ਸਾਵਧਾਨ! ‘ਟਾਟਾ’ ਦਾ ਡੁਪਲੀਕੇਟ ਨਮਕ ਤਿਆਰ ਕਰ ਭੇਜਿਆ ਜਾ ਰਿਹੈ ਬਜ਼ਾਰ ’ਚ

06/08/2022 1:57:43 PM

ਲੁਧਿਆਣਾ (ਰਾਮ) : ਦੇਸ਼ ਦੀ ਨਾਮੀ ਨਮਕ ਕੰਪਨੀ ‘ਟਾਟਾ ਨਮਕ’ ਨੂੰ ਚੂਨਾ ਲਾਉਂਦੇ ਹੋਏ ਕੰਪਨੀ ਦੇ ਮਾਰਕੇ ਹੇਠ ਡੁਪਲੀਕੇਟ ਨਮਕ ਤਿਆਰ ਕਰ ਕੇ ਬਜ਼ਾਰ ’ਚ ਵੇਚਣ ਵਾਲੇ ਇਕ ਗਿਰੋਹ ਦਾ ਪਰਦਾਫ਼ਾਸ ਕੀਤਾ ਗਿਆ ਹੈ। ਕੰਪਨੀ ਦੇ ਨੁਮਾਇੰਦਿਆਂ ਨੇ ਢੰਡਾਰੀ ਕਲਾਂ ਦੇ ਇਲਾਕੇ ’ਚ ਕੁੱਝ ਦੁਕਾਨਾਂ ਤੋਂ ਭਾਰੀ ਮਾਤਰਾ ’ਚ ਡੁਪਲੀਕੇਟ ਟਾਟਾ ਨਮਕ ਬਰਾਮਦ ਕੀਤਾ ਹੈ। ਥਾਣਾ ਮੋਤੀ ਨਗਰ ਦੀ ਪੁਲਸ ਨਾਲ ਕੀਤੀ ਗਈ ਛਾਪੇਮਾਰੀ ਦੌਰਾਨ ਕਰੀਬ 4 ਦੁਕਾਨਾਂ ’ਚੋਂ 150 ਦੇ ਲਗਭਗ ਟਾਟਾ ਨਮਕ ਦੀਆਂ ਭਰੀਆਂ ਹੋਈਆਂ ਬੋਰੀਆਂ ਪੁਲਸ ਨੇ ਕਬਜ਼ੇ ’ਚ ਲਈਆਂ ਹਨ।

ਇਸ ਬਾਰੇ ਸੂਚਨਾ ਮਿਲਦੇ ਹੀ ਪੁਲਸ ਦੇ ਉੱਚ ਅਧਿਕਾਰੀ ਤੁਰੰਤ ਥਾਣਾ ਮੋਤੀ ਨਗਰ ਪਹੁੰਚੇ ਅਤੇ ਇਸ ਜਾਅਲਸਾਜ਼ੀ ਦੇ ਮਾਸਟਰਮਾਈਂਡ ਦਾ ਪਤਾ ਲਾਉਣ ਦੀ ਕਵਾਇਦ ਸ਼ੁਰੂ ਕਰਦੇ ਹੋਏ ਕਾਰਵਾਈ ਕੀਤੀ ਜਾਣ ਲੱਗੀ। ਜਾਣਕਾਰੀ ਅਨੁਸਾਰ ਟਾਟਾ ਕੰਪਨੀ ਦੇ ਨੁਮਾਇੰਦੇ ਰਮੇਸ਼ ਦੱਤ ਅਨੁਸਾਰ ਕੰਪਨੀ ਨੂੰ ਲਗਾਤਾਰ ਸ਼ਿਕਾਇਤ ਮਿਲ ਰਹੀ ਸੀ ਕਿ ਟਾਟਾ ਕੰਪਨੀ ਦੇ ਨਮਕ ’ਚ ਕੁੱਝ ਖਰਾਬੀ ਪਾਈ ਜਾ ਰਹੀ ਹੈ, ਜਿਸ ’ਤੇ ਉਨ੍ਹਾਂ ਦੀ ਟੀਮ ਨੇ ਬਜ਼ਾਰ ’ਚ ਪਹੁੰਚ ਕਰ ਕੇ ਜਦੋਂ ਇਸ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਢੰਡਾਰੀ, ਸ਼ੇਰਪੁਰ ਕਲਾਂ ਦੇ ਇਲਾਕੇ ’ਚ ਕੁੱਝ ਲੋਕ ਟਾਟਾ ਕੰਪਨੀ ਦੇ ਮਾਰਕੇ ਦੀ ਗਲਤ ਵਰਤੋਂ ਕਰਦੇ ਹੋਏ ਡੁਪਲੀਕੇਟ ਨਮਕ ਤਿਆਰ ਕਰ ਕੇ ਬਜ਼ਾਰ ’ਚ ਵੇਚ ਰਹੇ ਹਨ, ਜਿਸ ’ਤੇ ਉਨ੍ਹਾਂ ਨੇ ਪੁਲਸ ਟੀਮ ਨਾਲ ਢੰਡਾਰੀ ਕਲਾਂ ਦੇ ਇਲਾਕੇ ’ਚੋਂ ਕੁੱਝ ਦੁਕਾਨਾਂ ਦੇ ਅੰਦਰੋਂ ਟਾਟਾ ਨਮਕ ਦਾ ਡੁਪਲੀਕੇਟ ਮਾਲ ਬਰਾਮਦ ਕੀਤਾ।

ਉਧਰ ਜਦੋਂ ਇਸ ਸਬੰਧ ’ਚ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮਾਮਲੇ ਸਬੰਧੀ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਲੈ ਕੇ ਥਾਣਾ ਮੋਤੀ ਨਗਰ ਦੇ ਮੁਨਸ਼ੀ ਤੱਕ ਸਭ 10 ਮਿੰਟ, 15 ਮਿੰਟ ਇੰਤਜ਼ਾਰ ਕਰਨ ਦੀ ਗੱਲ ਕਹਿੰਦੇ ਸੁਣਾਈ ਦਿੱਤੇ। ਪੁਲਸ ਦਾ ਇਹ ਰਵੱਈਆਂ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਕਰ ਰਿਹਾ ਸੀ। ਖ਼ਬਰ ਲਿਖੇ ਜਾਣ ਤੱਕ ਪੁਲਸ ਵਲੋਂ ਇਸ ਮਾਮਲੇ ਸਬੰਧ ਕੋਈ ਵੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਸੀ।
 


Babita

Content Editor

Related News