ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਚੀਮਾ ਵੱਲੋਂ ਇਲਾਕਾ ਵਾਸੀਆਂ ਨਾਲ ਮੀਟਿੰਗ

Monday, Jun 11, 2018 - 01:18 AM (IST)

ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)- ਬੀਤੇ ਦਿਨੀਂ ਨੇਡ਼ਲੇ ਪਿੰਡ ਡੰਗੋਲੀ ਦੇ ਗੁ. ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਅੱਜ ਤਖਤ ਸ੍ਰੀ ਕੇਸਗਡ਼੍ਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਦੀਆਂ ਸੰਗਤਾਂ ਨਾਲ ਤਖਤ ਸਾਹਿਬ ਦੇ ਮੀਟਿੰਗ ਹਾਲ ਵਿਖੇ ਇਕ ਮੀਟਿੰਗ ਕੀਤੀ, ਜਿਥੇ ਉਨ੍ਹਾਂ ਸਮੂਹ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬੇਅਦਬੀ ਦਾ ਮੁੱਖ ਸਾਜ਼ਿਸ਼ਕਰਤਾ ਗੁ. ਸਾਹਿਬ ਦਾ ਗ੍ਰੰਥੀ ਸਿੰਘ ਹੀ ਸੀ,  ਜਿਸਨੂੰ ਪੁਲਸ ਵੱਲੋਂ ਫਡ਼ ਲਿਆ ਗਿਆ ਹੈ। 
PunjabKesari
ਗ੍ਰੰਥੀ ਦੀ ਗ੍ਰਿਫਤਾਰੀ ਦਾ ਵਿਰੋਧ
ਉਨ੍ਹਾਂ ਦੱਸਿਆ ਕਿ ਜਦੋਂ ਇਸ ਗ੍ਰੰਥੀ ਸਿੰਘ ਨੂੰ ਪੁਲਸ ਨੇ ਫਡ਼ਿਆ ਤਾਂ ਪਹਿਲਾਂ  ਪਿੰਡ ਵਾਸੀਆਂ ਨੇ ਪੁਲਸ ਵੱਲੋਂ ਕੀਤੀ ਕਾਰਵਾਈ ਦਾ ਵਿਰੋਧ ਕੀਤਾ ਅਤੇ ਗ੍ਰੰਥੀ ਸਿੰਘ ਨੂੰ ਬਹੁਤ ਪੁਰਾਣਾ ਸੇਵਾਦਾਰ ਹੋਣ ਦਾ ਹਵਾਲਾ ਦੇ ਕੇ ਬੇਕਸੂਰ ਦੱਸਿਆ ਪਰ ਜਦੋਂ ਪੁਲਸ ਵੱਲੋਂ ਪਿੰਡ ਦੇ ਮੋਹਤਬਰ ਵਿਅਕਤੀਆਂ ਸਾਹਮਣੇ ਕਥਿਤ ਦੋਸ਼ੀ ਗ੍ਰੰਥੀ ਸਿੰਘ ਨੂੰ ਬਿਠਾ ਕੇ ਸੱਚਾਈ ਦੱਸਣ ਲਈ ਕਿਹਾ  ਗਿਆ ਤਾਂ ਉਸਨੇ ਮੰਨਿਆ ਕਿ ਇਹ ਗਲਤ ਕੰਮ ਉਸ ਨੇ ਹੀ ਕੀਤਾ ਹੈ ਅਤੇ ਪਤਾ ਨਹੀਂ ਇਹ ਗਲਤ ਕੰਮ ਕਰਨ ਲੱਗਿਆਂ ਉਸਦੇ ਦਿਮਾਗ ਨੂੰ ਕੀ ਹੋ ਗਿਆ ਸੀ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਘਟਨਾ ਹੈ ਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੰਗਤਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ। 
ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਚਲਾਈ ਹੋਣ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਕੀ ਧਰਮ ਪ੍ਰਚਾਰ ਲਹਿਰ ’ਚ ਕੋਈ ਕਮੀ ਹੈ, ਦਾ ਜਵਾਬ ਦਿੰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਧਰਮ ਪ੍ਰਚਾਰ ਲਹਿਰ ਬਹੁਤ ਕਾਮਯਾਬੀ ਨਾਲ ਚੱਲ ਰਹੀ ਹੈ ਤੇ ਇਸ ਘਟਨਾ ਨਾਲ ਇਸਦਾ ਕੋਈ ਸਬੰਧ ਨਹੀਂ ਹੈ। ਬੇਅਦਬੀ ਦੇ ਮੁੱਖ ਦੋਸ਼ੀ ਨੂੰ ਇੰਨੀ ਜਲਦੀ ਫਡ਼ਨ ਲਈ ਉਨ੍ਹਾਂ ਪੰਜਾਬ ਪੁਲਸ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਉਨ੍ਹਾਂ ਪਿੰਡ ਪੱਧਰ ਦੀਆਂ ਸਮੂਹ ਗੁ. ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਨੂੰ ਇਹ ਅਪੀਲ ਕੀਤੀ ਕਿ ਉਹ ਗੁ. ਸਾਹਿਬ ਦਾ ਗ੍ਰੰਥੀ ਸਿੰਘ ਰੱਖਣ ਲੱਗੇ ਉਸਦੀ ਯੋਗਤਾ ਅਤੇ ਪਿਛੋਕਡ਼ ਦਾ ਖਾਸ ਖਿਆਲ ਰੱਖਣ, ਤਾਂ ਕਿ ਅਜਿਹੀਆਂ ਮੰਦਭਾਗੀ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ. ਸੁਰਿੰਦਰ ਸਿੰਘ, ਜ਼ਿਲਾ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਮੈਂਬਰ ਅਮਰਜੀਤ ਸਿੰਘ,  ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ, ਮੈਨੇਜਰ ਜਸਬੀਰ ਸਿੰਘ, ਸੂਚਨਾ ਅਫਸਰ ਹਰਦੇਵ ਸਿੰਘ, ਬੀਬੀ ਗੁਰਚਰਨ ਕੌਰ, ਬੀਬੀ ਤਜਿੰਦਰ ਕੌਰ, ਮਨਜੀਤ ਕੌਰ, ਜਥੇਦਾਰ ਮੋਹਨ ਸਿੰਘ ਡੂਮੇਵਾਲ, ਸਰਕਲ ਪ੍ਰਧਾਨ ਹਰਜੀਤ ਸਿੰਘ ਅਚਿੰਤ, ਜਥੇਦਾਰ ਸੰਤੋਖ ਸਿੰਘ, ਸੁਰਿੰਦਰ ਸਿੰਘ ਮਟੋਰ, ਪਰਮਜੀਤ ਸਿੰਘ ਮਾਕਡ਼, ਅਮਰਜੀਤ ਸਿੰਘ ਸਤਿਆਲ, ਟਿੱਕਾ ਯਸ਼ਵੀਰ ਚੰਦ  ਆਦਿ  ਹਾਜ਼ਰ ਸਨ।
PunjabKesari
ਧਾਰਮਿਕ ਅਤੇ ਰਾਜਨੀਤਕ ਨੇਤਾਵਾਂ ਨੇ ਕੀਤਾ ਦੌਰਾ
ਅੱਜ ਸਾਰਾ ਦਿਨ ਵੱਖ-ਵੱਖ ਧਾਰਮਿਕ ਅਤੇ ਰਾਜਨੀਤਕ ਦਲਾਂ ਦੇ ਨੇਤਾਵਾਂ ਨੇ ਪਿੰਡ ਡੰਗੋਲੀ ਦਾ ਦੌਰਾ ਕੀਤਾ ਅਤੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ, ਜਿਨ੍ਹਾਂ  ਵਿਚ ਤਖ਼ਤ ਸ੍ਰੀ ਕੇਸਗਡ਼੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ, ਭਾਈ ਅਮਰੀਕ ਸਿੰਘ ਅਜਨਾਲਾ, ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ, ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਪਿੰਡ ਦੇ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਪ੍ਰਤੀ ਸੁਚੇਤ ਰਹਿਣ ਲਈ ਕਿਹਾ ਅਤੇ ਇਸ ਸਾਰੀ ਘਟਨਾ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਹੈ। 


Related News