ਲਾੜੇ ਨੂੰ ਬਿਨਾਂ ਤਲਾਕ ਦੂਜਾ ਵਿਆਹ ਕਰਨਾ ਪਿਆ ਮਹਿੰਗਾ, ਪਤਨੀ ਨੇ ਮਰਨ ਦੀ ਦਿੱਤੀ ਧਮਕੀ

02/27/2020 11:50:38 AM

ਬਠਿੰਡਾ (ਵਰਮਾ): ਸ਼ਹਿਰ ਦੇ ਇਕ ਨਿੱਜੀ ਹੋਟਲ ’ਚ ਚਲ ਰਹੇ ਵਿਆਹ ਸਮਾਰੋਹ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਇਕ ਔਰਤ ਨੇ ਆ ਕੇ ਲਾੜੇ ‘ਤੇ ਉਸ ਨੂੰ ਧੋਖਾ ਦੇਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਉਸ ਨਾਲ ਪਹਿਲਾਂ ਵਿਆਹਿਆ ਹੋਇਆ ਹੈ, ਜਦਕਿ ਲਾੜੇ ਨੇ ਕਿਹਾ ਕਿ ਉਹ 4 ਸਾਲ ਤੋਂ ਰਿਲੇਸ਼ਨ ‘ਚ ਰਹਿ ਰਹੀ ਸੀ ਉਸ ਨੇ ਕੋਈ ਵਿਆਹ ਨਹੀਂ ਕੀਤਾ। ਭਗਤਾ ਭਾਈਕਾ ਦੀ ਰਹਿਣ ਵਾਲੀ ਵੀਰਪਾਲ ਕੌਰ ਨੇ ਪੁਲਸ ਨੂੰ ਨਾਲ ਲੈ ਕੇ ਵਿਆਹ ਰੁਕਵਾਇਆ ਅਤੇ ਦੋਸ਼ ਲਾਇਆ ਕਿ ਸ਼ਿਵਮ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਜਨਤਾ ਨਗਰ ਨੇ ਉਸ ਨਾਲ 4 ਸਾਲ ਪਹਿਲਾਂ ਕੋਰਟ ‘ਚ ਵਿਆਹ ਕਰਵਾਇਆ ਸੀ। ਬਿਨਾਂ ਤਲਾਕ ਦਿੱਤੇ ਉਹ ਦੂਜਾ ਵਿਆਹ ਕਰਵਾ ਰਿਹਾ ਹੈ ਉਹ ਕਿਸੇ ਵੀ ਕੀਮਤ ‘ਤੇ ਇਹ ਵਿਆਹ ਨਹੀਂ ਹੋਣ ਦੇਵੇਗੀ। ਉਸ ਨੇ ਧਮਕੀ ਦਿੱਤੀ ਕਿ ਜੇਕਰ ਇਹ ਵਿਆਹ ਨਾ ਰੁਕਿਆ ਤਾਂ ਉਹ ਵਿਆਹ ਮੰਡਪ ਕੋਲ ਹੀ ਖੁਦਕੁਸ਼ੀ ਕਰ ਲਵੇਗੀ। ਫਿਲਹਾਲ ਪੁਲਸ ਨੇ ਵਿਆਹ ਨੂੰ ਰੋਕ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ।

4 ਸਾਲ ਪਹਿਲਾਂ ਕੋਰਟ ‘ਚ ਹੋ ਚੁੱਕੈ ਵਿਆਹ
ਉਥੇ ਹੀ ਪੀੜਤਾ ਦੀ ਭੈਣ ਨੇ ਦੋਸ਼ ਲਾਇਆ ਕਿ ਦੋਵੇਂ ਵਿਆਹੁਤਾ ਹਨ ਅਤੇ ਪੰਜ ਵਾਰ ਉਸ ਦੀ ਭੈਣ ਵੀਰਪਾਲ ਕੌਰ ਦੀ ਸੱਸ ਨੇ ਉਸ ਦਾ ਗਰਭਪਾਤ ਕਰਵਾਇਆ ਹੈ। ਉਸ ਨੇ ਕਿਹਾ ਕਿ 4 ਸਾਲ ਪਹਿਲਾਂ ਦੋਵਾਂ ਦਾ ਕੋਰਟ ‘ਚ ਵਿਆਹ ਹੋ ਚੁੱਕਾ ਹੈ, ਜਿਸ ਨੂੰ ਉਹ ਹੁਣ ਮੰਨਣ ਲਈ ਤਿਆਰ ਨਹੀਂ।

ਦੂਜੇ ਵਿਆਹ ਦੇ ਲਾਏ ਜਾ ਰਹੇ ਗਲਤ ਦੋਸ਼ : ਸ਼ਿਵਮ ਕੁਮਾਰ: ਦੂਜੇ ਪਾਸੇ ਲਾੜੇ ਸ਼ਿਵਮ ਕੁਮਾਰ ਦਾ ਕਹਿਣਾ ਹੈ ਕਿ ਉਸ ‘ਤੇ ਦੂਜੇ ਵਿਆਹ ਦੇ ਗਲਤ ਦੋਸ਼ ਲਾਏ ਜਾ ਰਹੇ ਹਨ ਕਿਉਂਕਿ ਉਸ ਨੇ ਪਹਿਲਾਂ ਵੀਰਪਾਲ ਨਾਲ ਕੋਈ ਵਿਆਹ ਨਹੀਂ ਕੀਤਾ। ਉਸ ਨੇ ਮੰਨਿਆ ਕਿ ਉਹ 4 ਸਾਲ ਤੋਂ ਉਸ ਦੇ ਨਾਲ ਫਰੈਂਡਸ਼ਿਪ (ਰਿਲੇਸ਼ਨ) ਦੇ ਤੌਰ ‘ਤੇ ਰਹਿ ਰਹੀ ਹੈ। ਮੌਕੇ ‘ਤੇ ਪਹੁੰਚੇ ਥਾਣੇਦਾਰ ਨੇ ਕਿਹਾ ਕਿ ਲੜਕੀ ਦੀ ਸ਼ਿਕਾਇਤ ‘ਤੇ ਉਹ ਇਥੇ ਪਹੁੰਚੇ ਹਨ ਅਤੇ ਵਿਆਹ ਨੂੰ ਰੋਕ ਦਿੱਤਾ ਹੈ।


Shyna

Content Editor

Related News