ਐਨਕਾਊਂਟਰ ਮਾਮਲਾ : ਪੋਸਟਮਾਰਟਮ ’ਚ ਹੋਇਆ ਖ਼ੁਲਾਸਾ, ਮੁਲਜ਼ਮ ਗੋਪੀ ਦੇ 2 ਤੇ ਸੰਜੂ ਨੂੰ ਲੱਗੀਆਂ 6 ਗੋਲੀਆਂ
Friday, Dec 01, 2023 - 02:10 PM (IST)
ਲੁਧਿਆਣਾ (ਰਾਜ) : ਐਨਕਾਊਂਟਰ ਮਾਮਲੇ ’ਚ ਢੇਰ ਹੋਏ ਗੈਂਗਸਟਰ ਸ਼ੁਭਮ ਗੋਪੀ ਅਤੇ ਸੰਜੂ ਬਾਮਣ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਹੋਇਆ। ਦੋਵੇਂ ਲਾਸ਼ਾਂ ਦੇ ਪੋਸਟਮਾਰਟਮ ’ਚ ਕਰੀਬ ਸਾਢੇ 3 ਘੰਟੇ ਲੱਗੇ, ਜੋ ਕਿ ਮੈਜਿਸਟ੍ਰੇਟ ਹੀਰਾ ਸਿੰਘ ਦੀ ਦੇਖ-ਰੇਖ ਵਿਚ ਫੋਰੈਂਸਿਕ ਐਕਪਰਟ ਡਾਕਟਰ ਚਰਨ ਕਮਲ ਅਤੇ ਡਾਕਟਰ ਦਮਨਪ੍ਰੀਤ ਸਿੰਘ ਨੇ ਕੀਤਾ। ਪੋਸਟਮਾਰਟਮ ’ਚ ਖ਼ੁਲਾਸਾ ਹੋਇਆ ਹੈ ਕਿ ਦੋਵਾਂ ਦੇ ਸਰੀਰ ’ਚ ਕੁੱਲ 8 ਗੋਲੀਆਂ ਲੱਗੀਆਂ ਸਨ। ਗੋਪੀ ਦੇ 2 ਗੋਲੀਆਂ ਲੱਗੀਆਂ ਸਨ, ਜਿਸ ਵਿਚ ਇਕ ਗੋਲੀ ਸਿਰ ’ਤੇ ਅਤੇ ਦੂਜੀ ਪੇਟ ਵਿਚ ਲੱਗੀ, ਜਦੋਂਕਿ ਸੰਜੂ ਬਾਮਣ ਨੂੰ 6 ਗੋਲੀਆਂ ਲੱਗੀਆਂ, ਜਿਨ੍ਹਾਂ ਵਿਚੋਂ ਇਕ ਗੋਲੀ ਸਿਰ ’ਤੇ ਲੱਗੀ ਅਤੇ ਬਾਕੀ 5 ਗੋਲੀਆਂ ਹੱਥਾਂ-ਪੈਰਾਂ ’ਤੇ ਲੱਗੀਆਂ।
ਦੋਵਾਂ ਦੀ ਮੌਤ ਸਿਰ ’ਤੇ ਗੋਲੀ ਲੱਗਣ ਨਾਲ ਹੋਈ ਹੈ। ਪੋਸਟਮਾਰਟਮ ਤੋਂ ਬਾਅਦ ਪਰਿਵਾਰ ਲਾਸ਼ ਨਹੀਂ ਲੈ ਕੇ ਗਿਆ। ਹਨ੍ਹੇਰਾ ਹੋਣ ਕਾਰਨ ਉਨ੍ਹਾਂ ਨੇ ਬੇਨਤੀ ਕਰ ਕੇ ਲਾਸ਼ਾਂ ਨੂੰ ਮੋਰਚਰੀ ਵਿਚ ਹੀ ਰੱਖਵਾ ਦਿੱਤਾ ਸੀ ਕਿ ਉਹ ਸਵੇਰ ਨੂੰ ਉਨ੍ਹਾਂ ਦਾ ਸਸਕਾਰ ਕਰਨਗੇ। ਅਸਲ ’ਚ ਵੀਰਵਾਰ ਨੂੰ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਲਈ ਪੁਲਸ ਮ੍ਰਿਤਕਾਂ ਦੇ ਪਰਿਵਾਰ ਨੂੰ ਲੱਭ ਰਹੀ ਸੀ। ਬਾਹਮਣ ਦੇ ਪਿਤਾ ਨੇ ਤਾਂ ਪਹਿਲਾਂ ਆਉਣ ਤੋਂ ਮਨ੍ਹਾਂ ਕਰ ਦਿੱਤਾ ਸੀ ਪਰ ਪੁਲਸ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਮਨਾਇਆ ਅਤੇ ਫਾਰਮੈਲਿਟੀ ਪੂਰੀ ਕੀਤੀ। ਇਸੇ ਤਰ੍ਹਾਂ ਗੋਪੀ ਦੇ ਪਰਿਵਾਰ ਘਰ ਸ਼ਿਫਟ ਕਰ ਗਏ ਸਨ, ਜਿਨ੍ਹਾਂ ਨੂੰ ਲੱਭ ਕੇ ਸਿਵਲ ਹਸਪਤਾਲ ਲਿਆਂਦਾ ਗਿਆ।
ਉਨ੍ਹਾਂ ਵੱਲੋਂ ਵੀ ਫਾਰਮੈਲਿਟੀ ਪੂਰੀ ਕੀਤੀ ਗਈ। ਇਸ ਲਈ ਪੋਸਟਮਾਰਟਮ ਵਿਚ ਦੇਰ ਹੋ ਗਈ। ਫਿਰ ਮੈਜਿਸਟ੍ਰੇਟ ਐੱਸ. ਡੀ. ਐੱਮ. (ਪੂਰਬੀ) ਹੀਰਾ ਸਿੰਘ ਦੀ ਦੇਖ-ਰੇਖ ਵਿਚ ਕਰੀਬ 4 ਵਜੇ ਦੋਵਾਂ ਗੈਂਗਸਟਰਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਸ਼ੁਰੂ ਹੋਇਆ, ਜੋ ਰਾਤ 8 ਵਜੇ ਤੱਕ ਚੱਲਿਆ। ਪਹਿਲਾਂ ਦੋਵਾਂ ਦੀਆਂ ਲਾਸ਼ਾਂ ਦਾ ਐਕਸ-ਰੇ ਕਰਵਾਇਆ ਗਿਆ, ਜਿਸ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਸ਼ੁਰੂ ਹੋਇਆ। ਸੰਜੂ ਬਾਮਣ ਦੇ ਸਿਰ, ਦੋਵੇਂ ਮੋਢਿਆਂ, ਢਿੱਡ ਅਤੇ ਹੱਥ ’ਤੇ ਗੋਲੀ ਲੱਗੀ। ਸਿਰ ਵਿਚ ਲੱਗੀ ਗੋਲੀ ਕੱਢ ਕੇ ਪੁਲਸ ਹਵਾਲੇ ਕਰ ਦਿੱਤੀ ਗਈ ਹੈ, ਜਦੋਂਕਿ ਬਾਕੀ 5 ਗੋਲੀਆਂ ਆਰ-ਪਾਰ ਹੋਈਆਂ ਸਨ। ਸਿਰ ਵਿਚ ਲੱਗੀ ਗੋਲੀ ਕਾਰਨ ਸੰਜੂ ਦੀ ਮੌਤ ਹੋਈ ਹੈ। ਉੱਧਰ, ਗੈਂਗਸਟਰ ਗੋਪੀ ਦੇ ਵੀ 2 ਗੋਲੀਆਂ ਲੱਗੀਆਂ ਹਨ। ਇਕ ਗੋਲੀ ਸਿਰ ਵਿਚ ਅਤੇ ਦੂਜੀ ਗੋਲੀ ਛਾਤੀ ਕੋਲ ਲੱਗੀ ਹੈ। ਦੋਵੇਂ ਗੋਲੀਆਂ ਆਰ-ਪਾਰ ਹੋ ਗਈਆਂ ਸਨ। ਸਿਰ ’ਤੇ ਲੱਗੀ ਗੋਲੀ ਕਾਰਨ ਗੈਂਗਸਟਰ ਗੋਪੀ ਦੀ ਮੌਤ ਹੋਈ ਹੈ।