ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਘਟੀ, ਜਨ-ਜੀਵਨ ਪ੍ਰਭਾਵਿਤ
Thursday, Jan 02, 2025 - 04:56 PM (IST)
ਅਬੋਹਰ (ਸੁਨੀਲ) : ਸਰਦੀਆਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹੁਣ ਕੋਹਰਾ ਪੈਣ ਦੇ ਨਾਲ ਹੀ ਸੰਘਣੀ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਹੈ ਅਤੇ ਤਾਪਮਾਨ ਹੋਰ ਵੀ ਡਿੱਗ ਗਿਆ ਹੈ। ਧੁੰਦ ਦੇ ਨਾਲ-ਨਾਲ ਚੱਲ ਰਹੀ ਸੀਤ ਲਹਿਰ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਧੁੰਦ ਕਾਰਨ ਸਵੇਰੇ 10 ਵਜੇ ਤੱਕ ਵੀ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ਦੀਆਂ ਹੈੱਡਲਾਈਟਾਂ ਦੀ ਮਦਦ ਨਾਲ ਹਾਈਵੇਅ ’ਤੇ ਲੰਘਣਾ ਪੈ ਰਿਹਾ ਹੈ। ਅੱਜ ਸਵੇਰੇ ਸ਼ਹਿਰ ਦਾ ਤਾਪਮਾਨ 12 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਹੈ।
ਸੀਤ ਲਹਿਰ ਜਾਰੀ ਹੈ ਅਤੇ 5 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਹੈ। ਇਸ ਤੋਂ ਇਲਾਵਾ ਧੁੰਦ ਦਾ ਕਹਿਰ ਵੱਧਦਾ ਜਾ ਰਿਹਾ ਹੈ। ਅੱਜ ਸਵੇਰੇ ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਦਿਨ ਵੇਲੇ ਹੈੱਡਲਾਈਟਾਂ ਦਾ ਸਹਾਰਾ ਲੈਣਾ ਪਿਆ। ਠੰਡ ਕਾਰਨ ਬੱਸ ਅਤੇ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਬਹੁਤ ਘੱਟ ਯਾਤਰੀ ਆਪਣੇ ਘਰਾਂ ਤੋਂ ਬਾਹਰ ਆ ਰਹੇ ਹਨ। ਮੌਸਮ ਮਾਹਿਰਾਂ ਅਨੁਸਾਰ ਅਗਲੇ ਕੁੱਝ ਦਿਨਾਂ ਤੱਕ ਠੰਡ ਜਾਰੀ ਰਹੇਗੀ। ਅਗਲੇ ਵੀਰਵਾਰ ਤੱਕ ਤਾਪਮਾਨ 10 ਤੋਂ 14 ਡਿਗਰੀ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਲੋਕਾਂ ਨੂੰ ਠੰਡ ਤੋਂ ਬਚਣ ਲਈ ਅੰਗੀਠੀ ਦਾ ਸਹਾਰਾ ਲੈਣਾ ਪੈ ਰਿਹਾ ਹੈ। ਠੰਡ ਕਾਰਨ ਬਾਜ਼ਾਰ ਵੀ ਦੇਰੀ ਨਾਲ ਖੁੱਲ੍ਹ ਰਹੇ ਹਨ।