ਬਜ਼ੁਰਗ ਦਿਵਸ 'ਤੇ ਪਟਿਆਲਾ ਪੁਲਸ ਦੀ ਨਿਵੇਕਲੀ ਪਹਿਲ (ਵੀਡੀਓ)
Wednesday, Oct 02, 2019 - 10:54 AM (IST)
ਪਟਿਆਲਾ (ਬਲਜਿੰਦਰ)—ਪਟਿਆਲਾ ਪੁਲਸ ਨੇ 'ਬਜ਼ੁਰਗ ਦਿਵਸ' ਮੌਕੇ ਇਕ ਨਿਵੇਕਲੀ ਪਹਿਲ ਕਰਦਿਆਂ ਐਲਡਰਜ਼ ਕੁਨੈਕਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ। ਇਸ ਰਾਹੀਂ ਹੁਣ ਪਟਿਆਲਾ ਪੁਲਸ ਵੱਲੋਂ ਬਿਰਧ ਆਸ਼ਰਮਾਂ ਅਤੇ ਜ਼ਿਲੇ 'ਚ ਇਕੱਲੇ ਰਹਿੰਦੇ ਬਜ਼ੁਰਗਾਂ ਨੂੰ ਵਿਸ਼ੇਸ਼ ਸਹੂਲਤ ਦੇਣ ਦੇ ਮਕਸਦ ਨਾਲ ਇਕ ਵੱਖਰਾ ਕੰਟਰੋਲ ਰੂਮ ਦਾ ਮੋਬਾਇਲ ਨੰਬਰ ਅਤੇ ਈ-ਮੇਲ ਜਾਰੀ ਕੀਤਾ ਗਿਆ ਹੈ। ਇਸ ਨਾਲ ਹੁਣ ਬਜ਼ੁਰਗਾਂ ਨਾਲ ਸਬੰਧਤ ਮਾਮਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਤਰਜੀਹ ਦਿੱਤੀ ਜਾ ਸਕੇਗੀ। ਇਸ ਸਬੰਧੀ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਸ ਵੱਲੋਂ ਪਟਿਆਲਾ ਜ਼ਿਲੇ 'ਚ ਰਹਿੰਦੇ ਬਜ਼ੁਰਗਾਂ ਨੂੰ 'ਬਜ਼ੁਰਗ ਦਿਵਸ' ਮੌਕੇ ਵਿਸ਼ੇਸ਼ ਸਹੂਲਤ ਮੁਹੱਈਆ ਕਰਨ ਲਈ ਐਲਡਰਜ਼ ਕੁਨੈਕਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਸਭ ਤੋਂ ਮਹੱਤਵਪੂਰਨ ਹਿੱਸੇ ਦਾ ਖਿਆਲ ਰੱਖਣਾ ਸਾਡਾ ਸਭ ਦਾ ਫਰਜ਼ ਹੈ। ਇਸ ਲਈ ਪਟਿਆਲਾ ਪੁਲਸ ਵੱਲੋਂ ਬਜ਼ੁਰਗਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਿਸ਼ੇਸ਼ ਉਪਰਾਲੇ ਸ਼ੁਰੂ ਕੀਤੇ ਜਾ ਰਹੇ ਹਨ।
ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਸ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਜ਼ਿਲੇ ਦੇ ਸਾਰੇ ਐੱਸ. ਪੀ. ਮਹੀਨੇ 'ਚ ਇਕ ਵਾਰ ਬਿਰਧ ਆਸ਼ਰਮਾਂ ਵਿਚ ਜਾ ਕੇ ਬਜ਼ੁਰਗਾਂ ਦੀਆਂ ਮੁਸ਼ਕਲਾਂ ਸੁਣਨਗੇ। ਘਰਾਂ ਵਿਚ ਰਹਿੰਦੇ ਬਜ਼ੁਰਗਾਂ ਲਈ ਪਟਿਆਲਾ ਪੁਲਸ ਵੱਲੋਂ ਕੰਟਰੋਲ ਰੂਮ ਦਾ ਇਕ ਵੱਖਰਾ ਨੰਬਰ 95929-12500 ਅਤੇ ਈ-ਮੇਲ elders.connect.patiala0gmail.com ਜਾਰੀ ਕੀਤਾ ਗਿਆ ਹੈ, ਜਿਸ 'ਤੇ ਬਜ਼ੁਰਗ ਆਪਣੀਆਂ ਮੁਸ਼ਕਲਾਂ ਦੱਸ ਸਕਣਗੇ। ਇਸ ਦੇ ਨੋਡਲ ਅਫ਼ਸਰ ਡੀ. ਐੱਸ. ਪੀ. ਹੈੱਡਕੁਆਰਟਰ ਪੁਨੀਤ ਸਿੰਘ ਚਾਹਲ ਆਈਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣਗੇ। ਇੰਚਾਰਜ ਸੀ. ਪੀ. ਆਰ. ਸੀ. ਸੁਖਵਿੰਦਰ ਕੌਰ ਸਹਾਇਕ ਨੋਡਲ ਅਫ਼ਸਰ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਟਿਆਲਾ ਜ਼ਿਲੇ ਦੇ ਹਰੇਕ ਥਾਣੇ ਵਿਚ ਇਕ ਨੋਡਲ ਅਫ਼ਸਰ ਨਿਯੁਕਤ ਕੀਤਾ ਜਾ ਰਿਹਾ ਹੈ, ਜੋ ਬਜ਼ੁਰਗਾਂ ਦੀ ਕਿਸੇ ਵੀ ਮੁਸ਼ਕਲ ਦੇ ਹੱਲ ਲਈ ਕੰਮ ਕਰੇਗਾ।
ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਪ੍ਰਾਜੈਕਟ ਸਬੰਧੀ ਐੱਸ. ਪੀ. ਹੈੱਡਕੁਆਰਟਰ ਨਵਨੀਤ ਸਿੰਘ ਬੈਂਸ ਵੱਲੋਂ ਦਿੱਤੇ ਸੁਝਾਅ 'ਤੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਬਿਰਧ ਆਸ਼ਰਮਾਂ ਵਿਚ ਜਾ ਕੇ ਬਜ਼ੁਰਗਾਂ ਨਾਲ ਸਾਂਝ ਪਾਈ ਗਈ। ਹੁਣ ਪਟਿਆਲਾ ਪੁਲਸ ਵੱਲੋਂ ਇਸ ਨੂੰ ਇਕ ਪ੍ਰਾਜੈਕਟ ਵਜੋਂ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ 'ਬਜ਼ੁਰਗ ਦਿਵਸ' ਮੌਕੇ ਹਰੇਕ ਬਿਰਧ ਆਸ਼ਰਮ ਵਿਚ ਪਟਿਆਲਾ ਪੁਲਸ ਦੀ ਟੀਮ ਜਾਏਗੀ। ਇਸ ਵਿਚ 2 ਮਹਿਲਾ ਅਤੇ 2 ਪੁਰਸ਼ ਪੁਲਸ ਅਫ਼ਸਰ ਹੋਣਗੇ, ਜੋ ਬਜ਼ੁਰਗਾਂ ਦੀਆਂ ਮੁਸ਼ਕਲਾਂ ਸੁਣ ਕੇ ਹੱਲ ਕਰਵਾਉਣ ਲਈ ਯਤਨ ਕਰਨਗੇ।
ਐੱਸ. ਐੱਸ. ਪੀ. ਨੇ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਦੇ ਮਕਸਦ ਬਾਰੇ ਦਸਦਿਆਂ ਕਿਹਾ ਕਿ ਇਸ ਦਾ ਮੁੱਖ ਮਕਸਦ ਸਮਾਜ ਦੇ ਸਭ ਤੋਂ ਮਹੱਤਵਪੂਰਨ ਹਿੱਸੇ ਦੀਆਂ ਮੁਸ਼ਕਲਾਂ ਨੂੰ ਹੱਲ ਕਰ ਕੇ ਉਨ੍ਹਾਂ ਨੂੰ ਜ਼ਿੰਦਗੀ ਦੇ ਇਸ ਪੜਾਅ 'ਤੇ ਦਿੱਕਤਾਂ ਨਾ ਆਉਣ ਦੇਣਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚ ਇਕੱਲੇ ਪੁਲਸ ਨਾਲ ਸਬੰਧਤ ਮਾਮਲੇ ਹੀ ਨਹੀ ਵਿਚਾਰੇ ਜਾਣਗੇ ਸਗੋਂ ਜੇ ਕੋਈ ਬਜ਼ੁਰਗ ਘਰ ਵਿਚ ਇਕੱਲਾ ਹੈ ਅਤੇ ਜੇਕਰ ਉਸ ਨੂੰ ਕਿਸੇ ਕਿਸਮ ਦੀ ਸਹਾਇਤਾ ਦੀ ਜ਼ਰੂਰਤ ਹੈ ਤਾਂ ਉਹ ਸਹਾਇਤਾ ਵੀ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਐੱਸ. ਪੀ. ਹੈੱਡਕੁਆਰਟਰ ਨਵਨੀਤ ਸਿੰਘ ਬੈਂਸ, ਡੀ. ਐੱਸ. ਪੀ. ਹਰਵੰਤ ਕੌਰ, ਡੀ. ਐੱਸ. ਪੀ. ਹੈੱਡਕੁਆਰਟਰ ਪੁਨੀਤ ਸਿੰਘ ਚਾਹਲ, ਇੰਚਾਰਜ ਸਾਂਝ ਕੇਂਦਰ ਸੁਖਵਿੰਦਰ ਕੌਰ, ਐੱਸ. ਐੱਚ. ਓ. ਥਾਣਾ ਵੂਮੈਨ ਮਨਪ੍ਰੀਤ ਕੌਰ ਸਮੇਤ ਪ੍ਰੋਬੇਸ਼ਨਲ ਐੱਸ. ਐੱਚ. ਓ. ਹਾਜ਼ਰ ਸਨ।