ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ : EO ਗਿਰੀਸ਼ ਵਰਮਾ ਦਾ ਸਾਥੀ ਪਵਨ ਕੁਮਾਰ ਸ਼ਰਮਾ ਗ੍ਰਿਫ਼ਤਾਰ

Saturday, Jun 10, 2023 - 09:09 PM (IST)

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ : EO ਗਿਰੀਸ਼ ਵਰਮਾ ਦਾ ਸਾਥੀ ਪਵਨ ਕੁਮਾਰ ਸ਼ਰਮਾ ਗ੍ਰਿਫ਼ਤਾਰ

ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ੀਰਕਪੁਰ ਨਗਰ ਕੌਂਸਲ ਦੇ ਸਾਬਕਾ ਕਾਰਜ ਸਾਧਕ ਅਫ਼ਸਰ (ਈ.ਓ.) ਦੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਮਦਦ ਕਰਨ ਦੇ ਦੋਸ਼ ਹੇਠ ਕਾਲੋਨਾਈਜ਼ਰ ਪਵਨ ਕੁਮਾਰ ਸ਼ਰਮਾ ਵਾਸੀ ਪੰਚਕੂਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਖ਼ੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਪਵਨ ਕੁਮਾਰ ਸ਼ਰਮਾ ਨੇ ਪਿੰਡ ਖੁਡਾਲ ਕਲਾਂ, ਤਹਿਸੀਲ ਬਰੇਟਾ, ਜ਼ਿਲ੍ਹਾ ਮਾਨਸਾ ਵਿਖੇ 5 ਏਕੜ ਜ਼ਮੀਨ ’ਚ ਸਥਿਤ 25,000 ਮੀਟ੍ਰਿਕ ਟਨ ਦੀ ਸਮਰੱਥਾ ਵਾਲੇ ਓਪਨ ਪਲਿੰਥ (ਸਟੋਰੇਜ ਗੋਦਾਮ) ਨੂੰ ਖੇਤੀਬਾੜੀ ਵਾਲੀ ਜ਼ਮੀਨ ਵਜੋਂ ਵੇਚ ਕੇ ਗ਼ੈਰ-ਕਾਨੂੰਨੀ ਤੌਰ ’ਤੇ ਪੈਸੇ ਕਮਾਉਣ ਵਿਚ ਗਿਰੀਸ਼ ਦੀ ਮਦਦ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : ਕੈਬਨਿਟ ਮੰਤਰੀ ਧਾਲੀਵਾਲ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ, ਲਵਪ੍ਰੀਤ ਨੂੰ ਡਿਪੋਰਟ ਕਰਨ ’ਤੇ ਲੱਗੀ ਰੋਕ

ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਦੀ ਰਜਿਸਟਰੀ ਘੱਟ ਕੀਮਤ ’ਤੇ ਕਰਵਾਈ ਗਈ ਕਿਉਂਕਿ ਪਵਨ ਕੁਮਾਰ ਨਗਰ ਕੌਂਸਲ ਜ਼ੀਰਕਪੁਰ ਦੀ ਹਦੂਦ ਅੰਦਰ ਰੀਅਲ ਅਸਟੇਟ ਦਾ ਕਾਰੋਬਾਰ ਕਰ ਰਿਹਾ ਸੀ, ਜਿੱਥੇ ਗਿਰੀਸ਼ ਵਰਮਾ ਲੰਬੇ ਸਮੇਂ ਤੋਂ ਈ. ਓ. ਵਜੋਂ ਤਾਇਨਾਤ ਸੀ ਅਤੇ ਬਦਲੇ ਵਿਚ ਉਸ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਲਾਭ ਵੀ ਦਿੰਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਪਵਨ ਕੁਮਾਰ ਨਾਲ ਗਿਰੀਸ਼ ਵਰਮਾ ਦੇ ਪੁੱਤਰ ਵਿਕਾਸ ਵਰਮਾ ਦੇ ਹੋਰ ਵੀ ਕਈ ਵਿੱਤੀ ਲੈਣ-ਦੇਣ ਹਨ। ਉਸ ਨੇ ਗਿਰੀਸ਼ ਵਰਮਾ ਦੇ ਨਾਜਾਇਜ਼ ਪੈਸੇ ਨਕਦ ਲੈ ਕੇ ਅਤੇ ਬੈਂਕ ਐਂਟਰੀਆਂ ਰਾਹੀਂ ਜਾਇਜ਼ ਬਣਾਉਣ ਵਿਚ ਵੀ ਮਦਦ ਕੀਤੀ।

ਇਹ ਖ਼ਬਰ ਵੀ ਪੜ੍ਹੋ : ਘਰ ਦੇ ਬਾਹਰ ਖੜ੍ਹੇ ਵਿਅਕਤੀ ’ਤੇ ਕਾਰ ਸਵਾਰ ਵਿਅਕਤੀਆਂ ਨੇ ਚਲਾਈਆਂ ਗੋਲ਼ੀਆਂ

ਉਨ੍ਹਾਂ ਦੱਸਿਆ ਕਿ ਗਿਰੀਸ਼ ਨੂੰ ਅਕਤੂਬਰ 2022 ’ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਪਵਨ ਕੁਮਾਰ ਫਰਾਰ ਚੱਲ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਹਾਲ ਹੀ ਵਿਚ ਹਾਈਕੋਰਟ ਨੇ ਸਹਿ-ਦੋਸ਼ੀ ਗੌਰਵ ਗੁਪਤਾ ਵਾਸੀ ਕੁਰਾਲੀ (ਸਾਬਕਾ ਐੱਮ. ਸੀ.), ਸੰਜੀਵ ਕੁਮਾਰ ਵਾਸੀ ਖਰੜ, ਜੋ ਰੀਅਲ ਅਸਟੇਟ ਫਰਮ ਬਾਲਾਜੀ ਇਨਫ੍ਰਾ ਬਿਲਡਟੈੱਕ ਵਿਚ ਵਿਕਾਸ ਵਰਮਾ ਦੇ ਭਾਈਵਾਲ ਹਨ, ਦੀਆਂ ਅਗਾਊਂ ਜ਼ਮਾਨਤ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤਾ ਹੈ। ਈ.ਓ. ਗਿਰੀਸ਼ ਵਰਮਾ ਦੇ ਪੁੱਤਰ ਵਿਕਾਸ ਵਰਮਾ ਦੀ ਅਗਾਊਂ ਜ਼ਮਾਨਤ ਵੀ ਹਾਈਕੋਰਟ ਨੇ ਖਾਰਿਜ ਕਰ ਦਿੱਤੀ ਹੈ ਤੇ ਉਹ ਅਜੇ ਫਰਾਰ ਹੈ।


author

Manoj

Content Editor

Related News