ਸਰਕਾਰ ਨੇ ਵਾਪਸ ਬੁਲਾਏ ''ਦਲਜੀਤ ਚੀਮਾ'' ਦੀ ਸੁਰੱਖਿਆ ''ਚ ਲੱਗੇ 5 ਮੁਲਾਜ਼ਮ
Friday, Oct 25, 2019 - 09:25 AM (IST)
ਪਟਿਆਲਾ (ਪਰਮੀਤ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਉਪ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦਾਖਾ ਹਲਕੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੱਥੋਂ ਕਾਂਗਰਸੀ ਉਮੀਦਵਾਰ ਦੀ ਹਾਰ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ 'ਚ ਲੱਗੇ 7 'ਚੋਂ 5 ਮੁਲਾਜ਼ਮ ਵਾਪਸ ਬੁਲਾ ਲਏ ਹਨ। ਡਾ. ਚੀਮਾ ਨੇ ਕਿਹਾ ਕਿ ਇਹ ਸਭ ਦਾਖਾ ਹਲਕੇ 'ਚ ਸਰਕਾਰ ਦੀ ਕਿਰਕਿਰੀ ਦਾ ਨਤੀਜਾ ਹੈ। ਉਨ੍ਹਾਂ ਨੇ ਇਕ ਟਵੀਟ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਤਿੱਖਾ ਵਾਰ ਕੀਤਾ।
ਸਰਕਾਰ ਨੇ ਦਾਖਾ ਦੀ ਹਾਰ ਦਾ ਗੁੱਸਾ ਕੱਢਿਆ : ਸੁਖਬੀਰ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਾਖਾ 'ਚ ਹਾਰ ਦਾ ਗੁੱਸਾ ਡਾ. ਦਲਜੀਤ ਸਿੰਘ ਚੀਮਾ ਦੇ ਖਿਲਾਫ ਕੱਢਣ ਅਤੇ ਸੁਰੱਖਿਆ ਵਾਪਸ ਲੈਣ ਲਈ ਫਟਕਾਰ ਲਾਈ ਹੈ। ਡਾ. ਚੀਮਾ ਦਾਖਾ 'ਚ ਅਕਾਲੀ ਦਲ ਦੇ ਚੋਣ ਇੰਚਾਰਜ ਸਨ। ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਦੇ ਗੁੱਸੇ ਭਰੇ ਫੈਸਲੇ ਕਾਰਨ ਡਾ. ਦਲਜੀਤ ਚੀਮਾ ਦੀ ਜ਼ਿੰਦਗੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੋਇਆ ਤਾਂ ਮੁੱਖ ਮੰਤਰੀ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਜਾਵੇਗਾ।