ਹੁਸ਼ਿਆਰਪੁਰ ''ਚ ''ਕੋਰੋਨਾ'' ਕਾਰਨ ਇਕ ਹੋਰ ਮਰੀਜ਼ ਦੀ ਮੌਤ, ਪਾਜ਼ੇਟਿਵ ਕੇਸਾਂ ਦਾ ਅੰਕੜਾ 90 ਤੱਕ ਪੁੱਜਾ
Friday, May 08, 2020 - 09:43 AM (IST)
ਹੁਸ਼ਿਆਰਪੁਰ (ਘੁੰਮਣ)— ਮੈਡੀਕਲ ਕਾਲਜ ਅੰਮ੍ਰਿਤਸਰ 'ਚ ਇਲਾਜ ਅਧੀਨ ਹਰਨੇਕ ਸਿੰਘ ਪੁੱਤਰ ਸਾਧੂ ਸਿੰਘ ਨਿਵਾਸੀ ਹਰਖੋਵਾਲ ਦੀ ਇਲਾਜ ਦੌਰਾਨ ਮੌਤ ਹੋ ਗਈ। ਸ਼ੱਕੀ ਮਰੀਜ਼ ਦੇ ਤੌਰ 'ਤੇ ਉਸ ਨੂੰ ਉੱਥੇ ਰੈਫਰ ਕੀਤਾ ਗਿਆ ਸੀ, ਮੌਤ ਦੇ ਬਾਅਦ ਉਸਦੇ ਸੈਂਪਲ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਿਸ ਦੇ ਨਾਲ ਹੀ ਜ਼ਿਲੇ 'ਚ ਕੋਰੋਨਾ ਨਾਲ ਮ੍ਰਿਤਕ ਲੋਕਾਂ ਦੀ ਗਿਣਤੀ 3 ਹੋ ਗਈ ਹੈ, ਜਦੋਂ ਕਿ ਪਾਜ਼ੇਟਿਵ ਮਰੀਜ਼ਾਂ ਦੀ ਸੰਖਿਆ 90 ਹੋ ਗਈ ਹੈ।
ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ 46 ਲੋਕਾਂ ਦੇ ਵੀਰਵਾਰ ਨੂੰ ਨਵੇਂ ਸੈਂਪਲ ਲਏ ਗਏ ਹਨ। ਹੁਣ ਤੱਕ ਲਏ ਗਏ ਕੁੱਲ 1203 ਸੈਂਪਲਾਂ 'ਚੋਂ 108 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਹੁਣ 50 ਪਾਜ਼ੇਟਿਵ ਮਰੀਜ਼ ਇਲਾਜ ਅਧੀਨ ਹਨ।
ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਆਉਣ ਉਪਰੰਤ 72 ਸ਼ਰਧਾਲੂਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਇਕਾਂਤਵਾਸ ਲਈ ਭੇਜ ਦਿੱਤਾ ਗਿਆ ਹੈ। ਡਾ. ਜਸਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਜਕ ਦੂਰੀ ਬਣਾ ਕੇ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ ਤਾਂ ਕਿ ਕੋਰੋਨਾ ਵਾਇਰਸ ਦੀ ਚੇਨ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ।ਇਥੇ ਦੱਸ ਦੇਈਏ ਕਿ ਕੋਰੋਨਾ ਕਾਰਨ ਹੁਸ਼ਿਆਰਪੁਰ 'ਚ ਇਹ ਤੀਜੀ ਮੌਤ ਹੋਈ ਹੈ ਜਦਕਿ ਪੰਜਾਬ 'ਚ ਕੋਰੋਨਾ ਦੇ ਕਾਰਨ ਮੌਤਾਂ ਦਾ ਅੰਕੜਾ 28 ਤੱਕ ਪਹੁੰਚ ਚੁੱਕਾ ਹੈ।