ਕਿਸਾਨਾਂ ਦਾ ਨਾਂ ਸੂਚੀ ''ਚ ਨਾ ਹੋਣ ''ਤੇ ਸਹਿਕਾਰੀ ਬੈਂਕ ਨੂੰ ਦੇ ਸਕਦੇ ਹਨ ਅਰਜ਼ੀ
Friday, Jan 05, 2018 - 02:41 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਪੰਜਾਬ ਸਰਕਾਰ ਵੱਲੋਂ ਪੜਾਅਵਾਰ ਤਰੀਕੇ ਨਾਲ ਕਿਸਾਨੀ ਕਰਜ਼ੇ ਮੁਆਫ ਕਰਨ ਦਾ ਫੈਸਲਾ ਕੀਤਾ ਗਿਆ। ਇਸ ਫੈਸਲੇ ਤਹਿਤ ਪਹਿਲੇ ਫੇਜ਼ ਵਿਚ ਕੇਵਲ ਸਹਿਕਾਰੀ ਬੈਂਕਾਂ ਦੇ ਫਸਲੀ ਕਰਜ਼ੇ ਵਾਲੇ ਢਾਈ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਆਈ. ਏ. ਐਸ. ਨੇ ਦੱਸਿਆ ਕਿ ਇੰਨ੍ਹਾਂ ਸੂਚੀਆਂ ਵਿਚ ਕੋਈ ਤਰੂਟੀ ਨਾ ਹੋਵੇ, ਇਸੇ ਲਈ ਇਤਰਾਜ਼ ਅਤੇ ਦਾਅਵੇ ਲੈਣ ਲਈ ਸਹਿਕਾਰੀ ਬੈਂਕਾਂ ਤੋਂ ਫਸਲੀ ਕਰਜ਼ਾ ਲੈਣ ਵਾਲੇ ਢਾਈ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦੀਆਂ ਸੂਚੀਆਂ ਸਾਂਝੀਆਂ ਥਾਂਵਾਂ ਤੇ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਕ੍ਰਿਆ ਪੂਰੀ ਹੋ ਜਾਣ 'ਤੇ ਢਾਈ ਏਕੜ ਤੋਂ ਵੱਧ ਖੇਤੀ ਜੋਤ ਵਾਲੇ ਕਿਸਾਨਾਂ ਦੇ ਕੇਸ ਕਰਜ਼ ਮਾਫੀ ਲਈ ਵਿਚਾਰੇ ਜਾਣਗੇ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਕਿਸਾਨ ਕਿਸੇ ਘਬਰਾਹਟ ਵਿਚ ਨਾ ਆਉਣ ਅਤੇ ਜੇਕਰ ਕਿਸੇ ਢਾਈ ਏਕੜ ਤੋਂ ਘੱਟ ਮਾਲਕੀ ਵਾਲੇ ਕਿਸਾਨ ਜਿਸ ਨੇ ਸਹਿਕਾਰੀ ਬੈਂਕ ਤੋਂ ਫਸਲੀ ਕਰਜ਼ ਲਿਆ ਸੀ ਦਾ ਨਾਂਅ ਪਹਿਲੀ ਸੂਚੀ ਵਿਚ ਨਹੀਂ ਆਇਆ ਤਾਂ ਉਹ ਲਿਖਤੀ ਤੌਰ 'ਤੇ ਸਬੰਧਤ ਬੈਂਕ ਨੂੰ ਸ਼ਿਕਾਇਤ ਦੇਵੇ। ਇਸ ਸਬੰਧੀ ਲਿਖਤੀ ਸੂਚਨਾ ਬੈਂਕ 'ਚ ਦਿੱਤੀ ਜਾ ਸਕਦੀ ਹੈ।
