ਪੰਜਾਬ 'ਚ ਜਾਣੋ ਕਦੋਂ ਹੋਣਗੀਆਂ ਕਾਰਪੋਰੇਸ਼ਨ ਚੋਣਾਂ

Thursday, Aug 01, 2024 - 11:18 AM (IST)

ਜਲੰਧਰ (ਧਵਨ)-ਪੰਜਾਬ ’ਚ ਸਰਕਾਰ ਵੱਲੋਂ ਕਾਰਪੋਰੇਸ਼ਨ ਚੋਣਾਂ ਸੰਭਾਵਿਤ ਤੌਰ ’ਤੇ 4 ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਤੋਂ ਬਾਅਦ ਕਰਵਾਈਆਂ ਜਾਣਗੀਆਂ। ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਧਿਆਨ ਇਸ ਸਮੇਂ ਪੂਰੀ ਤਰ੍ਹਾਂ 4 ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਵੱਲ ਲੱਗਿਆ ਹੋਇਆ ਹੈ। ਇਨ੍ਹਾਂ ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਅਕਤੂਬਰ ਮਹੀਨੇ ’ਚ ਪ੍ਰਸਤਾਵਿਤ ਹਨ। ਚੋਣ ਕਮਿਸ਼ਨ ਵੱਲੋਂ ਸੰਭਾਵਿਤ ਤੌਰ ’ਤੇ ਇਹ ਜ਼ਿਮਨੀ ਚੋਣਾਂ ਹਰਿਆਣਾ ਵਿਧਾਨ ਸਭਾ ਦੀਆਂ ਆਮ ਚੋਣਾਂ ਨਾਲ ਕਰਵਾਈਆਂ ਜਾਣਗੀਆਂ।

ਪੰਜਾਬ ’ਚ 4 ਵਿਧਾਨ ਸਭਾ ਸੀਟਾਂ ਬਰਨਾਲਾ, ਚੱਬੇਵਾਲ, ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਖ਼ਾਲੀ ਹੋਈਆਂ ਸਨ, ਕਿਉਂਕਿ ਇਨ੍ਹਾਂ ਸੀਟਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਵਿਧਾਇਕ ਸੰਸਦ ਮੈਂਬਰ ਚੁਣੇ ਗਏ ਸਨ, ਜਿਨ੍ਹਾਂ ’ਚ ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ, ਚੱਬੇਵਾਲ ਤੋਂ ਡਾ. ਰਾਜ ਕੁਮਾਰ ਚੱਬੇਵਾਲ, ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਗਿੱਦੜਬਾਹਾ ਤੋਂ ਰਾਜਾ ਅਮਰਿੰਦਰ ਸਿੰਘ ਵੜਿੰਗ ਸ਼ਾਮਲ ਹਨ। ਇਹ ਵਿਧਾਇਕ ਕ੍ਰਮਵਾਰ ਸੰਗਰੂਰ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਚੁਣੇ ਗਏ ਹਨ, ਜਿਸ ਕਾਰਨ ਇਨ੍ਹਾਂ ਦੀਆਂ ਵਿਧਾਨ ਸਭਾ ਸੀਟਾਂ ਖ਼ਾਲੀ ਹੋ ਗਈਆਂ ਸਨ।
ਜਲੰਧਰ ਪੱਛਮੀਂ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਨੇ ਜਿੱਤ ਲਈ ਸੀ। ਹੁਣ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨਜ਼ਰਾਂ 4 ਵਿਧਾਨ ਸਭਾ ਸੀਟਾਂ ਜਿੱਤਣ ’ਤੇ ਟਿਕੀਆਂ ਹੋਈਆਂ ਹਨ ਕਿਉਂਕਿ ਜੇ ਆਮ ਆਦਮੀ ਪਾਰਟੀ ਇਹ ਸੀਟਾਂ ਜਿੱਤ ਜਾਂਦੀ ਹੈ ਤਾਂ ਸੂਬੇ ਦੀ ਸਿਆਸਤ ’ਚ ਉਸ ਦਾ ਦਬਦਬਾ ਮੁੜ ਸਥਾਪਿਤ ਹੋ ਜਾਵੇਗਾ। ਲੋਕ ਸਭਾ ਚੋਣਾਂ ਪਿੱਛੋਂ ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਕਾਫ਼ੀ ਅਹਿਮੀਅਤ ਰੱਖਦੀਆਂ ਹਨ।

ਇਹ ਵੀ ਪੜ੍ਹੋ- ਢੀਂਡਸਾ ਵੱਲੋਂ ਅਨੁਸ਼ਾਸਨੀ ਕਮੇਟੀ ਦਾ ਫ਼ੈਸਲਾ ਰੱਦ ਕਰਨ 'ਤੇ ਡਾ. ਦਲਜੀਤ ਚੀਮਾ ਦਾ ਵੱਡਾ ਬਿਆਨ

ਮੁੱਖ ਮੰਤਰੀ ਭਗਵੰਤ ਮਾਨ ਦੇ ਨੇੜਲੇ ਸੂਤਰਾਂ ਦਾ ਮੰਨਣਾ ਹੈ ਕਿ ਜ਼ਿਮਨੀ ਚੋਣਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਕਾਰਪੋਰੇਸ਼ਨ ਚੋਣਾਂ ਜਿੱਤਣ ’ਚ ਆਸਾਨੀ ਹੋਵੇਗੀ ਅਤੇ ਵਿਧਾਨ ਸਭਾ ਸੀਟਾਂ ਦੀਆਂ ਉਪ-ਚੋਣਾਂ ਦੇ ਨਤੀਜੇ ਪੱਖ ’ਚ ਆਉਣ ਨਾਲ ਇਕ ਮਨੋਵਿਗਿਆਨਕ ਪ੍ਰਭਾਵ ਵੀ ਜਨਤਾ ਵਿਚ ਚਲਾ ਜਾਵੇਗਾ। ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਹੋਰ ਕਾਰਪੋਰੇਸ਼ਨਾਂ ਦੀਆਂ ਚੋਣਾਂ ਹੋਣੀਆਂ ਹਨ। ਅਕਤੂਬਰ ’ਚ ਜੇ 4 ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਹੋ ਜਾਂਦੀਆਂ ਹਨ ਤਾਂ ਫਿਰ ਸਰਕਾਰ ਦਸੰਬਰ ਤਕ ਕਾਰਪੋਰੇਸ਼ਨ ਚੋਣਾਂ ਕਰਵਾਉਣ ਦੀ ਸਥਿਤੀ ’ਚ ਹੋਵੇਗੀ। ਕਾਰਪੋਰੇਸ਼ਨ ਚੋਣਾਂ ਇਸ ਲਈ ਵੀ ਅਹਿਮ ਹਨ ਕਿਉਂਕਿ ਇਸ ਤੋਂ ਬਾਅਦ ਸ਼ਹਿਰਾਂ ’ਚ ਹੇਠਲੇ ਪੱਧਰ ਤਕ ਸਿਆਸੀ ਸ਼ਕਤੀ ਚੁਣੇ ਹੋਏ ਪ੍ਰਤੀਨਿਧੀਆਂ ਦੇ ਹੱਥਾਂ ’ਚ ਸੌਂਪੀ ਜਾ ਸਕੇਗੀ। ਪਿਛਲੇ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਕਾਰਪੋਰੇਸ਼ਨ ਚੋਣਾਂ ਕਿਸੇ ਨਾ ਕਿਸੇ ਕਾਰਨ ਕਰਕੇ ਲਟਕਦੀਆਂ ਚਲੀਆਂ ਆ ਰਹੀਆਂ ਹਨ।

ਇਹ ਵੀ ਪੜ੍ਹੋ- ਔਰਤ ਦੇ ਕਤਲ ਦਾ ਮਾਮਲਾ ਸੁਲਝਿਆ, ਭਰਾ ਹੀ ਨਿਕਲਿਆ ਕਾਤਲ, ਸਿਰ 'ਤੇ ਡੰਡੇ ਮਾਰ-ਮਾਰ ਦਿੱਤੀ ਬੇਰਹਿਮ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News