ਪੰਜਾਬ ''ਚ ਕੋਰੋਨਾ ਪੀੜਤਾਂ ਲਈ ਖਰੀਦੀਆਂ ਜਾਣਗੀਆਂ ''ਵਾਸ਼ਿੰਗ ਮਸ਼ੀਨਾਂ'', ਜਾਣੋ ਕਾਰਨ
Friday, Apr 17, 2020 - 10:43 AM (IST)
ਚੰਡੀਗੜ੍ਹ : ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨੇ ਪੂਰੀ ਦੁਨੀਆ ਦੇ ਨਾਲ-ਨਾਲ ਇਸ ਸਮੇਂ ਪੰਜਾਬ ਨੂੰ ਵੀ ਆਪਣੀ ਲਪੇਟ 'ਚ ਲਿਆ ਹੋਇਆ ਹੈ ਅਤੇ ਹੁਣ ਤੱਕ ਸੂਬੇ 'ਚ ਕੋਰੋਨਾ ਕਾਰਨ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਪੀੜਤ ਮਰੀਜ਼ਾਂ ਦੀ ਸਫਾਈ ਦੌਰਾਨ ਬਚਾਅ ਲਈ ਪੰਜਾਬ 'ਚ ਹੁਣ ਵਾਸ਼ਿੰਗ ਮਸ਼ੀਨਾਂ ਖਰੀਦਣ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਤਹਿਤ ਸੂਬੇ ਭਰ ਦੇ ਹਰ ਇਕਾਂਤਵਾਸ ਕੇਂਦਰ 'ਚ ਆਟੋਮੈਟਿਕ ਵਾਸ਼ਿੰਗ ਮਸ਼ੀਨ ਲਾਈ ਜਾਵੇਗੀ, ਤਾਂ ਜੋ ਇਹ ਮਸ਼ੀਨ ਪੂਰੀ ਤਰ੍ਹਾਂ ਕੋਰੋਨਾ ਪੀੜਤ ਮਰੀਜ਼ਾਂ ਦੇ ਕੱਪੜਿਆਂ ਦੀ ਸਫਾਈ ਲਈ ਰਾਖਵੀਂ ਹੋਵੇ।
ਇਹ ਵੀ ਪੜ੍ਹੋ : ਕੋਰੋਨਾ ਆਫਤ ਦੇ ਚੱਲਦੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਬਰਨਾਲਾ ਤੇ ਪੱਟੀ ਜੇਲਾਂ ਇਕਾਂਤਵਾਸ ਐਲਾਨੀਆਂ
ਇਸ ਦੇ ਲਈ ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਰਾਜ ਆਫਤ ਪ੍ਰਬੰਧਨ ਫੰਡਾਂ 'ਚੋਂ ਇਨ੍ਹਾਂ ਮਸ਼ੀਨਾਂ ਦੀ ਖਰੀਦ ਕੀਤੀ ਜਾਣੀ ਹੈ। ਸਿਹਤ ਵਿਭਾਗ ਵਲੋਂ ਸੂਬੇ ਭਰ 'ਚ 26 ਹਜ਼ਾਰ ਬੈੱਡਾਂ ਦਾ ਪ੍ਰਬੰਧ ਕੀਤਾ ਜਾਣਾ ਹੈ। ਵੇਰਵਿਆਂ ਮੁਤਾਬਕ ਸਿਹਤ ਵਿਭਾਗ ਨੇ ਸਿਵਲ ਸਰਜਨਾਂ ਨੂੰ ਭੇਜੇ ਪੱਤਰ 'ਚ ਲਿਖਿਆ ਹੈ ਕਿ ਇਕਾਂਤਵਾਸ ਕੇਂਦਰਾਂ ਵਿਚਲੀ 25 ਤੋਂ 30 ਬੈੱਡਾਂ ਦੀ ਸਮਰੱਥਾ ਪਿੱਛੇ ਇਕ ਆਟੋਮੈਟਿਕ ਵਾਸ਼ਿੰਗ ਮਸ਼ੀਨ ਲਾਈ ਜਾਵੇ। ਇਹ ਮਸ਼ੀਨ 7 ਤੋਂ 9 ਕਿੱਲੋ ਦੀ ਸਮਰੱਥਾ ਵਾਲੀ ਹੋਵੇਗੀ ਅਤੇ ਕੱਪੜੇ ਸੁਕਾਉਣ ਵਾਲਾ ਡਰਾਇਰ ਵੀ ਹੋਵੇਗਾ। ਹਰ ਕੇਂਦਰ ਦੇ ਇਕ ਪਾਸੇ ਬਾਥਰੂਮ ਵੱਲ ਵਾਸ਼ਿੰਗ ਮਸੀਨ ਫਿੱਟ ਕੀਤੀ ਜਾਣੀ ਹੈ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖੁਸ਼ਖਬਰੀ! ਟਿਕਟ ਕੈਂਸਲ ਕਰਵਾਉਣ 'ਤੇ ਮਿਲੇਗਾ ਪੂਰਾ ਪੈਸਾ ਵਾਪਸ
ਇਹ ਵਾਸ਼ਿੰਗ ਮਸ਼ੀਨ ਪੂਰੀ ਤਰ੍ਹਾਂ ਕੋਵਿਡ-19 ਦੇ ਮਰੀਜ਼ਾਂ ਦੇ ਕੱਪੜੇ ਧੋਣ ਵਾਸਤੇ ਰਾਖਵੀਂ ਹੋਵੇਗੀ। ਹਸਪਤਾਲ ਸਟਾਫ ਦੇ ਕੱਪੜਿਆਂ ਲਈ ਵੀ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਹੋਣੀ ਹੈ। ਸੂਤਰਾਂ ਮੁਤਾਬਕ ਇਕ ਮਸ਼ੀਨ 'ਤੇ ਘੱਟੋ-ਘੱਟ 25 ਹਜ਼ਾਰ ਰੁਪਏ ਖਰਚ ਆਉਣਗੇ। ਪੂਰੇ ਪੰਜਾਬ 'ਚ ਇਨ੍ਹਾਂ ਮਸ਼ੀਨਾਂ 'ਤੇ ਕਰੀਬ 20 ਲੱਖ ਰੁਪਏ ਦਾ ਖਰਚ ਆਉਣ ਦਾ ਅੰਦਾਜ਼ਾ ਹੈ। ਦੱਸਣਯੋਗ ਹੈ ਕਿ ਸਿਹਤ ਵਿਭਾਗ ਨੂੰ ਖਦਸ਼ਾ ਹੈ ਕਿ ਆਉਂਦੇ ਦਿਨਾਂ 'ਚ ਕੋਰੋਨਾ ਦਾ ਪਸਾਰ ਹੋ ਸਕਦਾ ਹੈ, ਜਿਸ ਕਰਕੇ ਅਗਾਊਂ ਪ੍ਰਬੰਧ ਕੀਤੇ ਜਾ ਰਹੇ ਹਨ। ਪੰਜਾਬ 'ਚ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਨਸ਼ਾ ਛੁਡਾਊ ਕੇਂਦਰਾਂ, ਪੁਨਰਵਾਸ ਕੇਂਦਰਾਂ ਅਤੇ ਜੇਲ੍ਹਾਂ ਨੂੰ ਵੀ ਇਕਾਂਤਵਾਸ ਕੇਂਦਰਾਂ 'ਚ ਤਬਦੀਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪੰਜਾਬ ਭਰ 'ਚ ਸਰਕਾਰੀ ਤੇ ਪ੍ਰਾਈਵੇਟ ਐਂਬੂਲੈਂਸਾਂ ਦੀ ਸ਼ਨਾਖਤ ਵੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਮਾਛੀਵਾੜਾ ਮੰਡੀ 'ਚ ਕਿਸਾਨਾਂ ਨੂੰ ਦੂਜੇ ਦਿਨ ਵੀ ਟੋਕਨ ਜਾਰੀ ਨਾ ਹੋਣ ਕਾਰਨ ਖਰੀਦ ਠੱਪ