ਪੰਜਾਬ 'ਚ ਨਸ਼ਾ ਕਰਨ ਵਾਲਿਆਂ ਦੀ ਗਿਣਤੀ 'ਚ ਆਈ ਵੱਡੀ ਕਮੀ : ਬਲਬੀਰ ਸਿੱਧੂ
Tuesday, Dec 17, 2019 - 10:02 AM (IST)
ਚੰਡੀਗੜ੍ਹ/ਜਲੰਧਰ (ਸ਼ਰਮਾ, ਧਵਨ): ਡਰੱਗ ਅਤੇ ਕਾਸਮੈਟਿਕ ਐਕਟ ਤਹਿਤ 938 ਫਰਮਾਂ ਤੋਂ ਕਰੀਬ 4 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਦੀ ਬਰਾਮਦਗੀ ਨਾਲ ਪੰਜਾਬ ’ਚ ਪਿਛਲੇ 1 ਸਾਲ ਦੌਰਾਨ ਨਸ਼ਾ ਕਰਨ ਵਾਲਿਆਂ ਦੀ ਗਿਣਤੀ ‘ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਨਸ਼ੀਲੀਆਂ ਦਵਾਈਆਂ ਪੜਾਅਵਾਰ ਢੰਗ ਨਾਲ ਨਸ਼ਟ ਕੀਤੀਆਂ ਜਾਣਗੀਆਂ, ਜਿਸ ਦੀ ਸ਼ੁਰੂਆਤ ਅੱਜ ਤੋਂ ਕੀਤੀ ਜਾ ਰਹੀ ਹੈ ਅਤੇ ਇਸ ਕਾਰਵਾਈ ਨਾਲ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮਿਸ਼ਨ ਨੂੰ ਅਰਥਪੂਰਨ ਸਿੱਟੇ ’ਤੇ ਲਿਜਾਣ ’ਚ ਮਦਦ ਮਿਲੇਗੀ। ਇਥੇ ਚੰਡੀਗੜ੍ਹ ਵਿਖੇ 13 ਨਵੇਂ ਭਰਤੀ ਕੀਤੇ ਵਿਸ਼ਲੇਸ਼ਕਾਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਬਾਅਦ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਨਸ਼ਾ ਮੁਕਤੀ ਦੇ ਰਾਹ ’ਤੇ ਹੈ ਅਤੇ ਅੱਜ ਸਰਕਾਰੀ ਫੂਡ ਐਂਡ ਡਰੱਗ ਲੈਬਾਰਟਰੀਆਂ ਵਿਖੇ 9 ਵਿਸ਼ਲੇਸ਼ਕਾਂ ਦੀ ਫੂਡ ਲੈਬ ਅਤੇ 4 ਵਿਸ਼ਲੇਸ਼ਕਾਂ ਦੀ ਡਰੱਗ ਲੈਬ ’ਚ ਨਿਯੁਕਤੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਬਰਾਮਦ ਕੀਤੀਆਂ ਗਈਆਂ ਨਸ਼ੀਲੀਆਂ ਦਵਾਈਆਂ ‘ਚ 5,42,425 ਗੋਲੀਆਂ, 57,340 ਕੈਪਸੂਲ, 4,654 ਟੀਕੇ ਅਤੇ 1,190 ਸਿਰਪ ਜ਼ਬਤ ਕੀਤੇ ਗਏ ਹਨ। ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਪੰਜਾਬ ਦੇ ਵਸਨੀਕਾਂ ਨੂੰ ਸੁਰੱਖਿਅਤ ਤੇ ਪ੍ਰਭਾਵੀ ਦਵਾਈਆਂ ਮੁਹੱਈਆ ਕਰਵਾਉਣ ਅਤੇ ਸੂਬੇ ‘ਚੋਂ ਨਸ਼ਿਆਂ ਦੀ ਲਾਹਨਤ ਨੂੰ ਜੜ੍ਹੋਂ ਪੁੱਟਣ ਲਈ ਅਣਥੱਕ ਯਤਨ ਕੀਤੇ ਜਾ ਰਹੇ ਹਨ। ਇਸ ਮੁਹਿੰਮ ਤਹਿਤ ਵਿਭਾਗ ਵਲੋਂ ਡਰੱਗਜ਼ ਐਂਡ ਕਾਸਮੈਟਿਕ ਐਕਟ 1940 ਐਂਡ ਰੂਲਜ਼ 1945 ਦੀ ਉਲੰਘਣਾ ਲਈ ਫਰਮਾਂ ਤੋਂ ਵੱਡੀ ਮਿਕਦਾਰ ‘ਚ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ।
ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਸੂਬੇ ‘ਚੋਂ ਨਸ਼ਿਆਂ ਦੀ ਲਾਹਨਤ ਨੂੰ ਜੜ੍ਹੋਂ ਉਖਾੜਨ ਦੀ ਵਚਨਬੱਧਤਾ ਦਾ ਜ਼ਿਕਰ ਕਰਦਿਆਂ ਬਲਬੀਰ ਸਿੱਧੂ ਨੇ ਦੱਸਿਆ ਕਿ ਸਟੇਟ ਐੱਫ. ਡੀ. ਏ. ਵਲੋਂ ਸੂਬੇ ‘ਚ 8 ਤਰ੍ਹਾਂ ਦੀਆਂ ਦਵਾਈਆਂ ਦੀ ਵਿਕਰੀ ‘ਤੇ ਪਹਿਲਾਂ ਹੀ ਰੋਕ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲੇ ਕੈਮਿਸਟਾਂ ਵਿਰੁੱਧ ਕਾਰਵਾਈ ਕਰਦਿਆਂ ਵੱਡੀ ਗਿਣਤੀ ‘ਚ ਡਰੱਗ ਲਾਇਸੰਸ ਰੱਦ ਕੀਤੇ ਗਏ ਹਨ। ਵਿਭਾਗ ਨੇ ਸ਼ਹਿਰੀ ਤੇ ਦਿਹਾਤੀ ਇਲਾਕਿਆਂ ‘ਚ ਦਵਾਈਆਂ ਦੀਆਂ ਦੁਕਾਨਾਂ ਦੀ ਗਿਣਤੀ ‘ਤੇ ਕਾਬੂ ਰੱਖਣ ਲਈ ਡਰੱਗ ਪਾਲਿਸੀ ‘ਚ ਸੋਧ ਵੀ ਕੀਤੀ ਹੈ।