ਡਰੱਗ ਸਮੱਗਲਿੰਗ ਮਾਮਲੇ 'ਚ ਦਿੱਲੀ ਪੁਲਸ ਨੇ ਹੁਸ਼ਿਆਰਪੁਰ 'ਚ ਮਾਸਟਰਮਾਇੰਡ ਨੂੰ ਕੀਤਾ ਗ੍ਰਿਫਤਾਰ
Wednesday, Jun 03, 2020 - 11:19 AM (IST)
ਹੁਸ਼ਿਆਰਪੁਰ (ਅਮਰਿੰਦਰ)— ਦਿੱਲੀ ਪੁਲਸ ਬੀਤੇ ਡਰੱਗ ਸਮੱਗਲਿੰਗ ਦੇ ਮਾਮਲੇ 'ਚ ਮਾਸਟਰਮਾਇੰਡ ਮੰਨੇ ਜਾਂਦੇ ਹੁਸ਼ਿਆਰਪੁਰ ਦੇ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਮੈਡੀਕਲ ਕਰਵਾਉਣ ਤੋਂ ਬਾਅਦ ਆਪਣੇ ਨਾਲ ਨਵੀਂ ਦਿੱਲੀ ਲੈ ਕੇ ਪਰਤ ਗਈ। ਹਾਲਾਂਕਿ ਹੁਸ਼ਿਆਰਪੁਰ ਪੁਲਸ ਇਸ ਦੀ ਪੁਸ਼ਟੀ ਨਹੀਂ ਕਰ ਰਹੀ ਹੈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਸ ਨੇ ਬੀਤੇ ਦਿਨ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਕੀ ਹੈ ਮਾਮਲਾ
ਇਸ ਬਹੁਚਰਚਿਤ ਮਾਮਲੇ 'ਚ ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਰਿੰਗ ਰੋਡ 'ਤੇ ਸਥਿਤ ਬੁਰਾੜੀ ਚੌਕ ਵਿਖੇ ਗੁਪਤ ਸੂਚਨਾ ਦੇ ਆਧਾਰ 'ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਦਿੱਲੀ ਪੁਲਸ ਨੇ ਇਟੀਅਸ ਕਾਰ 'ਚ ਸਵਾਰ ਹੁਸ਼ਿਆਰਪੁਰ ਦੇ 2 ਦੋਸ਼ੀ 38 ਸਾਲਾ ਸ਼ਾਨ ਮਸੀਹ ਪੁੱਤਰ ਸੋਹਣ ਲਾਲ ਵਾਸੀ ਬੱਸੀ ਬਾਹੀਆਂ ਅਤੇ 28 ਸਾਲਾ ਚੇਤਨ ਪਟਿਆਲ ਪੁੱਤਰ ਭੁਪਿੰਦਰ ਸਿੰਘ ਵਾਸੀ ਪਟਿਆਲ ਦੇ ਕੋਲੋਂ ਕਰੀਬ 2 ਕਰੋੜ ਰੁਪਏ ਦੀ 12 ਕਿੱਲੋਗ੍ਰਾਮ ਅਫੀਮ ਬਰਾਮਦ ਕਰਕੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ। ਦਿੱਲੀ ਪੁਲਸ ਨੇ ਦੋਵਾਂ ਦੋਸ਼ੀਆਂ ਕੋਲੋਂ ਪੁੱਛਗਿਛ ਦੇ ਆਧਾਰ 'ਤੇ ਸੋਮਵਾਰ ਦੀ ਰਾਤ ਨੂੰ ਹੀ ਹੁਸ਼ਿਆਰਪੁਰ ਪਹੁੰਚ ਕੇ ਗੁਰਮੀਤ ਸਿੰਘ ਨੂੰ ਘੇਰਨ ਲਈ ਜਾਲ ਵਿਛਾ ਰੱਖਿਆ ਸੀ। ਦਿੱਲੀ ਪੁਲਸ ਦਾ ਦੋਸ਼ ਹੈ ਕਿ ਟੈਕਸੀ ਦੇ ਧੰਦੇ ਦੀ ਆੜ ਹੇਠ ਇਹ ਲੋਕ ਝਾਰਖੰਡ ਤੋਂ ਅਫੀਮ ਦੀ ਸਮੱਗਲਿੰਗ ਕਰਕੇ ਦਿੱਲੀ ਅਤੇ ਪੰਜਾਬ 'ਚ ਸਪਲਾਈ ਕਰਦੇ ਸਨ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਕਾਰਨ 9ਵੀਂ ਮੌਤ, ਲੁਧਿਆਣਾ ਦੇ DMC 'ਚ 64 ਸਾਲਾ ਵਿਅਕਤੀ ਨੇ ਤੋੜਿਆ ਦਮ
ਕਿਵੇਂ ਆਏ ਦੋਵੇਂ ਦੋਸ਼ੀ ਦਿੱਲੀ ਪੁਲਸ ਦੇ ਅੜਿੱਕੇ
ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੇ ਡੀ. ਸੀ. ਪੀ. ਪ੍ਰਮੋਦ ਕੁਸ਼ਵਾਹਾ ਮੁਤਾਬਕ ਇੰਸਪੈਕਟਰ ਸ਼ਿਵ ਕੁਮਾਰ ਨੂੰ ਜਾਣਕਾਰੀ ਮਿਲੀ ਸੀ ਕਿ ਬੁਰਾੜੀ ਚੌਕ ਦੇ ਕੋਲ 2 ਵਿਅਕਤੀ ਡਰੱਗਸ ਲੈ ਕੇ ਆਉਣ ਵਾਲੇ ਹਨ ਅਤੇ ਉਨ੍ਹਾਂ ਨੇ ਇਹ ਦਿੱਲੀ ਅਤੇ ਪੰਜਾਬ 'ਚ ਕਿਸੇ ਨੂੰ ਸਪਲਾਈ ਕਰਨੀ ਹੈ। 29 ਮਈ ਦੀ ਸਵੇਰੇ ਨੂੰ ਉਸੇ ਜਗ੍ਹਾ 'ਤੇ ਇਕ ਇਟੀਅਸ ਕਾਰ ਆ ਕੇ ਰੁਕੀ ਅਤੇ ਪੁਲਸ ਨੇ ਕਾਰ 'ਚ ਬੈਠੇ 2 ਵਿਅਕਤੀਆਂ ਨੂੰ ਫੜ ਲਿਆ। ਜਾਂਚ ਦੌਰਾਨ ਕਾਰ ਦੀ ਖਿੜਕੀ ਦੇ ਨਾਲ ਬਣੇ ਗੁਪਤ ਸਥਾਨ 'ਤੇ ਲੁਕੋਈ ਹੋਈ 2 ਕਰੋੜ ਰੁਪਏ ਕੀਮਤ ਦੀ 12 ਕਿੱਲੋ ਅਫੀਮ ਬਰਾਮਦ ਹੋਈ।
ਪ੍ਰਵਾਸੀ ਮਜ਼ਦੂਰਾਂ ਨੂੰ ਝਾਰਖੰਡ ਛੱਡਣ ਲਈ ਬਣਾਇਆ ਸੀ ਈ-ਪਾਸ
ਦਿੱਲੀ ਪੁਲਸ ਅਨੁਸਾਰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰੀ ਦੇ ਸਮੇਂ ਇਟੀਅਸ ਕਾਰ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਝਾਰਖੰਡ ਲੈ ਜਾਣ ਲਈ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਤਿਆਰ ਈ-ਪਾਸ ਵੀ ਦੋਸ਼ੀਆਂ ਕੋਲੋਂ ਮਿਲਿਆ ਸੀ। ਦੋਸ਼ੀਆਂ ਨੇ ਪੁਲਸ ਰਿਮਾਂਡ ਦੌਰਾਨ ਪੁੱਛਗਿਛ 'ਚ ਦੱਸਿਆ ਕਿ ਈ-ਪਾਸ ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਝਾਰਖੰਡ ਲੈ ਜਾਣ ਦੇ ਨਾਂ 'ਤੇ ਬਣਵਾਇਆ ਸੀ। ਲਾਕਡਾਊਨ ਵਿਚ ਇਸ ਪਾਸ ਦੇ ਜ਼ਰੀਏ ਉਹ 3 ਵਾਰ ਝਾਰਖੰਡ ਜਾ ਚੁੱਕੇ ਹਨ ਅਤੇ ਝਾਰਖਡ ਦੇ ਨਕਸਲ ਪ੍ਰਭਾਵਿਤ ਇਲਾਕੇ ਹਜ਼ਾਰੀਬਾਗ ਤੋਂ ਅਫੀਮ ਲੈ ਕੇ ਆਉਂਦੇ ਸਨ। ਦੋਹਾਂ ਨੇ ਹੀ ਪੁਲਸ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਗੈਂਗ ਦਾ ਮਾਸਟਰਮਾਇੰਡ ਗੁਰਮੀਤ ਸਿੰਘ ਹੈ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ।