ਡੇਰਾ ਮੁਖੀ ਲਈ ਕੀਤੀ ਅਰਦਾਸ ਦੇ ਮਾਮਲੇ 'ਚ ਨਵਾਂ ਮੋੜ, ਹੁਣ ਭਾਜਪਾ ਆਗੂ ਖ਼ਿਲਾਫ਼ ਕਾਰਵਾਈ ਦੀ ਮੰਗ

Wednesday, May 26, 2021 - 08:06 PM (IST)

ਡੇਰਾ ਮੁਖੀ ਲਈ ਕੀਤੀ ਅਰਦਾਸ ਦੇ ਮਾਮਲੇ 'ਚ ਨਵਾਂ ਮੋੜ, ਹੁਣ ਭਾਜਪਾ ਆਗੂ ਖ਼ਿਲਾਫ਼ ਕਾਰਵਾਈ ਦੀ ਮੰਗ

ਬਠਿੰਡਾ (ਕੁਨਾਲ ਬਾਂਸਲ): ਬਠਿੰਡਾ ਵਿੱਚ ਬੀਤੇ ਕੁਝ ਦਿਨ ਪਹਿਲਾਂ ਇਕ ਨਿਹੰਗ ਬਾਣੇ ਵਿੱਚ ਵਿਅਕਤੀ ਵੱਲੋਂ ਜਬਰ-ਜ਼ਿਨਾਹ ਦੇ ਦੋਸ਼ ਹੇਠ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਰਿਹਾਈ ਲਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਹਤਯਾਬੀ ਲਈ ਕੀਤੀ ਅਰਦਾਸ ਦਾ ਮਾਮਲਾ ਤੂਲ ਫੜਦਾ ਹੋਇਆ ਨਜ਼ਰ ਆ ਰਿਹਾ ਹੈ। ਕਿਉਂਕਿ ਇਸ ਮਾਮਲੇ ਨੂੰ ਲੈ ਕੇ ਜਿੱਥੇ ਸਿੱਖ ਜਥੇਬੰਦੀਆਂ ਪੁਲਸ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਅਜਿਹਾ ਕਰਨ ਵਾਲੇ ਵਿਅਕਤੀਆਂ ’ਤੇ ਸਖ਼ਤ ਕਾਰਵਾਈ ਦੀ ਮੰਗ ਕਰਦੀਆਂ ਹਨ ਉੱਥੇ ਹੀ ਸੀਨੀਅਰ ਐਡਵੋਕੇਟ ਹਰਪਾਲ ਸਿੰਘ ਖਾਰਾ ਵੱਲੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਰਦਾਸ ਕਰਨ ਵਾਲੇ ਗੁਰਸਿੱਖ ਵਿਅਕਤੀ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ। ਉਥੇ ਹੀ ਅੱਜ ਉਨ੍ਹਾਂ ਇਕ ਸੀ.ਸੀ.ਟੀ.ਵੀ. ਫੁਟੇਜ ਜਾਰੀ ਕਰਦਿਆਂ ਕਿਹਾ ਕਿ ਇਸ ਸਾਰੇ ਮਾਮਲੇ ਲਈ ਜ਼ਿੰਮੇਵਾਰ ਸ਼ਹਿਰ ਦਾ ਨਾਮੀ ਭਾਜਪਾ ਆਗੂ ਸੁਖਪਾਲ ਸਰਾਂ ਹੈ ਜੋ ਕਿ ਵੀਡੀਓ ਵਿੱਚ ਆਪਣੇ ਗੰਨਮੈਨਾਂ ਨਾਲ ਸਾਫ਼ ਦਿਖਾਈ ਦੇ ਰਿਹਾ ਹੈ ਤੇ ਬਠਿੰਡਾ ਪੁਲਸ ਕਾਰਵਾਈ ਨਹੀਂ ਕਰ ਰਹੀ। ਵੀਡੀਓ ’ਚ ਦੇਖਿਆ ਗਿਆ ਹੈ ਕਿ ਸੁਖਪਾਲ ਸਰਾਂ ਜਿਹੜੇ ਨਿਹੰਗ ਵਲੋਂ ਬੇਅਦਬੀ ਕੀਤੀ ਗਈ ਉਸ ਨੂੰ ਨਵਾਂ ਟਰੈਕਟਰ ਦੇ ਰਿਹਾ ਹੈ। ਇੱਥੋਂ ਤੱਕ ਕਿ ਉਨ੍ਹਾਂ ਨਾਲ ਮੌਜੂਦ ਮਹਿਲਾ ਪੁਲਸ ਮੁਲਾਜ਼ਮ ਦੇ ਬਿਆਨ ਵੀ ਦਰਜ ਨਹੀਂ ਕੀਤੇ ਜਾ ਰਹੇ।

ਇਹ ਵੀ ਪੜ੍ਹੋ: ਆਜ਼ਾਦੀ ਦੇ 74 ਸਾਲ ਬਾਅਦ ਵੀ ਮੁੱਲ ਦਾ ਪਾਣੀ ਪੀ ਰਿਹੈ ਫਾਜ਼ਿਲਕਾ ਦਾ ਪਿੰਡ ਘੱਲੂ

ਐਡਵੋਕੇਟ ਖਾਰਾ ਨੇ ਕਿਹਾ ਕਿ ਬਠਿੰਡਾ ਪੁਲਸ ਪ੍ਰਸ਼ਾਸਨ ਬਠਿੰਡਾ ਵਿਖੇ ਵੀ ਬੇਅਦਬੀ ਕਾਂਡ ਕਰਾਉਣ ਦੀ ਤਾਕ ਵਿੱਚ ਹੈ, ਜਿਸ ਦੇ ਚੱਲਦੇ ਇਸ ਮਾਮਲੇ ਵਿਚ ਜ਼ਿੰਮੇਵਾਰ ਵਿਅਕਤੀਆਂ ਤੇ ਬਿਆਨ ਦਰਜ ਨਹੀਂ ਕੀਤੇ ਜਾ ਰਹੇ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੁਲਸ ਪ੍ਰਸ਼ਾਸਨ ਬਠਿੰਡਾ ਦਾ ਮਾਹੌਲ ਖ਼ਰਾਬ ਕਰਨ ਦੀ ਤਾਕ ਵਿੱਚ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਵੀਡੀਓ ਵਿੱਚ ਜੋ ਵਿਅਕਤੀ ਅਤੇ ਪੁਲਸ ਮੁਲਾਜ਼ਮ ਦਿਖ ਰਹੇ ਹਨ ਉਨ੍ਹਾਂ ’ਤੇ ਤੁਰੰਤ ਬਿਆਨ ਦਰਜ ਕੀਤੇ ਜਾਣ ਅਤੇ ਇਸ ਗੰਭੀਰ ਮਸਲੇ ਵਿਚ ਜ਼ਿੰਮੇਵਾਰ ਵਿਅਕਤੀਆਂ ਅਤੇ ਭਾਜਪਾ ਦੇ ਆਗੂ ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ: ਡੇਰਾ ਪ੍ਰੇਮੀਆਂ ਦੇ ਹੈਰਾਨੀਜਨਕ ਪ੍ਰਗਟਾਵੇ, ਭਡ਼ਕਾਊ ਪੋਸਟਰ ਲਿਖਣ ਅਤੇ ਲਾਉਣ ਤੋਂ ਇਲਾਵਾ ਕਬੂਲੇ ਕਈ ਸੱਚ

ਉੱਥੇ ਦਲ ਖਾਲਸਾ ਦੇ ਨੇਤਾ ਨੇ ਕਿਹਾ ਕਿ ਵਿਵਾਦਿਤ ਅਰਦਾਸ ਜੋ ਬੀਤੇ ਦਿਨ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ ਹੈ ਉਹ ਬੇਹੱਦ ਗ਼ਲਤ ਹੋਇਆ ਜੋ ਬਲਾਤਕਾਰੀ ਰਾਮ ਰਹੀਮ ਜੇਲ੍ਹ ਵਿੱਚ ਬੰਦ ਹੈ। ਉਸ ਦੋਸ਼ੀ ਦੀ ਰਿਹਾਈ ਦੀ ਅਰਦਾਸ ਗੁਰਦੁਆਰਾ ਸਾਹਿਬ ਵਿਖੇ ਇੱਕ ਸਾਜਿਸ਼ ਦੇ ਤਹਿਤ ਕੀਤੀ ਗਈ ਹੈ ਜਿਸ ਵਿਚ ਬੀ.ਜੇ.ਪੀ. ਦਾ ਪੰਜਾਬ ਸਕੱਤਰ ਸੁਖਪਾਲ ਸਰਾ ਸ਼ਾਮਲ ਹੈ। ਉਸ ਵੱਲੋਂ ਸਾਰੀ ਸਾਜ਼ਿਸ਼ ਰਚੀ ਗਈ ਸਿੱਖਾਂ ਵੱਲੋਂ ਰਿਪੋਰਟ ਤਿਆਰ ਕਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾਣੀ ਹੈ। ਜੇਕਰ ਇਨ੍ਹਾਂ ਦੋਸ਼ੀਆਂ ਦੇ ਖ਼ਿਲਾਫ਼ ਪਰਚਾ ਦਰਜ ਕਰਕੇ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਸਿੱਖ ਜੱਥੇਬੰਦੀਆਂ ਵੱਲੋਂ ਸੰਘਰਸ਼ ਕੀਤੇ ਜਾਣਗੇ।

ਇਹ ਵੀ ਪੜ੍ਹੋ: 7 ਸਾਲ ਪਹਿਲਾਂ 'ਹੁਣੇ ਆਇਆ' ਕਹਿ ਕੇ ਘਰੋਂ ਗਏ ਭਰਾ ਦਾ ਅੱਜ ਵੀ ਭੈਣ ਕਰ ਰਹੀ ਹੈ ਇੰਤਜ਼ਾਰ


author

Shyna

Content Editor

Related News