ਕਰਫਿਊ ਪਾਸ ਦੀ ਆੜ 'ਚ ਨਸ਼ੇ ਦਾ ਕਾਰੋਬਾਰ, ਹੈਰੋਇਨ ਸਣੇ ਦੋ ਗ੍ਰਿਫਤਾਰ
Wednesday, Apr 08, 2020 - 06:10 PM (IST)
ਅਬੋਹਰ (ਸੁਨੀਲ ਨਾਗਪਾਲ) - ਅਬੋਹਰ ਦੀ ਪੁਲਸ ਦੇ ਹੱਥ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਉਨ੍ਹਾਂ ਨੇ ਕਰਫਿਊ ਦੇ ਪਾਸ ਬਣਵਾ ਕੇ ਦਿੱਲੀ ਤੋਂ ਲੱਖਾਂ ਰੁਪਏ ਦੀ ਹੈਰੋਇਨ ਲਿਆਉਣ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤੇ ਉਕਤ ਵਿਅਕਤੀਆਂ 72 ਗ੍ਰਾਮ ਦੀ ਹੈਰੋਇਨ ਬਰਾਮਦ ਹੋਈ ਹੈ, ਜਿਸ ਦੀ ਕੀਮਤ 35 ਲੱਖ ਰੁਪਏ ਦੇ ਕਰੀਬ ਦੀ ਹੈ, ਨੂੰ ਕਬਜ਼ੇ ’ਚ ਲੈ ਕੇ ਅਬੋਹਰ ਦੀ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਕਾਬੂ ਕੀਤੇ ਮੁਲਜ਼ਮ ਬਸਤੀ ਨਗਰੀ ਅਬੋਹਰ ਦੇ ਰਹਿਣ ਵਾਲੇ ਹਨ, ਜੋ ਕਰਫਿਊ ਪਾਸ ਦੀ ਆੜ ’ਚ ਦਿੱਲੀ ਜਾ ਕੇ ਇਹ ਖੇਪ ਲੈ ਕੇ ਆਏ ਹਨ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪੁਲਸ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਰ ’ਚ ਸਵਾਰ 2 ਵਿਅਕਤੀ ਹੈਰੋਇਨ ਵੇਚਣ ਦੇ ਲਈ ਨਿਕਲ ਰਹੇ ਹਨ। ਇਸ ਸੂਚਨਾ ਦੇ ਆਧਾਰ ’ਤੇ ਪੁਲਸ ਪਾਰਟੀ ਨੇ ਸ਼ਹਿਰ ’ਚ ਕਰਫਿਊ ਦੌਰਾਨ ਨਾਕਾ ਲੱਗਾ ਕੇ ਉਕਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਦੱਸ ਦੇਈਏ ਕਿ ਕਾਬੂ ਕੀਤੇ ਮੁਲਜ਼ਮ ਆਪਸ ’ਚ ਰਿਸ਼ਦੇਤਾਰ ਹਨ, ਜੋ ਆਪਣੇ ਤੀਸਰੇ ਸਾਥੀ ਦੇ ਬਣਾਏ ਗਏ ਮੈਡੀਕਲ ਪਾਸ ਦੀ ਆੜ ’ਚ ਦਿੱਲੀ ਤੋਂ ਹੈਰੋਇਨ ਲੈ ਕੇ ਆਏ ਸਨ। ਪੁਲਸ ਇਸ ਮਾਮਲੇ ਦੀ ਕਾਰਵਾਈ ਕਰਦੀ ਹੋਈ ਮੁਲਜ਼ਮਾਂ ਦੇ ਤੀਸਰੇ ਸਾਥੀ ਦੀ ਭਾਲ ਕਰ ਰਹੀ ਹੈ।