ਜੈਸ਼-ਏ-ਮੁਹੰਮਦ ਨੇ ਭੇਜੀ ਚਿੱਠੀ, ਦਿੱਤੀ ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

10/24/2019 8:53:20 AM

ਚੰਡੀਗੜ੍ਹ (ਸੁਸ਼ੀਲ) – ਸੈਕਟਰ-43 'ਚ ਸਥਿਤ  ਜ਼ਿਲਾ ਅਦਾਲਤ ਦੇ ਕੰਪਲੈਕਸ ਸਣੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾ ਦੇਣ ਦੀ ਧਮਕੀ ਭਰੀ ਇਕ ਚਿੱਠੀ ਮਿਲੀ ਹੈ। ਇਸ ਚਿੱਠੀ ਨੂੰ ਭੇਜਣ ਵਾਲੇ ਨੇ ਲਿਖਿਆ ਹੈ ਕਿ ਉਹ ਦੋਵਾਂ ਅਦਾਲਤਾਂ ਨੂੰ ਬੰਬ ਨਾਲ ਉਡਾ ਦੇਵੇਗਾ। ਚਿੱਠੀ ਮਿਲਣ ਤੋਂ ਬਾਅਦ ਦੋਵਾਂ ਅਦਾਲਤਾਂ ਦੇ ਵਕੀਲਾਂ ਅਤੇ ਚੰਡੀਗੜ੍ਹ ਪੁਲਸ ਦੇ ਹੋਸ਼ ਉਡ ਗਏ ਹਨ। ਧਮਕੀ ਭਰੀ ਇਹ ਚਿੱਠੀ ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐੱਨ. ਕੇ. ਨੰਦਾ ਨੂੰ ਬੁੱਧਵਾਰ ਨੂੰ ਮਿਲੀ। ਚਿੱਠੀ ਭੇਜਣ ਵਾਲੇ ਨੇ ਖੁਦ ਨੂੰ ਜੈਸ਼-ਏ-ਮੁਹੰਮਦ ਆਰਮੀ ਦਾ ਕਮਾਂਡਰ ਆਦਿਲ ਖਾਨ ਦੱਸਦੇ ਹੋਏ 29 ਅਕਤੂਬਰ ਨੂੰ ਉਕਤ ਅਦਾਲਤਾਂ ਬੰਬ ਰਾਹੀਂ ਉਡਾ ਦੇਣ ਦੀ ਧਮਕੀ ਦਿੱਤੀ ਹੈ। ਜ਼ਿਲਾ ਬਾਰ ਐਸੋਸੀਏਸ਼ਨ ਦੇ ਮੁਖੀ ਐੱਨ. ਕੇ. ਨੰਦਾ ਨੇ ਇਸ ਸਬੰਧ 'ਚ ਜ਼ਿਲਾ ਅਦਾਲਤ, ਜ਼ਿਲਾ ਤੇ ਸੈਸ਼ਨ ਜੱਜ, ਐੱਸ. ਐੱਸ. ਪੀ. ਚੰਡੀਗੜ੍ਹ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਚਿੱਠੀ ਭੇਜੀ। ਚਿੱਠੀ ਪੜ੍ਹਦੇ ਸਾਰ ਚੰਡੀਗੜ੍ਹ ਦੀ ਪੁਲਸ ਨੇ ਉਕਤ ਅਦਾਲਤਾਂ ਦੀ ਸੁਰੱਖਿਆ ਵਧਾ ਦਿੱਤੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 12 ਅਕਤੂਬਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਉਡਾਉਣ ਦੀ ਧਮਕੀ ਭਰੀ ਚਿੱਠੀ ਵੀ ਮਿਲੀ ਸੀ। ਚਿੱਠੀ ਦੇ ਲਿਫਾਫੇ ’ਤੇ ਭੇਜਣ ਵਾਲੇ ਦਾ ਨਾਂ ਆਦਿਲ ਖਾਨ ਪੁੱਤਰ ਜੈਸ਼ ਖਾਨ ਵਾਸੀ ਪਿੰਡ ਹਸਨਪੁਰਾ ਜ਼ਿਲਾ ਮੋਹਾਲੀ ਲਿਖਿਆ ਹੈ। ਨੰਦਾ ਨੇ ਦੱਸਿਆ ਕਿ ਚਿੱਠੀ 'ਤੇ ਭੇਜਣ ਵਾਲੇ ਦਾ ਪਤਾ ਪਾਕਿਸਤਾਨ ਦਾ ਹੈ।  

ਕਸ਼ਮੀਰ 'ਚ ਸਾਡੀ ਕੌਮ 'ਤੇ ਹੋ ਰਹੇ ਜ਼ੁਲਮ ਬੰਦ ਕੀਤੇ ਜਾਣ
ਐੱਨ. ਕੇ. ਨੰਦਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਚਿੱਠੀ ਬੁੱਧਵਾਰ ਨੂੰ ਰਾਹੀਂ ਮਿਲੀ। ਜਿਸ 'ਚ ਲਿਖਿਆ ਹੈ ਕਿ ਜੇ ਸਾਡੇ ਲੋਕਾਂ 'ਤੇ ਜ਼ੁਲਮ ਬੰਦ ਨਾ ਕੀਤਾ ਗਿਆ ਤਾਂ ਅਸੀਂ ਮਰਦੇ ਦਮ ਤੱਕ ਜੇਹਾਦ ਦਾ ਰਾਹ ਅਪਣਾਵਾਂਗੇ। ਅਸੀਂ ਤੁਹਾਨੂੰ ਸਭ ਨੂੰ ਇਹ ਪੈਗਾਮ ਦੇਣਾ ਚਾਹੁੰਦੇ ਹਾਂ ਕਿ 29 ਅਕਤੂਬਰ ਦੁਪਹਿਰ 12 ਵੱਜ ਕੇ 18 ਮਿੰਟ 'ਤੇ ਜ਼ਿਲਾ ਅਦਾਲਤ ਅਤੇ 12 ਵੱਜ ਕੇ 28 ਮਿੰਟ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਸਾਡੇ ਵਲੋਂ 'ਉਦਘਾਟਨ' ਕੀਤਾ ਜਾਵੇਗਾ। ਤੁਹਾਨੂੰ ਸਭ ਵਕੀਲ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਸਾਡੇ ਉਦਘਾਟਨ ਤੋਂ ਦੂਰ ਰਹੋ, ਕਿਉਂਕਿ ਸਾਡੇ ਉਦਘਾਟਨ ਪਿੱਛੋਂ ਇਹੋ ਜਿਹਾ ਧਮਾਕਾ ਹੋਵੇਗਾ ਕਿ ਤੁਹਾਡੀ ਸਰਕਾਰ ਨੂੰ ਜ਼ਿਲਾ ਅਦਾਲਤ ਅਤੇ ਹਾਈ ਕੋਰਟ ਬਣਾਉਣ ਲਈ ਮੁੜ ਤੋਂ ਮਿਹਨਤ ਕਰਨੀ ਪਏਗੀ। ਅੱਲ੍ਹਾ ਦੀ ਰਹਿਮਤ ਨਾਲ ਅਸੀਂ ਸਭ ਤਿਆਰੀ ਕਰ ਚੁੱਕੇ ਹਾਂ। ਜੈਸ਼-ਏ-ਮੁਹੰਮਦ ਅਤੇ 9/11 ਨੂੰ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਹੋਵੋਗੇ। ਇਸ ਵਾਰ ਦਾ ਉਦਘਾਟਨ 9/11 ਤੋਂ ਵੀ ਚੰਗਾ ਹੋਵੇਗਾ।


rajwinder kaur

Content Editor

Related News