9ਵੀਂ ਪਾਸ ਗੁਰਮੁੱਖ ਕੋਲੋਂ 1 ਕਰੋੜ 30 ਲੱਖ ਦੀ ਹੈਰੋਇਨ ਫੜੀ

08/21/2018 6:35:00 AM

ਜਲੰਧਰ,   (ਮਹੇਸ਼)-  ਗੰਨਾ ਪਿੰਡ, ਥਾਣਾ ਫਿਲੌਰ ਦੇ ਰਹਿਣ ਵਾਲੇ 9ਵੀਂ ਪਾਸ  19 ਸਾਲਾ ਗੁਰਮੁੱਖ ਸਿੰਘ ਪੁੱਤਰ ਕਰਨੈਲ ਸਿੰਘ ਉਰਫ ਜੈਲਾ ਨੂੰ ਐੱਸ. ਟੀ. ਐੱਫ. ਤੇ ਪਤਾਰਾ ਦਿਹਾਤੀ ਪੁਲਸ ਨੇ ਇਕ ਕਰੋੜ 30 ਲੱਖ ਰੁਪਏ ਦੀ ਹੈਰੋਇਨ (260 ਗ੍ਰਾਮ) ਸਮੇਤ ਕਾਬੂ ਕੀਤਾ ਹੈ, ਜਿਸ ਦੇ ਖਿਲਾਫ ਥਾਣਾ ਪਤਾਰਾ ’ਚ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਐੱਸ. ਟੀ. ਐੱਫ. ਦੇ ਡੀ. ਐੱਸ. ਪੀ. ਸੁਰਜੀਤ ਸਿੰਘ ਦੀ ਅਗਵਾਈ ’ਚ ਐੱਸ. ਐੱਚ. ਓ. ਪਤਾਰਾ ਸਤਪਾਲ ਸਿੱਧੂ, ਐੱਸ. ਆਈ.  ਗੋਪੀ ਚੰਦ ਤੇ ਏ. ਐੱਸ. ਆਈ. ਬਲਜਿੰਦਰ ਸਿੰਘ ਦੀ ਟੀਮ ਨੇ ਗੁਰਮੁੱਖ ਸਿੰਘ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਪਤਾਰਾ ਥਾਣੇ ਅਧੀਨ ਪੈਂਦੇ ਇਲਾਕੇ ’ਚੋਂ ਫੜਿਆ ਹੈ। ਇਥੇ ਮੁਲਜ਼ਮ ਕਿਸੇ ਨੂੰ ਹੈਰੋਇਨ ਦੀ ਸਪਲਾਈ ਦੇਣ ਆਇਆ ਸੀ ਪਰ ਪੁਲਸ ਨੇ ਉਸ ਨੂੰ ਫੜ ਲਿਆ। ਮੁਲਜ਼ਮ ਗੁਰਮੁੱਖ ਸਿੰਘ ’ਤੇ ਥਾਣਾ ਫਿਲੌਰ ਤੇ ਥਾਣਾ ਨੂਰਮਹਿਲ ’ਚ ਵੀ ਹੈਰੋਇਨ ਦੀ ਸਮੱਗਲਿੰਗ ਦੇ ਮਾਮਲੇ ਦਰਜ ਹਨ। ਪੁਲਸ ਦੀ ਜਾਣਕਾਰੀ ਮੁਤਾਬਕ ਗੁਰਮੁੱਖ ਸਿੰਘ ਆਪਣੀ ਮਾਂ ਕਮਲਜੀਤ ਕੌਰ ਤੇ ਮਾਮਾ ਗੁਰਦੇਵ ਸਿੰਘ ਨਾਲ ਮਿਲ ਕੇ ਹੈਰੋਇਨ ਦੀ  ਸਮੱਗਲਿੰਗ ਕਰਦਾ ਸੀ। ਉਹ ਚੰਡੀਗੜ੍ਹ ਤੋਂ ਕਿਸੇ ਵਿਅਕਤੀ ਕੋਲੋਂ ਹੈਰੋਇਨ ਲੈ ਕੇ ਆਉਂਦਾ ਸੀ। ਡੀ. ਐੱਸ. ਪੀ. ਸੁਰਜੀਤ ਸਿੰਘ ਨੇ ਕਿਹਾ ਕਿ ਪੁਲਸ ਗੁਰਮੁੱਖ ’ਤੇ ਪਹਿਲਾਂ ਦਰਜ ਮਾਮਲੇ ਨੂੰ ਲੈ ਕੇ ਉਸ ਦੀ ਗ੍ਰਿਫਤਾਰੀ ਲਈ ਰੇਡ ਕਰ ਰਹੀ ਸੀ ਤੇ ਅੱਜ ਉਹ ਫੜਿਆ ਗਿਆ।
ਮਾਂ ਤੇ ਮਾਮਾ ਹੈ ਜੇਲ ’ਚ : ਗੁਰਮੁੱਖ ਦੀ ਮਾਂ ਕਮਲਜੀਤ ਕੌਰ ਹੈਰੋਇਨ ਸਮੱਗਲਿੰਗ ਦੇ ਮਾਮਲੇ ’ਚ ਮਾਡਰਨ ਜੇਲ ਕਪੂਰਥਲਾ ’ਚ ਤੇ ਮਾਮਾ ਗੁਰਦੇਵ ਰੋਪੜ ਜੇਲ ’ਚ ਸਜ਼ਾ ਕੱਟ ਰਿਹਾ ਹੈ। ਗੁਰਮੁੱਖ ਦਾ ਪਿਤਾ ਕਰਨੈਲ ਸਿੰਘ ਜੈਲਾ ਬੀਮਾਰੀ ਕਾਰਨ ਪਿੰਡ ’ਚ ਹੀ ਰਹਿੰਦਾ ਹੈ। ਉਸ ’ਤੇ ਕੋਈ ਕੇਸ ਦਰਜ ਨਹੀਂ ਹੈ।
ਘਰੋਂ ਬਰਾਮਦ ਹੋਈ ਸੀ 2 ਕਰੋੜ ਦੀ ਹੈਰੋਇਨ ਤੇ 8 ਲੱਖ ਦੀ ਡਰੱਗ ਮਨੀ : 1 ਜੁਲਾਈ ਨੂੰ ਜ਼ਿਲਾ ਦਿਹਾਤੀ ਪੁਲਸ ਨੇ ਨਾਰਕੋਟਿਕਸ ਸੈੱਲ ਨੇ ਗੰਨਾ ਪਿੰਡ ’ਚ ਗੁਰਮੁੱਖ ਦੇ ਘਰ ’ਚ ਰੇਡ ਕਰ ਕੇ 2 ਕਰੋੜ ਦੀ ਹੈਰੋਇਨ (400 ਗ੍ਰਾਮ) ਤੇ 8 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ। ਇਸ ਦੌਰਾਨ ਪੁਲਸ ਨੇ ਗੁਰਮੁੱਖ ਦੀ ਮਾਂ ਕਮਲਜੀਤ ਕੌਰ ਨੂੰ  ਤਾਂ ਕਾਬੂ ਕਰ ਲਿਆ ਸੀ ਪਰ ਗੁਰਮੁੱਖ ਪੁਲਸ ਪਾਰਟੀ ਦੇ ਪਹੁੰਚਣ ਤੋਂ ਪਹਿਲਾਂ ਹੀ ਫਰਾਰ ਹੋ ਗਿਆ ਸੀ। ਦੋਵਾਂ ’ਤੇ ਫਿਲੌਰ ਥਾਣੇ ’ਚ ਕੇਸ ਦਰਜ ਕੀਤਾ ਗਿਆ ਸੀ। ਮਾਂ ਕਮਲਜੀਤ ਕੌਰ ਨੂੰ ਪੁਲਸ ਨੇ ਮਾਣਯੋਗ ਅਦਾਲਤ ’ਚ ਪੇਸ਼ ਕਰਨ ਤੋਂ ਬਾਦ ਪੁਲਸ ਰਿਮਾਂਡ ਹਾਸਲ ਕੀਤਾ ਤੇ ਰਿਮਾਂਡ ਖਤਮ ਹੋਣ ’ਤੇ ਉਸ  ਨੂੰ ਜੇਲ ਭੇਜ ਦਿੱਤਾ ਗਿਆ।
ਗੁਰਮੁੱਖ ਲੁਕਾਏ ਪੈਸਿਅਾਂ  ਨਾਲ ਫਿਰ ਕਰਨ ਲੱਗਾ ਹੈਰੋਇਨ ਦੀ ਸਮੱਗਲਿੰਗ : ਮਾਂ ਕਮਲਜੀਤ ਕੌਰ ਦੇ ਫੜੇ ਜਾਣ ਤੋਂ ਬਾਅਦ ਗੁਰਮੁੱਖ ਨੇ ਹੈਰੋਇਨ ਦੀ ਸਮੱਗਲਿੰਗ ਨਹੀਂ ਛੱਡੀ। ਉਸ ਨੇ ਘਰ ’ਚ ਹੀ ਵੱਖਰੇ ਰੁਪਏ ਲੁਕਾਏ ਹੋਏ ਸਨ, ਜਿਸ ਨਾਲ ਉਸ ਨੇ ਫਿਰ ਹੈਰੋਇਨ ਦੀ ਸਮੱਗਲਿੰਗ ਸ਼ੁਰੂ ਕਰ ਦਿੱਤੀ। ਉਸ ਦੇ ਚੰਡੀਗੜ੍ਹ ’ਚ ਜਿਸ ਦੇ ਨਾਲ ਲਿੰਕ ਹਨ, ਉਸ ਦਾ ਉਹ ਖੁਲਾਸਾ ਨਹੀਂ ਕਰ ਰਿਹਾ। ਉਸ ਦਾ ਕਹਿਣਾ ਹੈ ਕਿ ਉਸ ਦੀ ਮਾਂ ਹੀ ਇਸ ਪੂਰੇ ਕੰਮ ਲਈ ਜ਼ਿੰਮੇਵਾਰ ਹੈ ਤੇ ਉਹ ਕੁਝ ਨਹੀਂ ਜਾਣਦਾ।
ਐਂਟੀ ਨਾਰਕੋਟਿਕਸ ਸੈੱਲ ਵੀ ਲਵੇਗਾ ਪ੍ਰੋਡਕਸ਼ਨ ਵਾਰੰਟ ’ਤੇ : ਐੱਸ. ਟੀ. ਐੱਫ. ਤੇ ਪਤਾਰਾ ਪੁਲਸ ਵੱਲੋਂ ਫੜੇ ਗਏ ਹੈਰੋਇਨ ਸਮੱਗਲਰ ਗੁਰਮੁੱਖ ਸਿੰਘ ਦਾ ਨਾਰਕੋਟਿਕਸ ਸੈੱਲ ਵੀ ਪ੍ਰੋਡਕਸ਼ਨ ਵਾਰੰੰਟ ਹਾਸਲ ਕਰੇਗਾ ਤਾਂ ਜੋ ਫਿਲੌਰ ’ਚ ਉਸ ਦੇ ਖਿਲਾਫ 400 ਗ੍ਰਾਮ ਹੈਰੋਇਨ ਦੀ ਬਰਾਮਦਗੀ ਨੂੰ ਲੈ ਕੇ ਦਰਜ ਮਾਮਲੇ ’ਚ ਪੁੱਛਗਿੱਛ ਕੀਤੀ ਜਾ ਸਕੇ। ਇਸ ਮਾਮਲੇ ’ਚ ਗੁਰਮੁੱਖ ਪੁਲਸ ਨੂੰ ਲੋੜੀਂਦਾ ਸੀ।
 


Related News