ਬਹੁ-ਕਰੋੜੀ ਸਹਾਇਕ ਪ੍ਰੋਫੈਸਰ ਘੁਟਾਲੇ ''ਚ ਸਿੱਖਿਆ ਮੰਤਰੀ ਪਰਗਟ ਸਿੰਘ ਦੇਣ ਅਸਤੀਫਾ : ਸੁਖਬੀਰ ਬਾਦਲ

12/04/2021 9:47:58 PM

ਖੰਨਾ/ਅਮਲੋਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਸਿੱਖਿਆ ਮੰਤਰੀ ਪਰਗਟ ਸਿੰਘ ਬਹੁ-ਕਰੋੜੀ ਸਹਾਇਕ ਪ੍ਰੋਫੈਸਰ ਘੁਟਾਲੇ 'ਚ ਅਸਤੀਫਾ ਦੇਣ 'ਤੇ ਉਨ੍ਹਾਂ ਕਿਹਾ ਕਿ ਇਸ ਘੁਟਾਲੇ ਵਿਚ ਸਾਰੇ ਨਿਯਮ ਕਾਨੂੰਨ ਛਿੱਕੇ ਟੰਗੇ ਗਏ 'ਤੇ ਆਪਣੇ ਚਹੇਤਿਆਂ ਲਈ ਪੇਪਰ ਲੀਕ ਕੀਤੇ ਗਏ ਅਤੇ ਕਰੋੜਾਂ ਰੁਪਏ ਦਾ ਲੈਣ ਦੇਣ ਹੋਇਆ ਹੈ। 

ਖੰਨਾ ਅਤੇ ਅਮਲੋਹ ਦੋਵਾਂ ਥਾਵਾਂ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਖਿਆ ਕਿ ਉਹ ਦੱਸਣ ਕਿ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਵਾਸਤੇ ਸਾਰੀ ਪ੍ਰੀਖਿਆ ਸਿਰਫ ਖੋਜ ਸਕਾਲਰਾਂ ਅਤੇ ਸਰਕਾਰੀ ਕਾਲਜਾਂ ਦੇ ਅਧਿਆਪਕਾਂ ਨੂੰ ਪੰਜ ਅੰਕ ਵੱਧ ਦੇ ਕੇ ਉਨ੍ਹਾਂ ਤੱਕ ਸੀਮਤ ਕਿਉਂ ਕੀਤੀ ਗਈ ਅਤੇ ਕਿਉਂਕਿ ਪੇਪਰ ਸੈਟ ਕਰਨ ਦੀ ਜ਼ਿੰਮੇਵਾਰੀ ਖੋਜ ਪ੍ਰੀਖਿਆਰਥੀਆਂ ਦੇ ਗਾਈਡਜ਼ ਨੂੰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਹ ਵੀ ਦੱਸਣ ਕਿ ਭਰਤੀ ਪ੍ਰਕਿਰਿਆ ਵਿਚ ਯੂ. ਜੀ. ਸੀ. ਦੀਆਂ ਹਦਾਇਤਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ ਅਤੇ ਕਲਾਸ ਵਨ ਅਫਸਰਾਂ ਵਾਲੀ ਪੋਸਟ 'ਤੇ ਭਰਤੀ ਦੀ ਜ਼ਿੰਮੇਵਾਰੀ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਨਹੀਂ ਦਿੱਤੀ ਗਈ। 

ਇਹ ਵੀ ਪੜ੍ਹੋ: ਗੜ੍ਹਦੀਵਾਲਾ 'ਚ ਸਹੁਰਿਆਂ ਦੇ ਤਾਹਨੇ-ਮਿਹਣਿਆਂ ਤੋਂ ਪਰੇਸ਼ਾਨ ਵਿਆਹੁਤਾ ਨੇ ਖ਼ੁਦ ਨੂੰ ਅੱਗ ਲਗਾ ਕੇ ਕੀਤੀ ਖ਼ੁਦਕੁਸ਼ੀ

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਪੰਜਾਬੀ ਯੂਨੀਵਰਸਿਟੀ 'ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 2 ਤੋਂ 22 ਨਵੰਬਰ ਨੁੰ ਲਈ ਗਈ ਵੱਖ ਵੱਖ ਵਿਸ਼ਿਆਂ ਦੀ ਪ੍ਰੀਖਿਆ ਵਿਚ ਉਮੀਦਵਾਰਾਂ ਦੇ ਇਤਰਾਜ਼ ਸਾਹਮਣੇ ਆਉਣ ਤੋਂ ਬਾਅਦ ਇਹਨਾਂ 'ਤੇ ਕਾਰਵਾਈ ਕਰਨ ਦੀ ਥਾਂ  ਮਾਮਲਾ ਰਫਾ ਦਫਾ ਕਰਨ ਦੇ ਯਤਨਾਂ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਪਰਗਟ ਸਿੰਘ ਨੇ ਪਾਰਦਰਸ਼ਤਾ ਦੀ ਸਹੁੰ ਚੁੱਕੀ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਭਰਤੀ ਪ੍ਰਕਿਰਿਆ 'ਤੇ ਰੋਕ ਲਾਉਣ ਤੋਂ ਬਾਅਦ ਵੀ ਪ੍ਰਤੀਕਰਮ ਪ੍ਰਗਟ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬੀ ਅਤੇ ਗਣਿਤ ਦੇ ਪੇਪਰਾਂ ਸਮੇਤ ਵੱਖ ਵੱਖ ਪੇਪਰ ਲੀਕ ਹੋਣ ਦੇ ਪੁਖ਼ਤਾ ਸਬੂਤ ਹੋਣ ਤੋਂ ਬਾਅਦ ਵੀ ਉਚੇਰੀ ਸਿੱਖਿਆ ਮੰਤਰੀ ਨੇ ਸਾਰੀ ਪ੍ਰਕਿਰਿਆ ਰੱਦ ਨਹੀਂ ਕੀਤੀ 'ਤੇ ਯੂ. ਜੀ. ਸੀ. ਦੀਆਂ ਹਦਾਇਤਾਂ ਮੁਤਾਬਕ ਨਵੇਂ ਸਿਰੇ ਤੋਂ ਪ੍ਰੀਖਿਆ ਲਏ ਜਾਣ ਦੇ ਹੁਕਮ ਨਹੀਂ ਦਿੱਤੇ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹਾਈ ਕੋਰਟ ਨੇ ਬੇਨਿਯਮੀਆਂ ਦਾ ਨੋਟਿਸ ਲਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਾਰੀ ਪ੍ਰਕਿਰਿਆ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਖੋਜ ਸਕਾਲਰਾਂ ਅਤੇ ਸਰਕਾਰੀ ਕਾਲਜ ਅਧਿਆਪਕਾਂ ਜਿਹਨਾਂ ਨੇ ਪ੍ਰੀਖਿਆ ਕਲੀਅਰ ਕੀਤੀ ਅਤੇ ਉਨ੍ਹਾਂ ਦੇ ਗਾਈਡਜ਼ ਅਤੇ ਸੀਨੀਅਰ ਅਧਿਆਪਕਾਂ ਜਿਹਨਾਂ ਨੇ ਪ੍ਰੀਖਿਆ ਪੇਪਰ ਸੈਟ ਕੀਤੇ, ਇਨ੍ਹਾਂ ਦਰਮਿਆਲ ਕੜੀਆਂ ਦੀ ਜਾਂਚ ਕੀਤੀ ਜਾਵੇ। 

ਸਰਦਾਰ ਬਾਦਲ ਨੇ ਕਿਹਾ ਕਿ ਪੀੜ੍ਹਤ ਵਿਦਿਆਰਥੀ ਉਨ੍ਹਾਂ ਨੂੰ ਵੀ ਮਿਲੇ ਸਨ ਅਤੇ  ਉਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਸਿਸਟਮ 'ਤੇ ਵਿਸ਼ਵਾਸ ਗੁਆ ਲਿਆ ਹੈ ਕਿਉਂਕਿ ਚੰਨੀ ਸਰਕਾਰ ਨੇ ਪ੍ਰੀਖਿਆ ਵਿਚ ਬੈਠੇ ਸਰਕਾਰੀ ਅਧਿਆਪਕਾਂ ਨੂੰ ਪੰਜ ਅੰਕ ਵਾਧੂ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੇ ਦੱਸਿਆ ਕਿ ਇਸੇ ਤਰੀਕੇ ਪ੍ਰਾਈਵੇਟ ਪੜ੍ਹਦੇ ਅਤੇ ਏਡਡ ਕਾਲਜਾਂ ਵਿਚ ਪੜ੍ਹਦੇ ਅਧਿਆਪਕਾਂ ਨੂੰ ਕੋਈ ਵਾਧੂ ਅੰਕ ਨਹੀਂ ਦਿੱਤੇ ਗਏ ਜੋ ਵਿਤਕਰੇ ਵਾਲਾ ਕਦਮ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵੀ ਮਾਮਲੇ ਹਨ ਜਿਹਨਾਂ ਵਿਚ ਪ੍ਰੀਖਿਆ ਵਿਚ ਜਨਰਲ ਕੈਟਾਗਿਰੀ ਦੇ ਵਿਦਿਆਰਥੀਆਂ ਨੇ ਟਾਪ ਕੀਤਾ ਹੈ ਪਰ ਉਨ੍ਹਾਂ ਦੀ ਚੋਣ ਨਿਯੁਕਤੀ ਵਾਸਤੇ ਨਹੀਂ ਹੋਈ ਕਿਉਂਕਿ ਸਰਕਾਰੀ ਅਧਿਆਪਕਾਂ ਨੂੰ ਵੱਧ ਅੰਕ ਮਿਲੇ ਹਨ। 

ਇਹ ਵੀ ਪੜ੍ਹੋ: ਅਕਾਲੀ ਦਲ ਵੱਲੋਂ ਪਟਿਆਲਾ 'ਚ ਪ੍ਰਦਰਸ਼ਨਕਾਰੀ ਨਰਸਾਂ ਤੇ ਸਹਾਇਕ ਸਟਾਫ ’ਤੇ ਬੇਰਹਿਮੀ ਨਾਲ ਲਾਠੀਚਾਰਜ ਕਰਨ ਦੀ ਨਿਖੇਧੀ

ਇਸ ਤੋਂ ਪਹਿਲਾਂ ਖੰਨਾ ਵਿਚ ਪਾਰਟੀ ਦੇ ਉਮੀਦਵਾਰ ਜਸਦੀਪ ਸਿੰਘ ਯਾਦੂ ਅਤੇ ਅਮਲੋਹ ਵਿਚ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਹੱਕ ਵਿਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਆਪ ਚਮਕੌਰ ਸਾਹਿਬ ਹਲਕੇ ਵਿਚ ਰੇਤ ਮਾਫੀਆ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਵਿਚ ਮੁੱਖ ਮੰਤਰੀ ਦੇ ਨਾਂ 'ਤੇ ਗੈਰ ਕਾਨੂੰਨੀ ਨਾਕੇ ਲੱਗੇ ਹਨ ਅਤੇ ਟਰੱਕਾਂ ਵਾਲਿਆਂ ਤੋਂ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ।

ਖੰਨਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਗਲੀ ਅਕਾਲੀ ਦਲ ਅਤੇ ਬਸਪਾ ਸਰਕਾਰ ਬਣਨ 'ਤੇ ਖੰਨਾ ਨੁੰ ਜ਼ਿਲ੍ਹਾ ਬਣਾਇਆ ਜਾਵੇਗਾ। ਉਨ੍ਹਾਂ ਨੇ ਭਰੋਸਾ ਦੁਆਇਆ ਕਿ ਸ਼ਹਿਰ ਵਿਚ ਫੜੀ ਗਈ ਨਜਾਇਜ਼ ਸ਼ਰਾਬ ਫੈਕਟਰੀ ਦੇ ਮਾਮਲੇ ਦੀ ਪੜ੍ਹਤਾਲ ਕਰਵਾਈ ਜਾਵੇਗੀ ਅਤੇ ਜੋ ਵੀ ਇਸਨੁੰ ਚਲਾ ਰਹੇ ਸਨ ਅਤੇ ਜਿਹਨਾਂ ਨੇ ਵੀ ਇਸ ਵਾਸਤੇ ਸਰਪ੍ਰਸਤੀ ਦਿੱਤੀ ਭਾਵੇਂ ਉਹ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਹੀ ਕਿਉਂ ਨਾ ਹੋਣ ਸਭ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। 

ਇਸ ਤੋਂ ਪਹਿਲਾ ਅਕਾਲੀ ਦਲ ਪ੍ਰਧਾਨ ਲੇ ਖੰਨਾ ਵਿਚ ਪਾਰਟੀ ਉਮੀਦਵਾਰ ਜਸਦੀਪ ਕੌਰ ਯਾਦੂ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਮਾਰਕੀਟ ਵਿਚ ਵੱਡਾ ਰੋਡ ਸ਼ੋਅ ਕੱਢਿਆ। ਉਨ੍ਹਾਂ ਨੇ ਮੰਡੀਆਂ ਦਾ ਦੌਰਾ ਵੀ ਕੀਤਾ ਅਤੇ ਸੜਕਾਂ ਦਾ ਨਿਰੀਖਣ ਕੀਤਾ। ਸ਼ਹਿਰ ਦੇ ਵਸਨੀਕਾਂ ਦੀ ਮੰਗ 'ਤੇ ਉਨ੍ਹਾਂ ਭਰੋਸਾ ਦੁਆਇਆ ਕਿ ਅਜਿਹੇ ਮਾੜੇ ਕੰਮ ਦੀ ਵੀ ਜਾਂਚ ਕਰਵਾਈ ਜਾਵੇਗੀ। 

ਬਾਅਦ ਵਿਚ ਅਮਲੋਹ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਲਈ ਪ੍ਰਚਾਰ ਕਰਦਿਆਂ ਉਨ੍ਹਾਂ ਨੇ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ 'ਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਦਾ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਨਿੱਘਾ ਸਵਾਗਤ ਵੀ ਕੀਤਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Bharat Thapa

Content Editor

Related News