ਡ੍ਰੈਗਨ ਡੋਰ ਬਣੀ ਆਫਤ

Monday, Jan 15, 2018 - 06:38 AM (IST)

ਅੰਮ੍ਰਿਤਸਰ,  (ਰਮਨ)-  ਸ਼ਹਿਰ ਵਿਚ ਛੱਤਾਂ 'ਤੇ ਲੋਕ ਡ੍ਰੈਗਨ ਡੋਰ ਨਾਲ ਪਤੰਗਾਂ ਉਡਾਉਂਦੇ ਰਹੇ। ਸੜਕਾਂ, ਗਲੀਆਂ ਅਤੇ ਬਾਜ਼ਾਰਾਂ ਵਿਚ ਇਹ ਡੋਰ ਲੋਕਾਂ ਲਈ ਆਫਤ ਬਣੀ ਰਹੀ। ਸ਼ਹਿਰ ਵਿਚ ਜਿੰਨੀ ਇਸ ਡੋਰ 'ਤੇ ਪਾਬੰਦੀ ਸੀ, ਓਨੀ ਹੀ ਇਹ ਬਲੈਕ ਵਿਚ ਮਹਿੰਗੀ ਵਿਕੀ। ਹਾਲਾਂਕਿ ਸ਼ਹਿਰ ਵਿਚ ਇਸ ਨੂੰ ਲੈ ਕੇ ਕਈ ਕੇਸ ਵੀ ਦਰਜ ਹੋਏ ਪਰ ਲੋਕ ਬੇਖੌਫ ਹੋ ਕੇ ਛੱਤਾਂ 'ਤੇ ਇਸ ਖੂਨੀ ਡੋਰ ਨਾਲ ਪਤੰਗਾਂ ਉਡਾਉਂਦੇ ਰਹੇ। ਇਸ ਡ੍ਰੈਗਨ ਡੋਰ ਨਾਲ ਕਈ ਪੰਛੀ ਮਾਰੇ ਗਏ ਤੇ ਸੜਕਾਂ 'ਤੇ ਕਈ ਦੋਪਹੀਆ ਵਾਹਨ ਚਾਲਕ ਜ਼ਖਮੀ ਹੋ ਗਏ ਪਰ ਲੋਕ ਸੋਸ਼ਲ ਮੀਡੀਆ 'ਤੇ ਪਤੰਗਬਾਜ਼ੀ ਕਰ ਕੇ ਆਪਣੀਆਂ ਫੋਟੋਆਂ ਪਾਉਂਦੇ ਰਹੇ।  ਸ਼ਨੀਵਾਰ ਨੂੰ ਲੋਹੜੀ ਦੇ ਤਿਉਹਾਰ ਮੌਕੇ ਪਤੰਗਬਾਜ਼ੀ ਕਰ ਕੇ ਇਹ ਡੋਰ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਨਾਲ ਉਲਝੀ ਰਹੀ। ਇਸ ਨਾਲ ਐਤਵਾਰ ਦੇ ਦਿਨ ਕਈ ਇਲਾਕਿਆਂ ਵਿਚ ਬਿਜਲੀ ਬੰਦ ਰਹੀ ਅਤੇ ਬਿਜਲੀ ਕਰਮਚਾਰੀ ਇਨ੍ਹਾਂ ਡੋਰਾਂ ਨੂੰ ਤਾਰਾਂ ਤੋਂ ਹਟਾਉਂਦੇ ਨਜ਼ਰ ਆਏ। ਕਈ ਇਲਾਕਿਆਂ ਵਿਚ ਇਸ ਡੋਰ ਨਾਲ ਤਾਰਾਂ ਆਪਸ ਵਿਚ ਜੁੜਨ ਨਾਲ ਸਪਾਰਕਿੰਗ ਵੀ ਹੋਈ।  ਪੰਛੀ ਪ੍ਰੇਮੀ ਗੋਗਾ ਨੇ ਦੱਸਿਆ ਕਿ ਜਿੰਨੀ ਸਖਤੀ ਜ਼ਿਲਾ ਪ੍ਰਸ਼ਾਸਨ ਨੇ ਕੀਤੀ ਸੀ ਓਨੀ ਹੀ ਇਹ ਡੋਰ ਲੋਕਾਂ ਨੇ ਪਤੰਗਬਾਜ਼ੀ ਦੌਰਾਨ ਇਸਤੇਮਾਲ ਕੀਤੀ। ਉਨ੍ਹਾਂ ਕਿਹਾ ਅੱਜ ਕੱਲ ਲੋਕ ਆਪਣੇ ਸ਼ੌਕ ਵੇਖਦੇ ਹਨ ਨਾ ਕਿ ਇਸ ਤੋਂ ਹੋਣ ਵਾਲੇ ਕੋਈ ਮਾੜੇ ਪ੍ਰਭਾਵ ਨੂੰ। ਪਿਛਲੇ ਕਈ ਸਾਲਾਂ ਤੋਂ ਇਹ ਡੋਰ ਲੋਕਾਂ ਲਈ ਆਫਤ ਬਣੀ ਹੋਈ ਹੈ।  


Related News