ਇਨਸਾਨੀਅਤ ਸ਼ਰਮਸਾਰ : ਇਕਲੌਤਾ ਪੁੱਤ ਬਜ਼ੁਰਗ ਮਾਂ ਨੂੰ ਹਸਪਤਾਲ ਛੱਡ ਨਹੀਂ ਆਇਆ ਵਾਪਸ, 5 ਮਹੀਨਿਆਂ ਤੋਂ ਕਰ ਰਹੀ ਉਡੀਕ
Wednesday, Sep 29, 2021 - 08:31 PM (IST)
ਪਠਾਨਕੋਟ (ਧਰਮਿੰਦਰ ਠਾਕੁਰ)-ਮਾਂ-ਪਿਓ ਆਪਣੇ ਬੱਚਿਆਂ ਨੂੰ ਇਸ ਲਈ ਪਾਲ਼ਦੇ ਹਨ ਕਿ ਉਹ ਉਨ੍ਹਾਂ ਦੀ ਬੁਢਾਪੇ ਦੀ ਲਾਠੀ ਬਣਨਗੇ ਪਰ ਅੱਜ ਕਲਯੁੱਗ ਦੇ ਦੌਰ ’ਚ ਕੁਝ ਅਜਿਹੇ ਪੁੱਤ ਵੀ ਹਨ, ਜੋ ਆਪਣੇ ਮਾਂ-ਪਿਓ ਨੂੰ ਇਕੱਲਿਆਂ ਛੱਡ ਦਿੰਦੇ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਪਠਾਨਕੋਟ ਦੇ ਸਰਕਾਰੀ ਹਸਪਤਾਲ ’ਚ, ਜਿਥੇ 62 ਸਾਲਾਂ ਦੀ ਬਜ਼ੁਰਗ ਔਰਤ ਗਿਆਨੋ ਦੇਵੀ, ਜੋ ਪਿਛਲੇ ਪੰਜ ਮਹੀਨਿਆਂ ਤੋਂ ਹਸਪਤਾਲ ਦੇ ਇਕ ਬੈੱਡ ਉੱਪਰ ਪਈ ਹੋਈ ਹੈ ਅਤੇ ਆਪਣੇ ਪੁੱਤ ਦੀ ਉਡੀਕ ਕਰ ਰਹੀ ਹੈ, ਜਿਸ ਨੂੰ ਤਕਰੀਬਨ 5 ਮਹੀਨੇ ਪਹਿਲਾਂ ਉਸ ਦਾ ਇਕਲੌਤਾ ਪੁੱਤ ਇਲਾਜ ਦੇ ਬਹਾਨੇ ਹਸਪਤਾਲ ’ਚ ਛੱਡ ਗਿਆ ਸੀ ਤੇ ਫਿਰ ਮੁੜ ਕੇ ਨਹੀਂ ਪਰਤਿਆ। ਅੱਜ ਵੀ ਇਹ ਬਜ਼ੁਰਗ ਮਾਂ ਆਪਣੇ ਇਕਲੌਤੇ ਪੁੱਤ ਦੀ ਉਡੀਕ ਕਰ ਰਹੀ ਹੈ ਅਤੇ ਆਪਣੇ ਆਲੇ-ਦੁਆਲੇ ਜਿਹੜੇ ਮਰੀਜ਼ ਪਏ ਹਨ, ਉਨ੍ਹਾਂ ਕੋਲੋਂ ਉਸ ਬਾਰੇ ਪੁੱਛਦੀ ਰਹਿੰਦੀ ਹੈ, ਜੋ ਉਸ ਨੂੰ ਛੱਡ ਕੇ ਆਪਣੇ ਸਹੁਰੇ ਪਰਿਵਾਰ ਜਾ ਕੇ ਰਹਿਣ ਲੱਗ ਪਿਆ ਹੈ।
ਇਹ ਵੀ ਪੜ੍ਹੋ : CM ਚੰਨੀ ਤੋਂ ਦੂਰੀ ਬਣਾ ਕੇ ਸਿੱਧੂ ਨੇ ਇਕ ਹਫ਼ਤਾ ਪਹਿਲਾਂ ਹੀ ਦੇ ਦਿੱਤੇ ਸਨ ਨਾਰਾਜ਼ਗੀ ਦੇ ਸੰਕੇਤ
ਇਸ ਬਾਰੇ ਜਦੋਂ ਬਜ਼ੁਰਗ ਔਰਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਸ ਦਾ ਪੁੱਤ ਉਸ ਨੂੰ ਇਲਾਜ ਦੇ ਬਹਾਨੇ ਇੱਥੇ ਛੱਡ ਗਿਆ ਅਤੇ ਉਹ ਪਿਛਲੇ ਪੰਜ ਮਹੀਨਿਆਂ ਤੋਂ ਇਥੇ ਹੀ ਹੈ। ਉਸ ਦਾ ਪੁੱਤ ਆਪਣੇ ਸਹੁਰੇ ਪਰਿਵਾਰ ਜਾ ਕੇ ਰਹਿਣ ਲੱਗ ਪਿਆ ਹੈ ਅਤੇ ਉਹ ਹੁਣ ਹਸਪਤਾਲ ’ਚ ਹੀ ਆਪਣਾ ਗੁਜ਼ਾਰਾ ਇਕ ਬੈੱਡ ਉੱਪਰ ਕਰ ਰਹੀ ਹੈ।
ਇਹ ਵੀ ਪੜ੍ਹੋ : ਇਟਲੀ ਤੋਂ ਆਈ ਦੁੱਖ ਭਰੀ ਖ਼ਬਰ, ਦਰਦਨਾਕ ਹਾਦਸੇ ’ਚ ਇਕ ਪੰਜਾਬੀ ਸਣੇ ਦੋ ਲੋਕਾਂ ਦੀ ਮੌਤ
ਦੂਜੇ ਪਾਸੇ ਇਸ ਬਜ਼ੁਰਗ ਔਰਤ ਨਾਲ ਬੈੱਡ ’ਤੇ ਪਏ ਮਰੀਜ਼ ਨੇ ਦੱਸਿਆ ਕਿ ਉਹ ਪਿਛਲੇ ਪੰਜ-ਛੇ ਦਿਨਾਂ ਤੋਂ ਇਥੇ ਇਲਾਜ ਕਰਵਾਉਣ ਲਈ ਆਇਆ ਹੈ ਅਤੇ ਇਹ ਬਜ਼ੁਰਗ ਔਰਤ ਪਿਛਲੇ ਕਾਫ਼ੀ ਮਹੀਨਿਆਂ ਤੋਂ ਇਸੇ ਹਸਪਤਾਲ ’ਚ ਇਲਾਜ ਲਈ ਦਾਖਲ ਹੈ, ਜਿਸ ਨੂੰ ਦੇਖਣ ਵਾਸਤੇ ਕੋਈ ਵੀ ਨਹੀਂ ਆਉਂਦਾ। ਇਸ ਬਾਰੇ ਗੱਲ ਕਰਦਿਆਂ ਡਾਕਟਰ ਸੁਨੀਲ ਨੇ ਕਿਹਾ ਕਿ ਇਹ ਔਰਤ ਤਕਰੀਬਨ 5 ਮਹੀਨਿਆਂ ਤੋਂ ਹਸਪਤਾਲ ’ਚ ਹੈ। ਅਸੀਂ ਉਸ ਦੇ ਪੁੱਤਰ ਨੂੰ ਅਪੀਲ ਕਰਦੇ ਹਾਂ ਕਿ ਉਹ ਇਨ੍ਹਾਂ ਨੂੰ ਵਾਪਸ ਲੈ ਜਾਵੇ।