ਕੈਪਟਨ ਸਮਰਥਨ ਮੁੱਲ ਦੇ ਮੁੱਦੇ ''ਤੇ ਸਿਆਸਤ ਨਾ ਕਰਨ : ਸੁਖਬੀਰ

Sunday, Jul 08, 2018 - 06:42 AM (IST)

ਕੈਪਟਨ ਸਮਰਥਨ ਮੁੱਲ ਦੇ ਮੁੱਦੇ ''ਤੇ ਸਿਆਸਤ ਨਾ ਕਰਨ : ਸੁਖਬੀਰ

ਚੰਡੀਗੜ੍ਹ (ਭੁੱਲਰ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਝੋਨੇ ਅਤੇ ਦੂਜੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਵਿਚ ਕੀਤੇ ਇਤਿਹਾਸਕ ਵਾਧੇ 'ਤੇ ਉਹ ਸਿਆਸਤ ਨਾ ਕਰਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਦਿੱਤੇ ਗਏ ਲਾਭ ਨੂੰ ਸਵੀਕਾਰ ਕਰਨ ਵਿਚ ਹਲੀਮੀ ਵਿਖਾਉਣ। ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਕ ਮੁੱਖ ਮੰਤਰੀ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਆਪਣੇ ਸੂਬੇ ਦੇ ਕਿਸਾਨਾਂ ਨੂੰ ਦਿੱਤੇ ਗਏ ਲਾਭ ਤੋਂ ਮੁਨਕਰ ਹੋਣ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਝੋਨਾ ਬੀਜਣ ਵਾਲੇ ਹਰ ਕਿਸਾਨ ਨੂੰ 200 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨਾਲ 6 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਫਾਇਦਾ ਹੈ।
ਉਨ੍ਹਾਂ ਕਿਹਾ ਕਿ ਸਮਰਥਨ ਮੁੱਲ ਵਿਚ ਕੀਤੇ ਗਏ ਵਾਧੇ ਸਦਕਾ ਇਕੱਲੇ ਇਸ ਸੀਜ਼ਨ ਦੌਰਾਨ ਹੀ ਕਿਸਾਨਾਂ ਨੂੰ 4500 ਰੁਪਏ ਪ੍ਰਤੀ ਏਕੜ ਦੀ ਵਾਧੂ ਆਮਦਨ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਖੇਤੀਬਾੜੀ ਮਾਰਕੀਟਿੰਗ ਬੋਰਡ ਨੂੰ ਮਾਰਕੀਟ ਫੀਸ ਅਤੇ ਦਿਹਾਤੀ ਵਿਕਾਸ ਫੰਡ ਦੇ ਰੂਪ ਵਿਚ 200 ਕਰੋੜ ਰੁਪਏ ਦੀ ਵਾਧੂ ਆਮਦਨ ਹੋਵੇਗੀ। ਆੜ੍ਹਤੀਆਂ ਨੂੰ ਵੀ ਇਸ ਵਾਧੇ ਨਾਲ 100 ਕਰੋੜ ਦੀ ਕਮਾਈ ਹੋਵੇਗੀ। ਬਾਦਲ ਨੇ ਕਿਹਾ ਕਿ ਇਨ੍ਹਾਂ ਸਾਰੇ ਤੱਥਾਂ ਨੇ ਸਾਬਤ ਕਰ ਦਿੱਤਾ ਹੈ ਕਿ ਸਮਰਥਨ ਮੁੱਲ ਵਿਚ ਕੀਤਾ ਗਿਆ ਤਾਜ਼ਾ ਵਾਧਾ ਪੰਜਾਬ ਦੀ ਅਰਥਵਿਵਸਥਾ ਨੂੰ ਹੁਲਾਰਾ ਦੇਵੇਗਾ।


Related News