ਜੋ ਸਰਕਾਰਾਂ ਨਾ ਕਰ ਸਕੀਆਂ, ਉਹ ਕੋਰੋਨਾ ਨੇ ਕਰ ਦਿਖਾਇਆ

Wednesday, May 06, 2020 - 06:40 PM (IST)

ਜੋ ਸਰਕਾਰਾਂ ਨਾ ਕਰ ਸਕੀਆਂ, ਉਹ ਕੋਰੋਨਾ ਨੇ ਕਰ ਦਿਖਾਇਆ

ਮਾਛੀਵਾੜਾ ਸਾਹਿਬ,(ਟੱਕਰ)- ਪੰਜਾਬ ਦੇ ਕਈ ਜਿਲ੍ਹਿਆਂ 'ਚੋਂ ਲੰਘਦਾ ਬੁੱਢਾ ਦਰਿਆ ਜਿਸ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਰਕਾਰਾਂ ਵਲੋਂ ਅਣਥੱਕ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇਸ ਦਰਿਆ 'ਚ ਡਿੱਗਦਾ ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਇਸ ਨੂੰ ਗੰਧਲਾ ਕਰਦਾ ਜਾ ਰਿਹਾ ਸੀ ਪਰ ਜੋ ਕੰਮ ਸਮੇਂ ਦੀਆਂ ਸਰਕਾਰਾਂ ਨਾ ਕਰ ਸਕੀਆਂ ਉਹ ਕੋਰੋਨਾ ਨੇ ਕਰ ਦਿਖਾਇਆ ਅਤੇ ਹੁਣ ਬੁੱਢਾ ਨਾਲਾ ਪ੍ਰਦੂਸ਼ਣ ਮੁਕਤ ਹੋਇਆ ਦਿਖਾਈ ਦੇ ਰਿਹਾ ਹੈ।

ਕੋਰੋਨਾ ਨੇ ਬੇਸ਼ੱਕ ਸਾਰੀ ਦੁਨੀਆ 'ਚ ਕੋਹਰਾਮ ਮਚਾਇਆ ਹੈ ਅਤੇ ਮਨੁੱਖਤਾ ਦਾ ਜੀਵਨ ਦਾਅ 'ਤੇ ਲੱਗਿਆ ਹੈ ਪਰ ਇਹ ਕੋਰੋਨਾ ਕੁਦਰਤ ਲਈ ਵਰਦਾਨ ਸਾਬਿਤ ਹੋਇਆ ਕਿਉਂਕਿ ਪਿਛਲੇ ਇਕ ਮਹੀਨੇ ਤੋਂ ਬੰਦ ਪਈਆਂ ਫੈਕਟਰੀਆਂ ਕਾਰਨ ਬੁੱਢੇ ਦਰਿਆ 'ਚ ਵਗਦਾ ਪਾਣੀ ਐਨਾ ਸਾਫ਼ ਹੋ ਗਿਆ ਕਿ ਇਸ ਦੀ ਸਤਹਿ 'ਤੇ ਪਈ ਹਰਿਆਲੀ ਤੇ ਹੋਰ ਸਮਾਨ ਸਾਫ਼ ਦਿਖਾਈ ਦੇ ਰਿਹਾ ਹੈ। ਪੰਜਾਬ ਸਰਕਾਰ ਵਲੋਂ ਬੁੱਢਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕਈ ਯੋਜਨਾਵਾਂ ਉਲੀਕੀਆਂ, ਕਰੋੜਾਂ ਰੁਪਏ ਬਜਟ ਵੀ ਰੱਖਿਆ, ਇੱਥੋਂ ਤੱਕ ਸੰਤਾਂ-ਮਹਾਂਪੁਰਸ਼ਾਂ ਨੇ ਵੀ ਇਸ ਨੂੰ ਸਾਫ਼ ਕਰਨ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਪਰ ਪ੍ਰਦੂਸ਼ਿਤ ਪਾਣੀ ਸੁੱਟਣ ਵਾਲੇ ਉਦਯੋਗਿਕ ਘਰਾਣਿਆਂ ਅੱਗੇ ਇਹ ਸਭ ਬੇਵੱਸ਼ ਨਜ਼ਰ ਆਏ। ਮਾਛੀਵਾੜਾ ਸ਼ਹਿਰ ਦੇ ਨਜ਼ਦੀਕ ਤੋਂ ਹੀ ਵਗਦਾ ਬੁੱਢਾ ਦਰਿਆ ਜਿਸ 'ਚ ਹਮੇਸ਼ਾ ਕਾਲੇ ਰੰਗ ਦਾ ਪ੍ਰਦੂਸ਼ਿਤ ਪਾਣੀ ਦੇਖਣ ਨੂੰ ਮਿਲਦਾ ਸੀ ਅਤੇ ਇਸ 'ਚ ਮੱਛੀਆਂ ਤੇ ਜੀਵ-ਜੰਤੂ ਬਹੁਤ ਹੀ ਘੱਟ ਦਿਖਦੇ ਸਨ ਪਰ ਹੁਣ ਕੋਰੋਨਾ ਤੇ ਲਾਕਡਾਊਨ ਹੋਣ ਕਾਰਨ ਇਸ ਦਰਿਆ 'ਚ
ਪ੍ਰਦੂਸ਼ਿਤ ਪਾਣੀ ਡਿੱਗਣਾ ਬੰਦ ਹੋ ਗਿਆ, ਜਿਸ ਕਾਰਨ ਇਸ 'ਚ ਵਗਦਾ ਪਾਣੀ ਬਿਲਕੁਲ ਸਾਫ਼ ਹੋ ਗਿਆ।

ਇਸ ਸਾਫ਼ ਪਾਣੀ 'ਚ ਮੱਛੀਆਂ ਤੇ ਹੋਰ ਜੀਵ-ਜੰਤੂ ਬੜੇ ਹੀ ਰਾਹਤ ਭਰੇ ਮਾਹੌਲ 'ਚ ਤੈਰਦੇ ਦਿਖਾਈ ਦਿੱਤੇ ਕਿਉਂਕਿ ਬੇਸ਼ੱਕ ਮਨੁੱਖਤਾ ਕਰੋਨਾ ਵਾਇਰਸ ਨੂੰ ਕੋਸ ਰਹੀ ਹੈ ਪਰ ਪਾਣੀ ਅੰਦਰ ਰਹਿੰਦੇ ਜੀਵ-ਜੰਤੂਆਂ ਲਈ ਕਰੋਨਾ ਵਰਦਾਨ ਸਾਬਿਤ ਹੋਇਆ ਹੈ। ਚਾਹੇ ਕੁੱਝ ਸਮੇਂ ਬਾਅਦ ਕਰੋਨਾ ਖਿਲਾਫ਼ ਲੜੀ ਜਾ ਰਹੀ ਜੰਗ ਮਨੁੱਖ ਜਿੱਤ ਲਵੇਗਾ ਅਤੇ ਫਿਰ ਫੈਕਟਰੀਆਂ ਚੱਲ ਪੈਣਗੀਆਂ ਜਿਸ ਨਾਲ ਮੁੜ ਗੰਧਲਾ ਪਾਣੀ ਬੁੱਢੇ ਦਰਿਆ 'ਚ ਰਹਿੰਦੇ ਜੀਵ-ਜੰਤੂਆਂ ਨੂੰ ਤਬਾਹ ਕਰ ਦੇਵੇਗਾ, ਇਸ ਲਈ ਸਰਕਾਰਾਂ ਤੇ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀ ਉਦਯੋਗਿਕ ਘਰਾਣਿਆਂ ਅੱਗੇ ਗੋਡੇ ਟੇਕਣ ਦੀ ਬਜਾਏ ਆਪਣੇ ਫ਼ਰਜ਼ਾਂ ਨੂੰ ਪਹਿਚਾਣਦੇ ਹੋਏ ਜਿਸ ਤਰ੍ਹਾਂ ਹੁਣ ਬੁੱਢਾ ਦਰਿਆ ਪ੍ਰਦੂਸ਼ਣ ਮੁਕਤ ਹੈ ਉਸੇ ਤਰ੍ਹਾਂ ਕਰੋਨਾ ਤੋਂ ਬਾਅਦ ਇਸ ਨੂੰ ਸਾਫ਼ ਰੱਖਿਆ ਜਾਵੇ।


author

Deepak Kumar

Content Editor

Related News