ਪੰਜਾਬ ’ਚ ਕੋਵੀਸ਼ੀਲਡ ਮੁੱਕੀ, ਕੋਵੈਕਸੀਨ ਦਾ ਬਚਿਆ ਇਕ ਦਿਨ ਦਾ ਸਟਾਕ

Friday, Jul 09, 2021 - 11:31 PM (IST)

ਚੰਡੀਗੜ੍ਹ : ਪੰਜਾਬ ਵਿਚ ਕੋਵੀਸ਼ੀਲਡ ਮੁੱਕਣ ਅਤੇ ਕੋਵੈਕਸੀਨ ਦੇ ਸਿਰਫ਼ ਇਕ ਦਿਨ ਦੇ ਬਚੇ ਸਟਾਕ ਦੀ ਸਥਿਤੀ ਨੂੰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਮੁੜ ਕੇਂਦਰ ਵੱਲੋਂ ਵੈਕਸੀਨ ਦੀ ਸਪਲਾਈ ਵਧਾਏ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਅਧਿਕਾਰੀਆਂ ਨੂੰ ਪੰਜਾਬ ਦੇ ਵੈਕਸੀਨ ਕੋਟੇ ਨੂੰ ਵਧਾਉਣ ਲਈ ਕੇਂਦਰ ਨਾਲ ਲਗਾਤਾਰ ਜ਼ੋਰਦਾਰ ਤਰੀਕੇ ਨਾਲ ਰਾਬਤਾ ਕਾਇਮ ਰੱਖਣ ਦੀਆਂ ਹਦਾਇਤਾਂ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਖੇਤਰਾਂ ਦੇ ਹੌਲੀ-ਹੌਲੀ ਖੁੱਲ੍ਹਣ ਅਤੇ ਇਨ੍ਹਾਂ ਨਾਲ ਜੁੜੇ ਲੋਕਾਂ ਨੂੰ ਘੱਟੋ-ਘੱਟ ਕੋਵਿਡ ਵੈਕਸੀਨ ਦੀ ਇਕ ਖੁਰਾਕ ਲੱਗੇ ਹੋਣ ਨੂੰ ਨਿਯਮਿਤ ਰੱਖਣ ਲਈ ਸਪਲਾਈ ਵਿਚ ਵਾਧਾ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਲਈ ਨਵੇਂ ਹੁਕਮ ਜਾਰੀ

ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ ਪਹਿਲਾਂ ਹੀ 83 ਲੱਖ ਦੇ ਕਰੀਬ ਯੋਗ ਵਿਅਕਤੀਆਂ (ਕੁੱਲ ਆਬਾਦੀ ਦਾ 27 ਫ਼ੀਸਦੀ ਦੇ ਕਰੀਬ) ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ ਅਤੇ ਵੈਕਸੀਨ ਦੇ ਸਟਾਕ ਦੀ ਵਰਤੋਂ ਸੁਲਝੇ ਤਰੀਕੇ ਨਾਲ ਬਿਨਾਂ ਵਿਅਰਥ ਗਵਾਏ ਕੀਤੀ ਜਾ ਰਹੀ ਹੈ। ਕੋਵਿਡ ਸਮੀਖਿਆ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਢੁੱਕਵੀਂ ਸਪਲਾਈ ਮਿਲਣ ’ਤੇ ਪੰਜਾਬ ਇਕ ਦਿਨ ਵਿਚ ਛੇ ਲੱਖ ਤੋਂ ਵਧੇਰੇ ਖੁਰਾਕਾਂ ਦੀ ਵਰਤੋਂ ਕਰਨ ਦੇ ਸਮਰੱਥ ਹੈ। ਉਨ੍ਹਾਂ ਦੱਸਿਆ ਕਿ ਸੂਬੇ ਅੰਦਰ 70 ਲੱਖ ਲੋਕਾਂ ਨੂੰ ਪਹਿਲੀ ਅਤੇ 13 ਲੱਖ ਲੋਕਾਂ ਨੂੰ ਦੂਜੀ ਖੁਰਾਕ ਲਗਾਈ ਜਾ ਚੁੱਕੀ ਹੈ। ਮੁੱਖ ਸਕੱਤਰ ਵਿਨੀ ਮਹਾਜਨ ਨੇ ਮੀਟਿੰਗ ਦੌਰਾਨ ਦੱਸਿਆ ਕਿ ਵੈਕਸੀਨ ਦੀ ਵਧੇਰੇ ਉਪਲੱਬਧਤਾ ਲਈ ਪ੍ਰਸ਼ਾਸਨ ਕੇਂਦਰ ਸਰਕਾਰ ਨਾਲ ਰਾਬਤੇ ਵਿਚ ਹੈ।

ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਦੇ ਬਦਲਦੇ ਸਰੂਪ ਨੂੰ ਲੈ ਕੇ ਮੁੱਖ ਮੰਤਰੀ ਵਲੋਂ ਸਖ਼ਤ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News