ਮਾਨਸਾ ਹਲਕੇ ’ਚ ਇਸ ਵਾਰ ਹੋਵੇਗਾ ਫਸਵਾਂ ਮੁਕਾਬਲਾ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ
Saturday, Feb 19, 2022 - 11:42 AM (IST)
ਮਾਨਸਾ (ਵੈੱਬ ਡੈਸਕ) - ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚ ਮਾਨਸਾ 96ਵਾਂ ਹਲਕਾ ਹੈ। ਮਾਨਸਾ ਹਲਕੇ ’ਚ 1997 ਤੋਂ 2017 ਤੱਕ ਲਗਭਗ ਰਲੀ-ਮਿਲੀ ਸਰਕਾਰ ਹੀ ਬਣੀ ਰਹੀ। ਸ਼੍ਰੋਮਣੀ ਅਕਾਲੀ ਦਲ ਨੇ 1997 ਅਤੇ 2012 ’ਚ ਦੋ ਵਾਰ ਮਾਨਸਾ ਹਲਕੇ ਜਿੱਤ ਪ੍ਰਾਪਤ ਕੀਤੀ। 2007 ’ਚ ਕਾਂਗਰਸ ਨੇ ਸ਼ੇਰ ਸਿੰਘ ਨੂੰ ਇਸ ਹਲਕੇ ਤੋਂ ਖੜ੍ਹਾ ਕਰ ਮੈਦਾਨ ਵਿਚ ਉਤਾਰਿਆ ਅਤੇ ਉਹ ਜੇਤੂ ਰਹੇ। ਸ਼ੇਰ ਸਿੰਘ ਨੇ 2002 ਦੀਆਂ ਵਿਧਾਨ ਸਭਾ ਚੋਣਾਂ ’ਚ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਮਾਨਸਾ ਤੋਂ ਜਿੱਤ ਹਾਸਲ ਕੀਤੀ ਸੀ। 2017 ਦੀਆਂ ਵੋਟਾਂ ’ਚ ਆਮ ਆਦਮੀ ਪਾਰਟੀ ਨੇ ਨਾਜ਼ਰ ਸਿੰਘ ਨੂੰ ਟਿਕਟ ਦਿੱਤੀ ਜਿਨ੍ਹਾਂ ਨੇ ਇਥੇ ਜਿੱਤ ਹਾਸਲ ਕੀਤੀ। 2022 ਦੀਆਂ ਚੋਣਾਂ ’ਚ ਇਹ ਮੁਕਾਬਲਾ ਹੋਰ ਸਖ਼ਤ ਦਿਖਾਈ ਦੇ ਰਿਹਾ ਹੈ ਕਿਉਂਕਿ ਇਸ ਵਾਰ ਨਵੀਆਂ ਪਾਰਟੀਆਂ ਵੀ ਚੋਣ ਮੈਦਾਨ ’ਚ ਆਪਣੀ ਕਿਸਮਤ ਅਜ਼ਮਾਉਣ ਲਈ ਉਤਰ ਆਈਆਂ ਹਨ।
2017
2017 ’ਚ ਮਾਨਸਾ ਤੋਂ ਆਮ ਆਦਮੀ ਪਾਰਟੀ ਵਲੋਂ ਨਾਜ਼ਰ ਸਿੰਘ ਮਾਨਸ਼ਾਹੀਆ ਚੋਣ ਮੈਦਾਨ ’ਚ ਆਏ ਜਿਨ੍ਹਾਂ ਨੂੰ 70586 ਵੋਟਾਂ ਹਾਸਲ ਹੋਈਆਂ। ਉਨ੍ਹਾਂ ਦੇ ਖ਼ਿਲਾਫ਼ ਕਾਂਗਰਸ ਵਲੋਂ ਮਨੋਜ ਬਾਲਾ ਨੂੰ ਮੈਦਾਨ ਵਿਚ ਉਤਾਰਿਆ ਗਿਆ ਜਿਹਨਾਂ ਨੂੰ 50117 ਵੋਟਾਂ ਹਾਸਲ ਹੋਈਆਂ। ਸ਼੍ਰੋਮਣੀ ਅਕਾਲੀ ਦਲ ਦੇ ਜਗਦੀਪ ਸਿੰਘ ਨਕੱਈ 44232 ਵੋਟਾਂ ਨਾਲ ਤੀਸਰੇ ਨੰਬਰ ’ਤੇ ਰਹੇ।
2012
2012 ਦੀਆਂ ਵਿਧਾਨ ਸਭਾ ਚੋਣਾਂ ’ਚ ਮਾਨਸਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਪ੍ਰੇਮ ਮਿੱਤਲ ਚੋਣ ਮੈਦਾਨ ’ਚ ਉਤਰੇ ਜਿਨ੍ਹਾਂ ਨੂੰ 55714 ਵੋਟਾਂ ਨਾਲ ਪ੍ਰਾਪਤ ਹੋਈਆਂ ਅਤੇ ਉਹ ਜੇਤੂ ਰਹੇ। ਉਨ੍ਹਾਂ ਖ਼ਿਲਾਫ਼ ਕਾਂਗਰਸ ਵਲੋਂ ਮਹਿਲਾ ਉਮੀਦਵਾਰ ਗੁਰਪ੍ਰੀਤ ਕੌਰ ਨੂੰ ਟਿਕਟ ਦਿੱਤੀ ਗਈ ਸੀ ਜਿਨ੍ਹਾਂ ਨੂੰ 54409 ਪਈਆਂ ਪਰ ਉਹ ਹਾਰ ਗਏ। ਪ੍ਰੇਮ ਮਿੱਤਲ ਨੇ 1305 ਵੋਟਾਂ ਦੇ ਫ਼ਰਕ ਨਾਲ ਕਾਂਗਰਸ ਨੂੰ ਮਾਤ ਦਿੱਤੀ ਸੀ।
2007
2007 ’ਚ ਸ਼ੇਰ ਸਿੰਘ ਨੂੰ ਕਾਂਗਰਸ ਵਲੋਂ ਮਾਨਸਾ ਹਲਕੇ ਤੋਂ ਟਿਕਟ ਦਿੱਤੀ ਗਈ। ਉਨ੍ਹਾਂ ਪਿਛਲੀਆਂ ਚੋਣਾਂ ’ਚ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਜਿੱਤ ਹਾਸਲ ਕੀਤੀ ਸੀ। ਸ਼ੇਰ ਸਿੰਘ ਨੇ 53515 ਵੋਟਾਂ ਨਾਲ ਦੂਸਰੀ ਵਾਰ ਮਾਨਸਾ ਹਲਕੇ ਤੋਂ ਜਿੱਤ ਹਾਸਲ ਕੀਤੀ। ਉਨ੍ਹਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਸਿੰਘ ਨੂੰ 50767 ਵੋਟਾਂ ਪਈਆਂ ਅਤੇ ਉਹਨਾਂ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ੇਰ ਸਿੰਘ ਨੇ 2748 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ।
2002
2002 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਜ਼ਾਦ ਉਮੀਦਵਾਰ ਸ਼ੇਰ ਸਿੰਘ ਨੇ 27826 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਸਿੰਘ ਨੂੰ 27782 ਵੋਟਾਂ ਨਾਲ ਹਾਰ ਮਿਲੀ ਸੀ। ਆਜ਼ਾਦ ਉਮੀਦਵਾਰ ਸ਼ੇਰ ਸਿੰਘ ਨੇ 44 (0.05%) ਵੋਟਾਂ ਦੇ ਥੋੜ੍ਹੇ ਜਿਹੇ ਫ਼ਰਕ ਨਾਲ ਹੀ ਮਾਨਸਾ ਦੀ ਸੀਟ ’ਤੇ ਜਿੱਤ ਦਾ ਝੰਡਾ ਲਹਿਰਾ ਦਿੱਤਾ ਸੀ।
1997
ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਮਾਨਸਾ ਤੋਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਨੂੰ 36013 ਵੋਟਾਂ ਹਾਸਲ ਹੋਈਆਂ ਅਤੇ ਉਹ ਜੇਤੂ ਰਹੇ। ਉਨ੍ਹਾਂ ਖ਼ਿਲਾਫ਼ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਬੂਟਾ ਸਿੰਘ ਨੂੰ 34227 ਵੋਟਾਂ ਹਾਸਲ ਹੋਈਆਂ। ਸੁਖਵਿੰਦਰ ਸਿੰਘ 1786 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਸਨ।
2022 ਦੀਆਂ ਚੋਣਾਂ ਇਸ ਵਾਰ ਕਾਂਗਰਸ ਵਲੋਂ ਮਾਨਸਾ ਹਲਕੇ ਤੋਂ ਸਿੱਧੂ ਮੂਸੇਵਾਲਾ, ‘ਆਪ’ ਵਲੋਂ ਵਿਜੇ ਸਿੰਗਲਾ, ਅਕਾਲੀ ਦਲ ਵਲੋਂ ਮੁੜ ਤੋਂ ਪ੍ਰੇਮ ਸਿੰਘ ਨੂੰ ਟਿਕਟ ਦਿੱਤੀ ਗਈ। ਸੰਯੁਕਤ ਸਮਾਜ ਮੋਰਚਾ ਵਲੋਂ ਗੁਰਨਾਮ ਸਿੰਘ ਭੀਖੀ ਅਤੇ ਭਾਜਪਾ ਵਲੋਂ ਜੀਵਨ ਦਾਸ ਚੋਣ ਮੈਦਾਨ ’ਚ ਇਕ ਦੂਜੇ ਨੂੰ ਤਿੱਖੀ ਟੱਕਰ ਦਿੰਦੇ ਦਿਖਾਈ ਦੇਣਗੇ।
ਇਸ ਹਲਕੇ ’ਚ ਵੋਟਰਾਂ ਦੀ ਕੁੱਲ ਗਿਣਤੀ 218339 ਹੈ, ਜਿਨ੍ਹਾਂ ’ਚ 102802 ਪੁਰਸ਼, 115534 ਔਰਤਾਂ ਅਤੇ 3 ਥਰਡ ਜੈਂਡਰ ਹਨ।