ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਕਰਤਾਰਪੁਰ ਸਾਹਿਬ ''ਚ ਸੇਵਾ ਕਰਨ ਲਈ ਪਹਿਲਾਂ ਜਥਾ ਰਵਾਨਾ

12/12/2019 1:45:20 PM

ਡੇਰਾ ਬਾਬਾ ਨਾਨਕ (ਵਤਨ) : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ 'ਚ ਸੰਗਤਾਂ ਦੀ ਸਹੂਲਤ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਬਾਂ ਭਾਰ ਹੋਈ ਪਈ ਹੈ ਅਤੇ ਸੰਗਤਾਂ ਦੀ ਸਹੂਲਤ ਲਈ ਕਈ ਪ੍ਰੋਜੈਕਟ ਵੀ ਸ਼ੁਰੂ ਕਰ ਚੁੱਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਿਥੇ ਕਸਬੇ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਮੈਨੇਜਰ ਰਣਜੀਤ ਸਿੰਘ ਕਲਿਆਣਪੁਰ ਦੀ ਰਹਿਨੁਮਾਈ ਹੇਠ ਸੰਗਤਾਂ ਦੀ ਰਿਹਾਇਸ਼ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਉਥੇ ਸੰਗਤਾਂ ਨੂੰ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਤੱਕ ਫ੍ਰੀ ਬੱਸ ਸੇਵਾ ਵੀ ਸ਼ੁਰੂ ਕੀਤੀ ਹੋਈ ਹੈ, ਜੋ ਸੰਗਤ ਨੂੰ ਰੇਲਵੇ ਸਟੇਸ਼ਨ, ਬਸ ਅੱਡੇ ਤੋਂ ਲੈ ਕੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਪਹੁੰਚਦੀ ਹੈ ਅਤੇ ਸੰਗਤ ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਤੱਕ ਵੀ ਪਹੁੰਚਾ ਕੇ ਆਉਂਦੀ ਹੈ।

ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੀ ਕਵਾਇਦ ਹੇਠ ਅੱਜ ਤੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਰੋਜ਼ਾਨਾਂ ਹੀ ਇਕ ਹਜ਼ੂਰੀ ਰਾਗੀਆਂ ਦਾ ਜਥਾ ਕਰਤਾਰਪੁਰ ਕੋਰੀਡੋਰ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਭੇਜਿਆ ਕਰੇਗੀ। ਇਹ ਜਥਾ ਸਾਰਾ ਦਿਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਗੁਰਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਿਆ ਕਰੇਗਾ ਅਤੇ ਇਸ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੀ ਸੇਵਾ ਵੀ ਕਰਿਆ ਕਰੇਗਾ ਅਤੇ ਸ਼ਾਮ ਨੂੰ ਆਮ ਸ਼ਰਧਾਲੂਆਂ ਵਾਂਗ ਵਾਪਸ ਕਰਤਾਰਪੁਰ ਕੋਰੀਡੋਰ ਰਾਹੀਂ ਵਾਪਸ ਭਾਰਤ ਪਰਤ ਆਇਆ ਕਰੇਗਾ। ਅਗਲੀ ਸਵੇਰ ਨੂੰ ਇਕ ਹੋਰ ਜਥਾ ਕਰਤਾਰਪੁਰ ਕੋਰੀਡੋਰ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ 'ਚ ਸੇਵਾ ਲਈ ਮੁੜ ਰਵਾਨਾ ਹੋ ਜਾਇਆ ਕਰੇਗਾ।

ਇਸੇ ਮੰਤਵ ਨਾਲ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ 'ਚ ਸੇਵਾ ਲਈ ਪਹਿਲਾਂ ਹਜ਼ੂਰੀ ਰਾਗੀ ਜਥਾ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਇਆ। ਇਸ ਜਥੇ 'ਚ ਭਾਈ ਪਲਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸਹਿਯੋਗੀ ਭਾਈ ਮਨਦੀਪ ਸਿੰਘ, ਭਾਈ ਸੁਖਜਿੰਦਰ ਸਿੰਘ ਆਦਿ ਪ੍ਰਮੁੱਖ ਹਨ। ਇਸ ਤੋਂ ਇਲਾਵਾ ਸਤਨਾਮ ਸਿੰਘ ਨੌਸ਼ਹਿਰਾ ਪੰਨੂੰਆਂ ਲੰਗਰਾਂ ਦੀ ਸੇਵਾ ਲਈ ਵੀ ਰਵਾਨਾ ਹੋਇਆ। ਇਸ ਮੌਕੇ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਣ ਤੋਂ ਪਹਿਲਾਂ ਹਜ਼ੂਰੀ ਰਾਗੀਆਂ ਦੇ ਜਥੇ ਨੇ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਬੜੇ ਵਡਭਾਗੇ ਹਾਂ ਕਿ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੇਵਾ ਕਰਨ ਜਾ ਰਹੇ ਹਾਂ ਅਤੇ ਸਾਨੂੰ ਅੱਜ ਇਕ ਅਨੋਖੀ ਸ਼ਾਂਤੀ ਪ੍ਰਾਪਤ ਹੋਣ ਜਾ ਰਹੀ ਹੈ, ਜਿਸ ਨੂੰ ਅਸੀਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ।

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ 'ਚ ਸੇਵਾ ਕਰਨ ਲਈ ਰਵਾਨਾ ਹੋਣ ਤੋਂ ਪਹਿਲਾਂ ਸਥਾਨਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਮੈਨਜਰ ਰਣਜੀਤ ਸਿੰਘ ਕਲਿਆਣਪੁਰ ਅਤੇ ਸਤਬੀਰ ਸਿੰਘ ਬਿਟੂ ਪੀ. ਏ. ਨੇ ਜਥੇ ਨੂੰ ਸਿਰੋਪਾਓ ਦੀ ਬਖਸ਼ਿਸ਼ ਨਾਲ ਸਨਮਾਨ ਕੀਤਾ। ਇਸ ਮੌਕੇ ਸੁਖਦੇਵ ਸਿੰਘ ਸੇਵਾਦਾਰ, ਸੂਰਤਾ ਸਿੰਘ ਸੇਵਾਦਾਰ, ਗੁਰਦੇਵ ਸਿੰਘ ਗ੍ਰੰਥੀ, ਹਰਦੇਵ ਸਿੰਘ, ਬਲਵਿੰਦਰ ਸਿੰਘ ਰਿਕਾਰਡ ਕੀਪਰ, ਸੁਖਵਿੰਦਰ ਸਿੰਘ ਸਟੋਰ ਕੀਪਰ, ਵਜੀਰ ਸਿੰਘ ਸੇਵਾਦਾਰ ਵੀ ਹਾਜ਼ਰ ਸਨ।


Baljeet Kaur

Content Editor

Related News