ਡੀ. ਏ. ਸੀ. ਦੀ ਇਕਲੌਤੀ ਲਿਫਟ ਫਿਰ ਹੋਈ ਖਰਾਬ, ਬੇਸਮੈਂਟ ’ਚ ਭਰਿਆ ਮੀਂਹ ਦਾ ਪਾਣੀ

Wednesday, Jul 25, 2018 - 07:10 AM (IST)

ਡੀ. ਏ. ਸੀ. ਦੀ ਇਕਲੌਤੀ ਲਿਫਟ ਫਿਰ ਹੋਈ ਖਰਾਬ, ਬੇਸਮੈਂਟ ’ਚ ਭਰਿਆ ਮੀਂਹ ਦਾ ਪਾਣੀ

ਜਲੰਧਰ, (ਅਮਿਤ)- ਡੀ. ਏ. ਸੀ. ਦੀ ਅਕਸਰ ਕਿਸੇ ਨਾ ਕਿਸੇ ਕਾਰਨ ਖਰਾਬ ਰਹਿਣ ਵਾਲੀ  ਲਿਫਟ ਫਿਰ ਤੋਂ ਖਰਾਬ ਹੋ ਗਈ। ਇਸ ਵਾਰ ਵੀ ਇਸ ਦੇ ਖਰਾਬ ਹੋਣ ਪਿੱਛੇ ਇਸ ਦੀ ਬੇਸਮੈਂਟ ਦੇ  ਅੰਦਰ ਮੀਂਹ ਦਾ ਪਾਣੀ ਭਰਨਾ ਕਾਰਨ ਦੱਸਿਆ ਜਾ ਰਿਹਾ ਹੈ। ਡੀ. ਏ. ਸੀ. ਵਿਚ  ਆਪਣੇ  ਕੰਮਾਂ ਲਈ ਆਉਣ ਵਾਲੇ ਸੈਂਕੜੇ ਲੋਕਾਂ  ਨੂੰ ਲਿਫਟ ਬੰਦ ਹੋਣ ਕਾਰਨ ਉਪਰਲੀ ਮੰਜ਼ਿਲ ’ਤੇ  ਪੌੜੀਆਂ ਰਾਹੀਂ ਜਾਣਾ ਪੈਂਦਾ ਹੈ। ਖਾਸ ਤੌਰ ’ਤੇ ਔਰਤਾਂ, ਬਜ਼ੁਰਗਾਂ, ਅਪਾਹਿਜਾਂ  ਅਤੇ ਬੀਮਾਰ ਲੋਕਾਂ ਨੂੰ ਲਿਫਟ ਬੰਦ ਹੋਣ ਦੇ ਕਾਰਨ ਜ਼ਿਆਦਾਤਰ ਪ੍ਰੇਸ਼ਾਨੀ ਝੱਲਣੀ ਪੈ ਰਹੀ  ਹੈ।  ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਜ਼ੋਰਦਾਰ ਮੀਂਹ ਦੌਰਾਨ ਲਿਫਟ ਦੀ ਬੇਸਮੈਂਟ  ਵਿਚ ਮੀਂਹ ਦਾ ਪਾਣੀ ਭਰ ਗਿਆ ਸੀ, ਜਿਸ ਕਾਰਨ ਫੌਰਨ ਲਿਫਟ ਨੂੰ ਬੰਦ ਕਰਨਾ ਪਿਆ ਸੀ।  ਮੌਜੂਦਾ ਸਮੇਂ ਦੇ ਅੰਦਰ ਬੇਸਮੈਂਟ  ’ਚ ਲਗਭਗ 3-4 ਫੁੱਟ ਤਕ ਪਾਣੀ ਭਰਿਆ ਹੋਇਆ ਸੀ।  ਪਹਿਲਾਂ ਵੀ ਕਈ ਵਾਰ ਖਰਾਬ ਹੋ ਚੁੱਕੀ ਇਸ ਲਿਫਟ ਦੇ ਅੰਦਰ ਕਈ ਲੋਕ ਫਸ ਚੁੱਕੇ ਹਨ ਪਰ ਹੁਣ  ਤਕ ਇਸ ਲਿਫਟ ਨੂੰ ਪੂਰੀ ਤਰ੍ਹਾਂ ਠੀਕ ਕਰਵਾਉਣ ਲਈ ਪ੍ਰਸ਼ਾਸਨ ਵਲੋਂ ਕੋਈ ਖਾਸ ਧਿਆਨ ਕਿਉਂ  ਨਹੀਂ ਦਿੱਤਾ ਜਾ ਰਿਹਾ? ਅਜਿਹਾ ਲੱਗਦਾ ਹੈ ਕਿ ਲਿਫਟ ਦੀ ਸਹੀ  ਸਾਂਭ-ਸੰਭਾਲ ਲਈ ਜ਼ਿੰਮੇਵਾਰ ਸਾਰੇ  ਅਧਿਕਾਰੀ ਤੇ ਕਰਮਚਾਰੀ ਕੁੰਭਕਰਨੀ ਨੀਂਦ ਸੌਂ ਰਹੇ ਹਨ। 
ਉਨ੍ਹਾਂ ਨੂੰ ਇਸ ਗੱਲ ਨਾਲ ਕੋਈ  ਲੈਣਾ-ਦੇਣਾ ਨਹੀਂ ਹੈ ਕਿ ਡੀ. ਏ. ਸੀ. ਦੀ ਇਕਲੌਤੀ ਲਿਫਟ ਚਾਲੂ ਹੈ ਜਾਂ ਫਿਰ ਖਰਾਬ ਹੈ।  ਇਸ ਦਾ ਸਾਰਾ ਖਮਿਆਜ਼ਾ ਸਿਰਫ ਇਥੇ ਆਉਣ ਵਾਲੀ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਡੀ. ਸੀ.  ਦਫਤਰ ਦੀ ਬੈਕ ਸਾਈਡ ’ਤੇ ਲੱਗੀ ਇਕ ਹੋਰ ਲਿਫਟ ਕਈ ਸਾਲਾਂ ਤੋਂ ਬੰਦ ਪਈ ਹੈ, ਉਸ ਨੂੰ ਨਾ  ਤਾਂ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਨਾ ਹੀ ਡੀ. ਏ. ਸੀ. ਵਿਚ ਕਿਸੇ ਹੋਰ ਜਗ੍ਹਾ  ਸ਼ਿਫਟ ਕਰਕੇ ਆਮ ਜਨਤਾ ਨੂੰ ਸਮਰਪਿਤ ਕਰਨ ਲਈ ਕੋਈ ਕੋਸ਼ਿਸ਼ ਕੀਤੀ ਗਈ। ਡੀ. ਏ. ਸੀ. ਦੀ  ਇਕਲੌਤੀ ਲਿਫਟ ਕਿੰਨੇ ਦਿਨਾਂ ਵਿਚ ਚਾਲੂ ਹੋਵੇਗੀ, ਇਸ ਨੂੰ ਲੈ ਕੇ ਫਿਲਹਾਲ ਕੁਝ ਵੀ ਕਹਿਣਾ  ਸੰਭਵ ਨਹੀਂ ਹੈ ਪਰ ਜਿੰਨੇ ਦਿਨ ਲਿਫਟ ਬੰਦ ਰਹੇਗੀ ਓਨੇ ਦਿਨ ਜਨਤਾ ਨੂੰ ਵੀ ਪ੍ਰੇਸ਼ਾਨੀ  ਝੱਲਣੀ ਪਵੇਗੀ। ਇਸ ਮਾਮਲੇ ਵਿਚ ਜਦੋਂ ਜ਼ਿਲਾ ਨਾਜ਼ਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ  ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ, ਜਿਸ ਕਾਰਨ ਉਨ੍ਹਾਂ ਦਾ ਪੱਖ ਪ੍ਰਾਪਤ ਨਹੀਂ ਹੋ  ਸਕਿਆ।
 


Related News