ਸਿੱਖਿਆ ਵਿਭਾਗ ਦੇ ਬਾਬੂਆਂ ਨੂੰ ਛੱਡਣੀਆਂ ਪੈਣਗੀਆਂ ਮਨਪਸੰਦ ਸੀਟਾਂ
Friday, Oct 06, 2017 - 09:00 AM (IST)

ਲੁਧਿਆਣਾ (ਵਿੱਕੀ)-ਪਿਛਲੇ ਲੰਬੇ ਸਮੇਂ ਤੋਂ ਇਕ ਹੀ ਸੀਟ 'ਤੇ ਬੈਠੇ ਸਿੱਖਿਆ ਵਿਭਾਗ ਦੇ ਬਾਬੂਆਂ ਨੂੰ ਹੁਣ ਆਪਣੀ ਮਨਪਸੰਦ ਸੀਟ ਨੂੰ ਛੱਡਣਾ ਪਵੇਗਾ, ਕਿਉਂਕਿ ਸਿੱਖਿਆ ਵਿਭਾਗ ਨੇ ਰਾਜ ਦੇ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ ਤੋਂ ਅਜਿਹੇ ਬਾਬੂਆਂ ਦੀ ਲਿਸਟ ਮੰਗ ਲਈ ਹੈ ਜੋ ਪਿਛਲੇ ਕਈ ਸਾਲਾਂ ਤੋਂ ਦਫਤਰਾਂ, ਸਕੂਲਾਂ, ਕਾਲਜਾਂ ਵਿਚ ਇਕ ਹੀ ਸੀਟ 'ਤੇ ਆਪਣਾ ਕਬਜ਼ਾ ਜਮਾਈ ਬੈਠੇ ਹਨ। ਡੀ. ਪੀ. ਆਈ. ਸੈਕੰਡਰੀ ਵੱਲੋਂ ਰਾਜ ਦੇ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਭੇਜੇ ਪੱਤਰ ਵਿਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਖੇਤਰੀ ਦਫਤਰਾਂ 'ਚ ਕੰਮ ਕਰਦੇ ਕਲੈਰੀਕਲ ਸਟਾਫ ਦੀ ਇਕ ਹੀ ਸੀਟ 'ਤੇ ਜ਼ਿਆਦਾ ਠਹਿਰਾਓ ਕਾਰਨ ਉਨ੍ਹਾਂ ਦੀਆਂ ਸੀਟਾਂ ਨਿਯਮਾਂ ਦੇ ਮੁਤਾਬਕ ਬਦਲੀਆਂ ਜਾਣੀਆਂ ਜ਼ਰੂਰੀ ਹਨ।
ਪਸੰਦ ਦੀ ਸੀਟ ਲਈ ਸਿਫਾਰਿਸ਼ਾਂ ਤੱਕ ਵੀ
ਜਾਣਕਾਰੀ ਮੁਤਾਬਕ ਸਕੂਲਾਂ, ਕਾਲਜਾਂ ਅਤੇ ਸਿੱਖਿਆ ਵਿਭਾਗ ਦੇ ਦਫਤਰਾਂ ਵਿਚ ਆਪਣੇ ਪਸੰਦ ਦੀਆਂ ਸੀਟਾਂ 'ਤੇ ਕੰਮ ਕਰਨ ਲਈ ਕਈ ਬਾਬੂ ਸਿਫਾਰਿਸ਼ਾਂ ਤੱਕ ਵੀ ਕਰਵਾਉਣ ਤੋਂ ਗੁਰੇਜ਼ ਨਹੀਂ ਕਰਦੇ। ਕਿਸੇ ਆਗੂ ਜਾਂ ਵਿਧਾਇਕ ਦਾ ਫੋਨ ਸਿੱਖਿਆ ਅਧਿਕਾਰੀ ਨੂੰ ਆਉਣ 'ਤੇ ਅਧਿਕਾਰੀ ਨੂੰ ਵੀ ਨਿਰਦੇਸ਼ਾਂ ਦਾ ਪਾਲਣ ਕਰਨਾ ਪੈਂਦਾ ਹੈ। ਸਰਕਾਰ ਦੇ ਕੋਲ ਇਸ ਸਬੰਧੀ ਵਧ ਰਹੀਆਂ ਸ਼ਿਕਾਇਤਾਂ ਦਾ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਪਰਸੋਨਲ ਵਿਭਾਗ ਨੇ ਇਕ ਪਾਲਿਸੀ ਤਿਆਰ ਕੀਤੀ ਸੀ, ਜਿਸ ਵਿਚ ਪਬਲਿਕ ਡੀਲਿੰਗ ਸੀਟਾਂ 'ਤੇ ਕੰਮ ਕਰ ਕੇ ਕਲੈਰੀਕਲ ਸਟਾਫ ਅਤੇ ਡੀਲਿੰਗ ਸਹਾਇਕਾਂ ਨੂੰ 2 ਸਾਲ ਦੇ ਸਮੇਂ ਤੋਂ ਬਾਅਦ ਬਦਲਿਆ ਜਾਣਾ ਤੈਅ ਕੀਤਾ ਗਿਆ ਸੀ।
ਪਰਸੋਨਲ ਵਿਭਾਗ ਦੀ ਪਾਲਿਸੀ ਦਾ ਦਿੱਤਾ ਹਵਾਲਾ
ਸਰਕਾਰ ਦੀ ਪਾਲਿਸੀ ਦੇ ਬਾਵਜੂਦ ਕਈ ਜ਼ਿਲਿਆਂ ਵਿਚ ਅਧਿਕਾਰੀਆਂ ਨੇ ਸਰਕਾਰ ਦੇ ਨਿਰਦੇਸ਼ਾਂ ਨੂੰ ਛਿੱਕੇ ਟੰਗ ਕੇ ਕਿਸੇ ਤਰ੍ਹਾਂ ਦੇ ਹੁਕਮ ਲਾਗੂ ਨਹੀਂ ਕੀਤੇ। ਹੁਣ ਡਾਇਰੈਕਟਰ ਸਿੱਖਿਆ ਵਿਭਾਗ, (ਡੀ. ਪੀ. ਆਈ. ਸੈਕੰਡਰੀ) ਨੇ ਸਮੂਹ ਡੀ. ਈ. ਓਜ਼ ਨੂੰ ਪੱਤਰ ਜਾਰੀ ਕਰ ਕੇ ਪਰਸੋਨਲ ਵਿਭਾਗ ਦੀ ਪਾਲਿਸੀ ਦਾ ਹਵਾਲਾ ਦਿੰਦੇ ਹੋਏ ਨਿਰਦੇਸ਼ ਦਿੱਤੇ ਹਨ ਕਿ ਜਿਨ੍ਹਾਂ ਸੀਟਾਂ 'ਤੇ ਕਲੈਰੀਕਲ ਸਟਾਫ ਪਿਛਲੇ ਲੰਬੇ ਸਮੇਂ ਤੋਂ ਇਕ ਹੀ ਸੀਟ 'ਤੇ ਕੰਮ ਕਰ ਰਿਹਾ ਹੈ, ਉਸ ਨੂੰ ਤੁਰੰਤ ਬਦਲਿਆ ਜਾਵੇ।
ਡੀ. ਪੀ. ਆਈ. ਨੇ ਜਾਰੀ ਕੀਤਾ ਪਰਫਾਰਮਾ
ਡੀ. ਪੀ. ਆਈ. ਨੇ ਬਕਾਇਦਾ ਇਕ ਪਰਫਾਰਮਾ ਜਾਰੀ ਕਰਦੇ ਹੋਏ ਡੀ. ਈ. ਓਜ਼ ਤੋਂ ਦਫਤਰਾਂ ਵਿਚ ਕੰਮ ਕਰ ਕੇ ਕਲੈਰੀਕਲ ਸਟਾਫ ਤੋਂ ਇਲਾਵਾ ਸਕੂਲਾਂ, ਸਰਕਾਰੀ ਕਾਲਜਾਂ ਅਤੇ ਜ਼ਿਲਾ ਸਿੱਖਿਆ ਦਫਤਰਾਂ ਵਿਚ ਦੋ ਸਾਲ ਤੋਂ ਜ਼ਿਆਦਾ ਸਮੇਂ ਤੋਂ ਕੰਮ ਕਰ ਰਹੇ ਕਲੈਰੀਕਲ ਸਟਾਫ ਦੀ ਸੂਚਨਾ ਵੀ ਮੰਗੀ ਹੈ ਤਾਂ ਕਿ ਉੱਚ ਅਧਿਕਾਰੀਆਂ ਵੱਲੋਂ ਇਸ ਪ੍ਰਕਿਰਿਆ ਨੂੰ ਲਾਗੂ ਕੀਤਾ ਜਾ ਸਕੇ।
ਪਰਫਾਰਮੇ ਵਿਚ ਇਹ ਦੇਣਾ ਹੋਵੇਗਾ ਬਿਓਰਾ
ਕਰਮਚਾਰੀ ਦਾ ਨਾਂ ਅਤੇ ਅਹੁਦਾ
ਮੌਜੂਦਾ ਸੀਟ 'ਤੇ ਹਾਜ਼ਰੀ ਦੀ ਤਰੀਕ
ਮੌਜੂਦਾ ਸੀਟ 'ਤੇ ਹੁਣ ਤੱਕ ਡਿਊਟੀ ਦਾ ਸਮਾਂ