰੀ ਸਕੂਲਾਂ ’ਚ ਪ੍ਰੀਖਿਆਵਾਂ ਦੀ ਮੁਫ਼ਤ ਕੋਚਿੰਗ ਸ਼ੁਰੂ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ