ਜ਼ਿਲਾ ਪ੍ਰਬੰਧਕੀ ਕੰਪਲੈਕਸ ਤੇ ਕਚਹਿਰੀ ਦੇ ਬਾਹਰ ਲੱਗੇ ਗੰਦਗੀ ਦੇ ਢੇਰ, ਲੋਕ ਪ੍ਰੇਸ਼ਾਨ

Tuesday, Oct 24, 2017 - 03:25 AM (IST)

ਜ਼ਿਲਾ ਪ੍ਰਬੰਧਕੀ ਕੰਪਲੈਕਸ ਤੇ ਕਚਹਿਰੀ ਦੇ ਬਾਹਰ ਲੱਗੇ ਗੰਦਗੀ ਦੇ ਢੇਰ, ਲੋਕ ਪ੍ਰੇਸ਼ਾਨ

ਗੁਰਦਾਸਪੁਰ,   (ਦੀਪਕ)– ਇਕ ਪਾਸੇ ਕੇਂਦਰ ਸਰਕਾਰ ਸਵੱਛ ਭਾਰਤ ਮੁਹਿੰਮ ਦੇ ਨਾਅਰੇ ਲਾ ਰਹੀ ਹੈ ਤੇ ਦੇਸ਼ ਨੂੰ ਸਾਫ-ਸੁਥਰਾ ਰੱਖਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਸਰਕਾਰੀ ਮੁਲਾਜ਼ਮ ਹੀ ਇਨ੍ਹਾਂ ਸਾਰੀਆਂ ਗੱਲਾਂ ਨੂੰ ਅਣਗੌਲਿਆਂ ਕਰ ਰਹੇ ਹਨ, ਜਿਸ ਦੀ ਮਿਸਾਲ ਗੁਰਦਾਸਪੁਰ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਅਤੇ ਜ਼ਿਲਾ ਕਚਹਿਰੀ ਦੇ ਬਾਹਰ ਲੱਗੇ ਕਈ ਦਿਨਾਂ ਤੋਂ ਗੰਦਗੀ ਦੇ ਢੇਰ ਵੱਲ ਕਿਸੇ ਵੀ ਵੱਡੇ ਅਧਿਕਾਰੀ ਦਾ ਧਿਆਨ ਨਹੀਂ ਗਿਆ, ਜਦਕਿ ਇਥੋਂ ਰੋਜ਼ਾਨਾ ਡੀ. ਸੀ., ਐੱਸ. ਐੱਸ. ਪੀ. ਅਤੇ ਸੀਨੀਅਰ ਜੱਜ ਸਾਹਿਬ ਵੀ ਲੰਘਦੇ ਹਨ ਪਰ ਇਥੇ ਲੱਗੇ ਗੰਦਗੀ ਦੇ ਢੇਰ ਨੂੰ ਚੁੱਕਵਾਉਣਾ ਕਿਸੇ ਨੇ ਵੀ ਜ਼ਰੂਰੀ ਨਹੀਂ ਸਮਝਿਆ। 
ਹਾਲਾਂਕਿ ਇਥੇ ਡੰਪ ਵੀ ਲੱਗਿਆ ਹੋਇਆ ਹੈ ਪਰ ਫਿਰ ਵੀ ਲੋਕਾਂ ਵੱਲੋਂ ਕੂੜਾ ਬਾਹਰ ਸੁੱਟਣ ਕਾਰਨ ਗੰਦਗੀ ਦਾ ਢੇਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਇਥੋਂ ਲੰਘਦੇ ਭਾਰੀ ਗਿਣਤੀ ਵਿਚ ਲੋਕਾਂ ਅਤੇ ਜ਼ਿਲਾ ਕਚਹਿਰੀ ਦੇ ਬਾਹਰ ਬੈਠੇ ਨੋਟਰੀ ਅਤੇ ਵਕੀਲਾਂ ਨੇ ਗੰਦਗੀ ਦਾ ਢੇਰ ਚੁੱਕਵਾਉਣ ਦੀ ਸੀਨੀਅਰ ਅਧਿਕਾਰੀਆਂ ਤੋਂ ਮੰਗ ਕੀਤੀ ਹੈ।  ਦੂਜੇ ਪਾਸੇ ਨਗਰ ਕੌਂਸਲ ਦੇ ਕਰਮਚਾਰੀਆਂ ਦੇ ਕੰਮ 'ਤੇ ਵੀ ਸਵਾਲੀਆ ਨਿਸ਼ਾਨ ਲੱਗਦਾ ਹੈ ਕੀ ਉਹ ਆਪਣੇ ਕੰਮ ਪ੍ਰਤੀ ਚੌਕਸ ਹਨ ਜਾਂ ਨਹੀਂ? ਕਿਉਂਕਿ ਜ਼ਿਲਾ ਪ੍ਰਬੰਧਕੀ ਕੰਪਲੈਕਸ ਅਤੇ ਜ਼ਿਲਾ ਕਚਹਿਰੀ ਵਾਲਾ ਰਸਤਾ ਗੁਰਦਾਸਪੁਰ ਜ਼ਿਲੇ ਦਾ ਅਹਿਮ ਰਸਤਾ ਹੈ, ਇਥੇ ਜ਼ਿਲੇ ਦੇ ਕਈ ਅਹਿਮ ਦਫਤਰ ਅਤੇ ਸੀਨੀਅਰ ਅਧਿਕਾਰੀ ਇਥੇ ਬੈਠਦੇ ਹਨ ਪਰ ਕਈ ਦਿਨਾਂ ਤੋਂ ਲੱਗੇ ਗੰਦਗੀ ਦੇ ਢੇਰ ਤੋਂ ਲੱਗਦਾ ਹੈ ਕਿ ਨਗਰ ਕੌਂਸਲ ਦੇ ਕਰਮਚਾਰੀ ਵੀ ਆਪਣੇ ਕੰਮ ਪ੍ਰਤੀ ਚੌਕਸ ਨਹੀਂ ਹਨ।
ਜਾਣਕਾਰੀ ਮੁਤਾਬਿਕ ਗੁਰਦਾਸਪੁਰ ਦੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਅਤੇ ਜ਼ਿਲਾ ਕਚਹਿਰੀ ਦੇ ਮੇਨ ਗੇਟ ਦੇ ਨਜ਼ਦੀਕ ਲੱਗੇ ਗੰਦਗੀ ਦੇ ਢੇਰ ਨੇ ਲੋਕਾਂ ਦਾ ਇਥੋਂ ਲੰਘਣਾ ਮੁਸ਼ਕਲ ਕੀਤਾ ਹੋਇਆ ਹੈ ਅਤੇ ਢੇਰ ਵਿਚੋਂ ਬਦਬੂ ਆਉਣ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ।  ਇਸ ਸਬੰਧੀ ਜ਼ਿਲਾ ਕਚਹਿਰੀ ਦੇ ਬਾਹਰ ਬੈਠੇ ਨੋਟਰੀ, ਵਕੀਲਾਂ ਅਤੇ ਇਥੋਂ ਰੋਜ਼ਾਨਾ ਲੰਘਣ ਵਾਲੇ ਕੁਝ ਲੋਕਾਂ ਨੇ ਸੀਨੀਅਰ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਥੇ ਲੱਗਾ ਗੰਦਗੀ ਦਾ ਢੇਰ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਕਹਿ ਕੇ ਚੁੱਕਵਾਇਆ ਜਾਵੇ, ਕਿਉਂਕਿ ਕੂੜੇ ਦੇ ਢੇਰ ਤੋਂ ਗੰਦੀ ਬਦਬੂ ਆ ਰਹੀ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਇਸ ਗੰਦਗੀ ਦੇ ਢੇਰ ਨੂੰ ਜਲਦ ਤੋਂ ਜਲਦ ਇਥੋਂ ਉਠਾਇਆ ਜਾਵੇ ਤਾਂ ਜੋ ਅਸੀਂ ਹੋਰ ਭਿਆਨਕ ਬੀਮਾਰੀਆਂ ਨਾਲ ਗ੍ਰਸਤ ਨਾ ਹੋ ਸਕੀਏ।


Related News