ਦੌਲਤਪੁਰਾ ਮਾਈਨਰ ਟੁੱਟੀ, ਸੈਂਕੜੇ ਏਕੜ ਫਸਲ ਡੁੱਬੀ
Monday, Jul 23, 2018 - 02:39 AM (IST)

ਅਬੋਹਰ, (ਸੁਨੀਲ, ਰਹੇਜਾ)– ਅੱਜ ਸਵੇਰੇ ਪਿੰਡ ਆਲਮਗੜ੍ਹ ਦੇ ਨੇੜੇ ਦੌਲਤਪੁਰਾ ਮਾਈਨਰ ਟੁੱਟਣ ਨਾਲ ਸੈਂਕੜਿਆਂ ਏਕੜ ਫਸਲ ਡੁੱਬ ਗਈ। ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਪਿੰਡ ਆਲਮਗੜ੍ਹ ਦੇ ਕਿਸਾਨ ਅੰਮ੍ਰਿਤ ਸਿੰਘ, ਗੁਰਜੀਤ ਸਿੰਘ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਗੁਰਜੀਤ ਸਿੰਘ, ਅਮਰੀਕ ਸਿੰਘ, ਸਤਨਾਮ ਸਿੰਘ, ਮਾਡੂਰਾਮ, ਸ਼੍ਰੀਰਾਮ, ਬਲਰਾਮ, ਇਕਬਾਲ ਸਿੰਘ ਆਦਿ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 4 ਵਜੇ ਦੌਲਤਪੁਰਾ ਮਾਈਨਰ ’ਚ ਜੰਗੀਰ ਸਿੰਘ ਦੇ ਖੇਤ ਦੇ ਨੇੜੇ ਨਹਿਰ ’ਚ ਕਰੀਬ 70 ਫੁੱਟ ਦਾ ਪਾੜ ਪੈਣ ਨਾਲ ਕਰੀਬ 150 ਏਕੜ ਜ਼ਮੀਨ ’ਚ ਪਾਣੀ ਆਉਣ ਨਾਲ ਕਿਸਾਨਾਂ ਦੀ ਨਰਮੇ, ਧਾਨ ਦੀ ਫਸਲ ਅਤੇ ਸਬਜ਼ੀਆਂ ਅਤੇ ਬਾਗ ਪਾਣੀ ’ਚ ਡੁੱਬ ਗਏ।
ਕਿਸਾਨਾਂ ਨੇ ਦੱਸਿਆ ਕਿ ਨਹਿਰ ਦੀ ਸਫਾਈ ਨਾ ਹੋਣ ਕਾਰਨ ਉਕਤ ਮਾਈਨਰ ’ਚ ਪਾੜ ਆਇਆ ਹੈ। ਜੇਕਰ ਵਿਭਾਗ ਨੇ ਸਮੇਂ ’ਤੇ ਨਹਿਰ ਦੀ ਸਫਾਈ ਪੂਰੀ ਕਰ ਦਿੱਤੀ ਹੁੰਦੀ ਤਾਂ ਅੱਜ ਇਹ ਨੌਬਤ ਨਾ ਆਉਂਦੀ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਨਹਿਰੀ ਵਿਭਾਗ ਦੇ ਐਕਸੀਅਨ ਮੁਖਤਿਆਰ ਸਿੰਘ ਰਾਣਾ, ਐੱਸ. ਡੀ. ਓ. ਮੌਕੇ ’ਤੇ ਪਹੁੰਚੇ ਅਤੇ ਮੌਕੇ ਦਾ ਜਾਇਜ਼ਾ ਲਿਆ।
ਐੱਸ. ਡੀ. ਓ. ਨੇ ਦੱਸਿਆ ਕਿ ਸਰਾਵਾਂ ਹੈੱਡ ਤੋਂ ਨਹਿਰ ਦਾ ਪਾਣੀ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਉਹ ਇਸ ਦੀ ਰਿਪੋਰਟ ਬਣਾ ਕੇ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਸਰਕਾਰ ਨੂੰ ਭੇਜ ਦੇਣਗੇ।