ਸ਼੍ਰੋਮਣੀ ਕਮੇਟੀ ਦੀ ਚੋਣ ''ਚ ਜਾਣਬੂਝ ਕੇ ਕੀਤੀ ਜਾ ਰਹੀ ਦੇਰੀ : ਬੀਰ ਦਵਿੰਦਰ ਸਿੰਘ
Friday, Jan 22, 2021 - 12:10 AM (IST)
ਚੰਡੀਗੜ੍ਹ, (ਬਿਊਰੋ)- ਪੰਜਾਬ ਵਿਧਾਨਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਉਣ ਵਿਚ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ। ਅਜਿਹਾ ਲੱਗਦਾ ਹੈ ਕਿ ਕੈ. ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਵਿਚ ਗੁਪਤ ਸਮਝੌਤੇ ਮੁਤਾਬਿਕ ਕਮੇਟੀ ਦੀ ਚੋਣ ਪੰਜਾਬ ਅਸੈਂਬਲੀ ਦੀ ਚੋਣ ਤੋਂ ਪਹਿਲਾਂ ਨਹੀਂ ਹੋਣ ਦੇਣਾ ਚਾਹੁੰਦੇ ਹਨ। ਇਸ ਕਾਰਣ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਉਣ ਲਈ ਭਾਰਤ ਸਰਕਾਰ ਵਲੋਂ ਨਿਯੁਕਤ ਕੀਤੇ ਗਏ ਕਮਿਸ਼ਨ ਨੂੰ ਰਿਵਾਇਤੀ ਕਾਰਜ ਸ਼ੁਰੂ ਕਰਨ ਲਈ ਕੈ. ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਦੱਸਿਆ ਜਾ ਰਿਹਾ ਹੈ ਪੰਜਾਬ ਸਰਕਾਰ ਨੇ ਹੁਣ ਤੱਕ ਕਮੇਟੀ ਦੀ ਚੋਣ ਲਈ ਮੁੱਖ ਚੋਣ ਕਮਿਸ਼ਨਰ ਨੂੰ ਦਫ਼ਤਰ ਤੱਕ ਲਈ ਕੋਈ ਇਮਾਰਤ ਨਹੀਂ ਦਿੱਤੀ ਹੈ। ਕਮੇਟੀ ਚੋਣ ਕਰਵਾਉਣ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਐੱਸ. ਐੱਸ. ਸਾਰੋਂ ਨੂੰ ਅਕਤੂਬਰ, 2020 ਵਿਚ ਬਤੋਰ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ।