ਲੁਧਿਆਣਾ ਬੰਬ ਧਮਾਕੇ ਮਗਰੋਂ ਪੰਜਾਬ ''ਚ ਸਖ਼ਤੀ, DGP ਨੇ ਪੁਲਸ ਅਧਿਕਾਰੀਆਂ ਨੂੰ ਦਿੱਤੇ ਖ਼ਾਸ ਨਿਰਦੇਸ਼

Saturday, Dec 25, 2021 - 10:48 AM (IST)

ਲੁਧਿਆਣਾ ਬੰਬ ਧਮਾਕੇ ਮਗਰੋਂ ਪੰਜਾਬ ''ਚ ਸਖ਼ਤੀ, DGP ਨੇ ਪੁਲਸ ਅਧਿਕਾਰੀਆਂ ਨੂੰ ਦਿੱਤੇ ਖ਼ਾਸ ਨਿਰਦੇਸ਼

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਨੇ ਸ਼ੁੱਕਰਵਾਰ ਨੂੰ ਸਾਰੇ ਸੀ. ਪੀਜ਼/ ਐੱਸ. ਐੱਸ. ਪੀਜ਼ ਨੂੰ ਸੂਬੇ ਵਿਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਰੋਕਥਾਮ, ਸਾਵਧਾਨੀ ਅਤੇ ਸੰਚਾਲਨ ਸੁਰੱਖਿਆ ਉਪਾਅ ਹੋਰ ਸਰਗਰਮੀ ਨਾਲ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਡੀ. ਜੀ. ਪੀ. ਦੇ ਨਾਲ ਏ. ਡੀ. ਜੀ. ਪੀ. ਅੰਦਰੂਨੀ ਸੁਰੱਖਿਆ ਆਰ. ਐੱਨ. ਢੋਕੇ, ਏ. ਡੀ. ਜੀ. ਪੀ. ਐੱਸ. ਟੀ. ਐੱਫ. ਹਰਪ੍ਰੀਤ ਸਿੰਘ ਸਿੱਧੂ, ਏ. ਡੀ. ਜੀ. ਪੀ ਇੰਟੈਲੀਜੈਂਸ ਏ. ਐੱਸ. ਰਾਏ, ਏ. ਡੀ. ਜੀ. ਪੀ. ਚੋਣਾਂ ਸ਼ਸ਼ੀ ਪ੍ਰਭਾ ਦਿਵੇਦੀ ਅਤੇ ਏ. ਡੀ. ਜੀ. ਪੀ. ਲਾਅ ਐਂਡ ਆਰਡਰ ਡਾ. ਨਰੇਸ਼ ਅਰੋੜਾ ਨੇ ਸੂਬੇ ਵਿਚ ਅਪਰਾਧ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਸਾਰੇ ਸੀ. ਪੀਜ਼/ ਐੱਸ. ਐੱਸ. ਪੀਜ਼ ਨਾਲ ਉੱਚ ਪੱਧਰੀ ਵਰਚੂਅਲ ਮੀਟਿੰਗ ਕੀਤੀ।

ਇਹ ਵੀ ਪੜ੍ਹੋ : ਲੁਧਿਆਣਾ ਧਮਾਕਾ : ਬੰਬਰ ਗੱਗੀ ਦੇ ਗ੍ਰਿਫ਼ਤਾਰ ਸਾਥੀਆਂ ਨੇ ਉਗਲੇ ਵੱਡੇ ਰਾਜ਼, ਧਮਾਕੇ ਵਾਲੀ ਸਮੱਗਰੀ ਬਾਰੇ ਕੀਤਾ ਖ਼ੁਲਾਸਾ

ਇਹ ਮੀਟਿੰਗ ਹਾਲ ਹੀ ਵਿਚ ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਬੰਬ ਧਮਾਕੇ ਦੇ ਮੱਦੇਨਜ਼ਰ ਕੀਤੀ ਗਈ। ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਨੇ ਸੀ. ਪੀਜ਼/ ਐੱਸ. ਐੱਸ. ਪੀਜ਼ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿਚ ਲੈਣ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਜੇਕਰ ਕੋਈ ਵਿਅਕਤੀ ਕਿਸੇ ਵੀ ਹਿੰਸਕ ਗਤੀਵਿਧੀਆਂ ਵਿਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ ਅਤੇ ਉਚਿਤ ਅਪਰਾਧਿਕ ਕੇਸ ਤੁਰੰਤ ਦਰਜ ਕੀਤੇ ਜਾਣ। ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਡੀ. ਜੀ. ਪੀ. ਨੇ ਪੁਲਸ ਅਧਿਕਾਰੀਆਂ ਨੂੰ ਸਾਰੀਆਂ ਸੰਵੇਦਨਸ਼ੀਲ ਥਾਵਾਂ ’ਤੇ ਚੌਕਸੀ ਰੱਖਣ ਅਤੇ ਨਾਕਿਆਂ ’ਤੇ ਵੱਧ ਤੋਂ ਵੱਧ ਪੁਲਸ ਬਲ ਤਾਇਨਾਤ ਕਰਨ ਦੇ ਨਾਲ-ਨਾਲ ਬਜ਼ਾਰਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨ ਸਮੇਤ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਦਿਨ-ਰਾਤ ਪੁਲਸ ਗਸ਼ਤ ਅਤੇ ਚੈਕਿੰਗ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ : ਲੁਧਿਆਣਾ : ਬੰਬ ਧਮਾਕੇ ਨਾਲ ਵਿਅਕਤੀ ਦੇ ਚਿੱਥੜੇ ਉੱਡੇ, 10 ਫੁੱਟ ਉੱਚੀ ਛੱਤ 'ਤੇ ਜਾ ਪਏ ਖੂਨ ਦੇ ਛਿੱਟੇ

ਉਨ੍ਹਾਂ ਇਹ ਵੀ ਕਿਹਾ ਕਿ ਇਸ ਦੌਰਾਨ ਆਮ ਲੋਕਾਂ ਖਾਸ ਕਰ ਕੇ ਔਰਤਾਂ ਅਤੇ ਬਜ਼ੁਰਗਾਂ ਨੂੰ ਕੋਈ ਅਸੁਵਿਧਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਆਪਣੇ ਸਬੰਧਤ ਜ਼ਿਲ੍ਹਿਆਂ ਵਿਚ ਪੁਲਸ ਕੰਟਰੋਲ ਰੂਮ ਅਤੇ ਮੋਬਾਇਲ ਗਸ਼ਤ ਨੂੰ ਸਰਗਰਮ ਕਰਨ ਦੇ ਵੀ ਨਿਰਦੇਸ਼ ਦਿੱਤੇ। ਡੀ. ਜੀ. ਪੀ. ਨੇ ਸੀ. ਪੀਜ਼/ ਐੱਸ. ਐੱਸ. ਪੀਜ਼ ਨੂੰ ਸਖ਼ਤ ਹਦਾਇਤਾਂ ਵੀ ਦਿੱਤੀਆਂ ਕਿ ਡੀ. ਜੀ. ਪੀ. ਜਾਂ ਏ. ਡੀ. ਜੀ. ਪੀ. ਸੁਰੱਖਿਆ ਦੇ ਉਚਿਤ ਹੁਕਮਾਂ ਤੋਂ ਬਿਨ੍ਹਾਂ ਕਿਸੇ ਵੀ ਵਿਅਕਤੀ ਨੂੰ ਅਣ-ਅਧਿਕਾਰਤ ਸੁਰੱਖਿਆ ਨਾ ਦਿੱਤੀ ਜਾਵੇ। ਜੇਕਰ ਪਹਿਲਾਂ ਹੀ ਅਜਿਹਾ ਕੀਤਾ ਗਿਆ ਹੈ ਤਾਂ ਇਕ ਦਿਨ ਦੇ ਅੰਦਰ ਸੁਰੱਖਿਆ ਵਾਪਸ ਲਈ ਜਾਵੇ। ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਪੁਲਸ-ਅਪਰਾਧਿਕ ਗਠਜੋੜ ਵਿਚ ਸ਼ਾਮਿਲ ਪਾਏ ਜਾਣ ’ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਵੀ ਦਿੱਤੀ।

ਇਹ ਵੀ ਪੜ੍ਹੋ : ਲੁਧਿਆਣਾ ਧਮਾਕੇ ਦੇ ਖ਼ਾਲਿਸਤਾਨ ਨਾਲ ਜੁੜੇ ਤਾਰ, ਬੱਬਰ ਖ਼ਾਲਸਾ ਨੇ ਗੈਂਗਸਟਰ ਰਿੰਦਾ ਨਾਲ ਮਿਲ ਕੇ ਕੀਤਾ ਬਲਾਸਟ

ਡੀ. ਜੀ. ਪੀ. ਚਟੋਪਾਧਿਆਏ ਨੇ ਸੀ. ਪੀਜ਼/ਐੱਸ. ਐੱਸ. ਪੀਜ਼ ਨੂੰ ਵੀ ਹਦਾਇਤ ਕੀਤੀ ਕਿ ਉਹ ਨਸ਼ਾ ਤਸਕਰਾਂ/ਸਪਲਾਇਰਾਂ ਖ਼ਿਲਾਫ਼ ਆਪਣੀ ਕਾਰਵਾਈ ਜਾਰੀ ਰੱਖਣ ਤਾਂ ਜੋ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਿਆ ਜਾ ਸਕੇ। ਉਨ੍ਹਾਂ ਨੇ ਹਰੇਕ ਪੁਲਸ ਅਧਿਕਾਰੀ/ਕਰਮਚਾਰੀ ਨੂੰ ਨਸ਼ਾ ਸਮੱਗਲਿੰਗ ਵਿਚ ਸ਼ਾਮਲ ਲੋਕਾਂ ਦੀ ਸ਼ਨਾਖਤ ਕਰਨ ਲਈ ਮਿਲ ਕੇ ਕੰਮ ਕਰਨ ਲਈ ਕਿਹਾ ਅਤੇ ਉਨ੍ਹਾਂ ਦੇ ਸਬੰਧਤ ਜ਼ਿਲ੍ਹਿਆਂ ਵਿਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਨੂੰ ਰੋਕਣ ਲਈ ਵਿਸ਼ੇਸ਼ ਟਾਸਕ ਫੋਰਸ (ਐੱਸ. ਟੀ. ਐੱਫ.) ਨਾਲ ਤਾਲਮੇਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News