''ਜਾਂ ਤਾਂ ਨਸ਼ਾ ਛੱਡ ਦੇ ਨਹੀਂ ਤਾਂ ਮੈਨੂੰ ਛੱਡ ਦੇ...'' ਨਸ਼ੇੜੀ ਪਤੀਆਂ ਤੋਂ ਰਿਸ਼ਤਾ ਤੋੜਣ ਲੱਗੀਆਂ ਪਤਨੀਆਂ
Tuesday, Jun 02, 2026 - 05:32 PM (IST)
ਜਲੰਧਰ: ਪੰਜਾਬ ਵਿਚ ਜਿੱਥੇ ਇਕ ਪਾਸੇ ਨਸ਼ਿਆਂ ਕਾਰਨ ਕੀਮਤੀ ਜਾਨਾਂ ਜਾਣ ਨਾਲ ਘਰ ਤਬਾਹ ਹੋ ਰਹੇ ਹਨ, ਉੱਥੇ ਹੀ ਹੁਣ ਨਸ਼ਿਆਂ ਖ਼ਿਲਾਫ਼ ਇਕ ਵੱਡੀ ਸਮਾਜਿਕ ਬਗਾਵਤ ਵੀ ਵੇਖਣ ਨੂੰ ਮਿਲ ਰਹੀ ਹੈ। ਹੁਣ ਨਸ਼ੇ ਦੀ ਗ੍ਰਿਫ਼ਤ ਵਿਚ ਫਸੇ ਪਤੀਆਂ ਨਾਲ ਘੁੱਟ-ਘੁੱਟ ਕੇ ਜਿਉਣ ਦੀ ਬਜਾਏ ਪਤਨੀਆਂ ਉਨ੍ਹਾਂ ਤੋਂ ਵੱਖ ਹੋਣ ਦਾ ਫ਼ੈਸਲਾ ਲੈ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਖ਼ਰਾਬ ਨਹੀਂ ਕਰਨਾ ਚਾਹੁੰਦੀਆਂ, ਇਸ ਲਈ ਉਹ ਦਲੇਰੀ ਦਿਖਾ ਕੇ ਅਜਿਹਾ ਫ਼ੈਸਲਾ ਲੈ ਰਹੀਆਂ ਹਨ।
ਜਲੰਧਰ ਦੇ ਵੱਖ-ਵੱਖ ਇਲਾਕਿਆਂ ਤੋਂ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਪਤੀ ਵੱਲੋਂ ਨਸ਼ੇ ਦੀ ਆਦਤ ਨਾ ਛੱਡਣ 'ਤੇ ਪਤਨੀ ਨੇ ਉਸ ਨਾਲੋਂ ਰਿਸ਼ਤਾ ਤੋੜ ਕੇ ਤਲਾਕ ਲੈ ਲਿਆ। ਭਾਰਗੋ ਕੈਂਪ ਦੀ ਇਕ ਔਰਤ ਨੇ ਆਪਣੇ ਦੋ ਸਾਲ ਪੁਰਾਣੇ ਵਿਆਹੁਤਾ ਰਿਸ਼ਤੇ ਨੂੰ ਉਦੋਂ ਖ਼ਤਮ ਕਰ ਦਿੱਤਾ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਚਿੱਟੇ ਦਾ ਆਦੀ ਹੈ। ਨਸ਼ੇ ਦੀ ਪੂਰਤੀ ਲਈ ਉਸ ਦਾ ਪਤੀ ਘਰ ਦਾ ਸਾਮਾਨ ਅਤੇ ਗਹਿਣੇ ਚੋਰੀ ਕਰਕੇ ਵੇਚਣ ਲੱਗਾ ਅਤੇ ਵਿਰੋਧ ਕਰਨ 'ਤੇ ਕੁੱਟਮਾਰ ਕਰਦਾ ਸੀ। ਆਪਣੇ ਬੱਚੇ ਦੀ ਖ਼ਾਤਰ ਉਹ ਹਮੇਸ਼ਾ ਲਈ ਆਪਣੇ ਪੇਕੇ ਘਰ ਪਰਤ ਆਈ ਹੈ। ਇਸੇ ਤਰ੍ਹਾਂ ਕਰਤਾਰਪੁਰ ਦੇ ਇਕ ਕਿਸਾਨ ਪਰਿਵਾਰ ਦੀ ਨੂੰਹ ਨੇ ਪੰਚਾਇਤ ਦੇ ਸਾਹਮਣੇ ਰਿਸ਼ਤਾ ਤੋੜਨ ਦਾ ਐਲਾਨ ਕੀਤਾ ਕਿਉਂਕਿ ਉਸ ਦੇ ਪਤੀ ਨੇ ਨਸ਼ੇ ਲਈ ਆਪਣੀ ਦੋ ਏਕੜ ਜੱਦੀ ਜ਼ਮੀਨ ਗੁਪਤ ਤਰੀਕੇ ਨਾਲ ਵੇਚ ਦਿੱਤੀ ਸੀ। ਉਹ ਔਰਤ ਹੁਣ ਮਿਹਨਤ-ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਰਹੀ ਹੈ ਪਰ ਸਹੁਰੇ ਘਰ ਵਾਪਸ ਜਾਣ ਨੂੰ ਤਿਆਰ ਨਹੀਂ ਹੈ।
