ਅੰਮ੍ਰਿਤਪਾਲ ਸਿੰਘ ਤੇ ਦਲਜੀਤ ਕਲਸੀ ਦੇ ਪਾਕਿਸਤਾਨ ਨਾਲ 'ਲਿੰਕ', ਦਿੱਲੀ ਨਾਲ ਜੁੜਿਆ ਹੈ ਕੁਨੈਕਸ਼ਨ
Monday, Mar 20, 2023 - 02:25 PM (IST)
ਨਵੀਂ ਦਿੱਲੀ- ਪੰਜਾਬ ਪੁਲਸ ਵੱਲੋਂ 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਥਾਂ-ਥਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਭ ਦਰਮਿਆਨ ਇਕ ਅਹਿਮ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਤੇ ਉਸ ਦਾ ਮੁੱਖ ਕਰੀਬੀ ਦਲਜੀਤ ਸਿੰਘ ਕਲਸੀ ਦਾ ਪਾਕਿਸਤਾਨ ਵਿਚਾਲੇ ਬੇਹੱਦ ਅਹਿਮ ਲਿੰਕ ਹਨ। ਦਲਜੀਤ ਕਲਸੀ ਦਿੱਲੀ ਦੇ ਪੰਜਾਬੀ ਬਾਗ ਇਲਾਕੇ ਦਾ ਰਹਿਣ ਵਾਲਾ ਹੈ। ਕੁਝ ਸਮਾਂ ਪਹਿਲਾਂ ਉਹ ਕੈਨੇਡਾ 'ਚ ਸਿੱਖ ਵੱਖਵਾਦੀ ਦੇ ਹੱਬ ਆਖੇ ਜਾਣ ਵਾਲੇ ਵੈਨਕੂਵਰ 'ਚ ਪਾਕਿਸਤਾਨ ਦੇ ਕੌਂਸਲ ਜਨਰਲ ਨੂੰ ਭਾਰਤ ਵਿਰੁੱਧ ਮੰਗ ਪੱਤਰ ਸੌਂਪਦਿਆਂ ਦੇਖਿਆ ਗਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦਾ ਮਾਮਲਾ ਪੁੱਜਾ ਹਾਈਕੋਰਟ, ਅਦਾਲਤ 'ਚ ਦਾਇਰ ਕੀਤੀ ਗਈ ਇਹ ਪਟੀਸ਼ਨ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਦੇ ਕਰੀਬੀ ਦਲਜੀਤ ਕਲਸੀ ਦੇ ਬੈਂਕ ਖਾਤੇ 'ਚ 35 ਕਰੋੜ ਰੁਪਏ ਟਰਾਂਸਫਰ ਹੋਏ ਹਨ। ਪਿਛਲੇ 2 ਸਾਲਾਂ ਤੋਂ ਉਸ ਦੇ ਖਾਤੇ ਵਿਚ ਵਿਦੇਸ਼ ਤੋਂ ਪੈਸੇ ਭੇਜੇ ਗਏ। ਇਸ ਦੇ ਨਾਲ ਹੀ ਖ਼ੁਲਾਸਾ ਹੋਇਆ ਹੈ ਕਿ ਲੱਗਭਗ 2 ਦਰਜਨ ਪਾਕਿਸਤਾਨੀ ਮੋਬਾਈਲ ਨੰਬਰਾਂ ਤੋਂ ਅੰਮ੍ਰਿਤਪਾਲ ਦੇ ਸਾਥੀ ਕਲਸੀ ਨੇ ਗੱਲ ਕੀਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦੇ ਚਾਚਾ ਤੇ ਡਰਾਈਵਰ ਨੇ ਪੁਲਸ ਅੱਗੇ ਕੀਤਾ ਆਤਮ-ਸਮਰਪਣ
ਜਾਂਚ ਏਜੰਸੀਆਂ ਨੂੰ ਕਈ ਅਜਿਹੇ ਪੁਖ਼ਤਾ ਸਬੂਤ ਮਿਲੇ ਹਨ, ਜਿਨ੍ਹਾਂ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਅੰਮ੍ਰਿਤਪਾਲ ਸਿੰਘ ਵਿਦੇਸ਼ੀ ਤਾਕਤਾਂ ਨਾਲ ਮਿਲ ਕੇ ਦੇਸ਼ ਨੂੰ ਤੋੜਨ ਦੀ ਸਾਜਿਸ਼ 'ਚ ਲੱਗਾ ਹੋਇਆ ਹੈ। ਦਲਜੀਤ ਸਿੰਘ ਕਲਸੀ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਦਲਜੀਤ ਸਿੰਘ ਕਲਸੀ ਨੂੰ ਰਾਸ਼ਟਰੀ ਸੁਰੱਖਿਆ ਐਕਟ ਦੀ ਧਾਰਾ 3 (2) ਦੇ ਤਹਿਤ ਨਜ਼ਰਬੰਦ ਕੀਤਾ ਗਿਆ ਹੈ ਅਤੇ ਉਹ ਵਾਰਿਸ ਪੰਜਾਬ ਦੇ ਭਗੌੜੇ ਆਗੂ ਅੰਮ੍ਰਿਤਪਾਲ ਸਿੰਘ ਦਾ ਮੁੱਖ ਸਹਿਯੋਗੀ ਅਤੇ ਸਲਾਹਕਾਰ ਹੈ।
ਅੰਮ੍ਰਿਤਪਾਲ ਦੇ 20 ਅਗਸਤ, 2022 ਨੂੰ ਭਾਰਤ ਆਉਣ ਤੋਂ ਬਾਅਦ ਕਲਸੀ ਨੂੰ ਜਨਤਕ ਪ੍ਰਦਰਸ਼ਨਾਂ 'ਚ ਕਈ ਵਾਰ ਵੇਖਿਆ ਗਿਆ। ਖੁਫੀਆ ਜਾਣਕਾਰੀ ਮੁਤਾਬਕ ਕਲਸੀ, 23 ਫਰਵਰੀ, 2023 ਨੂੰ ਅਜਨਾਲਾ ਪੁਲਸ ਸਟੇਸ਼ਨ ਵਿਚ ਭੰਨ-ਤੋੜ ਕਰਨ ਦੀ ਸਾਜ਼ਿਸ਼ ਦਾ ਹਿੱਸਾ ਸੀ। ਉਹ ਵੈਨਕੂਵਰ ਵਿਚ ਆਪਣੇ ਕੌਂਸਲੇਟ ਜਨਰਲ ਅਤੇ ਦੁਬਈ ਰਾਹੀਂ ਪਾਕਿਸਤਾਨੀ ਅਦਾਰੇ ਨਾਲ ਸੰਪਰਕ ਵਿਚ ਰਿਹਾ ਹੈ।