ਦਲ ਖਾਲਸਾ ਤੇ ਮਾਨ ਦਲ ਵਲੋਂ 25 ਜਨਵਰੀ ਨੂੰ ਪੰਜਾਬ ਬੰਦ ਦਾ ਸੱਦਾ
Friday, Jan 10, 2020 - 04:32 PM (IST)
ਜਲੰਧਰ (ਚਾਵਲਾ) - ਦਲ ਖਾਲਸਾ ਤੇ ਮਾਨ ਦਲ ਦੇ ਆਗੂਆਂ ਵਲੋਂ 25 ਜਨਵਰੀ 2020 ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਤੇ ਸਿਮਰਨਜੀਤ ਸਿੰਘ ਮਾਨ ਨੇ ਜਲੰਧਰ 'ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਅੱਜ ਇਹ ਐਲਾਨ ਸਾਂਝੇ ਤੌਰ 'ਤੇ ਕੀਤਾ ਹੈ। ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ. ਦਾ ਏਜੰਡਾ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਹੈ ਪਰ ਪੰਜਾਬ ਇਸ ਦਾ ਹਿੱਸਾ ਕਦੇ ਵੀ ਨਹੀਂ ਬਣ ਸਕਦਾ। ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਬੰਦ ਭਾਜਪਾ ਦੇ ਹਿੰਦੂ ਰਾਸ਼ਟਰ ਦੇ ਏਜੰਡੇ, ਮੋਦੀ ਸਰਕਾਰ ਵੱਲੋਂ ਲੋਕ ਵਿਰੋਧੀ ਕਾਨੂੰਨਾਂ ਅਤੇ ਸੰਵਿਧਾਨਕ ਬੇਇਨਸਾਫੀਆਂ ਦੇ ਵਿਰੁੱਧ ਹੋਵੇਗਾ।
ਉਨ੍ਹਾਂ ਬੰਦ ਦੇ ਸੱਦੇ ਦਾ ਕਾਰਣ ਦੱਸਦਿਆਂ ਕਿਹਾ ਕਿ ਮੋਦੀ ਸਰਕਾਰ ਦਾ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਤੋਂ ਮੁਕਰਨਾ, ਪੁਰੀ ਵਿਖੇ ਮੰਗੂ ਮੱਠ ਨੂੰ ਢਾਹੁਣਾ, ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਮੰਦਰ ਢਹਿ-ਢੇਰੀ ਕਰਨਾ, ਜਾਮੀਆ, ਜੇ. ਐੱਨ. ਯੂ. ਦੇ ਵਿਦਿਆਰਥੀਆਂ ’ਤੇ ਪੁਲਸ ਵੱਲੋਂ ਅਤੇ ਬੀ. ਜੇ. ਪੀ. ਦੇ ਵਿਦਿਆਰਥੀ ਵਿੰਗ ਏ. ਬੀ. ਵੀ. ਪੀ. ਦੇ ਗੁੰਡਿਆਂ ਦੁਆਰਾ ਬੇਰਹਿਮੀ ਨਾਲ ਕੁੱਟਮਾਰ ਕਰਨਾ ਆਦਿ ਸ਼ਾਮਲ ਹਨ।
ਇਸ ਦੌਰਾਨ ਦਲ ਖਾਲਸਾ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਜੇਕਰ ਮੋਦੀ-ਸ਼ਾਹ ਜੋੜੀ ਇਸ ਭਰਮ ਵਿਚ ਹੈ ਕਿ ਉਹ ਨਾਗਰਿਕਤਾ ਕਾਨੂੰਨ ਵਿਰੁੱਧ ਦੇਸ਼ ਭਰ ਵਿਚ ਉੱਠੀ ਲੋਕ ਲਹਿਰ ਨੂੰ ਡੰਡੇ ਜਾਂ ਗੋਲੀਆਂ ਦੇ ਜ਼ੋਰ ਨਾਲ ਦਬਾ ਲਵੇਗੀ ਤਾਂ ਇਹ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਪੰਜਾਬ ਦੇ ਮੁਸਲਮਾਨਾਂ, ਈਸਾਈਆਂ, ਹਿੰਦੂਆਂ, ਦਲਿਤਾਂ ਅਤੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ 25 ਜਨਵਰੀ ਨੂੰ ਆਪਣੇ ਵਿੱਦਿਅਕ ਅਤੇ ਵਪਾਰਕ ਅਦਾਰਿਆਂ ਨੂੰ ਬੰਦ ਰੱਖਣ ਤਾਂ ਜੋ ਮੋਦੀ-ਸ਼ਾਹ ਸਰਕਾਰ ਨੂੰ ਸੁਨੇਹਾ ਦਿੱਤਾ ਜਾ ਸਕੇ ਕਿ ਪੰਜਾਬ ਭਾਜਪਾ ਦੀ ਫਾਸ਼ੀਵਾਦੀ ਵਿਚਾਰਧਾਰਾ ਦੇ ਵਿਰੋਧ ਵਿਚ ਖੜ੍ਹਾ ਹੈ। ਇਸ ਮੌਕੇ ਜਥੇਦਾਰ ਗੁਰਸੇਵਕ ਸਿੰਘ ਜਵਾਹਰਕੇ, ਸੁਖਜੀਤ ਸਿੰਘ ਡਰੋਲੀ, ਬਹਾਦਰ ਸਿੰਘ, ਸੰਦੀਪ ਸਿੰਘ, ਰਣਬੀਰ ਸਿੰਘ, ਪਰਮਜੀਤ ਸਿੰਘ ਟਾਂਡਾ, ਗੁਰਨਾਮ ਸਿੰਘ, ਪਰਮਜੀਤ ਸਿੰਘ ਮੰਡ, ਗੁਰਜੰਟ ਸਿੰਘ ਕੱਟੂ ਆਦਿ ਹਾਜ਼ਰ ਸਨ।