ਗੈਂਗਸਟਰਾਂ ਨੂੰ ਐੱਮ. ਐੱਲ. ਏ. ਹੋਸਟਲ ''ਚ ਠਹਿਰਾਉਣ ਦਾ ਮਾਮਲਾ ਗੰਭੀਰ, ਜਾਂਚ ਹੋਵੇਗੀ : ਜਾਖੜ

Monday, Aug 14, 2017 - 09:34 PM (IST)

ਗੈਂਗਸਟਰਾਂ ਨੂੰ ਐੱਮ. ਐੱਲ. ਏ. ਹੋਸਟਲ ''ਚ ਠਹਿਰਾਉਣ ਦਾ ਮਾਮਲਾ ਗੰਭੀਰ, ਜਾਂਚ ਹੋਵੇਗੀ : ਜਾਖੜ

ਜਲੰਧਰ (ਧਵਨ)— ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੰਕੇਤ ਦਿੱਤੇ ਹਨ ਕਿ ਐੱਮ. ਐੱਲ. ਏ. ਹੋਸਟਲ ਚੰਡੀਗੜ੍ਹ ਵਿਚ ਗੈਂਗਸਟਰਾਂ ਨੂੰ ਪਨਾਹ ਦੇਣ ਦਾ ਮਾਮਲਾ ਕਾਫੀ ਗੰਭੀਰ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਇਸ ਦੀ ਜਾਂਚ ਕਰਵਾਏਗੀ ਤਾਂ ਕਿ ਸੱਚਾਈ ਲੋਕਾਂ ਦੇ ਸਾਹਮਣੇ ਆ ਸਕੇ। 
ਜਾਖੜ ਗੁਰਦਾਸਪੁਰ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ 2 ਗੈਂਗਸਟਰਾਂ ਦਲਜੀਤ ਸਿੰਘ ਅਤੇ ਸੁਰਜੀਤ ਸਿੰਘ ਵਲੋਂ ਪੁਲਸ ਦੇ ਸਾਹਮਣੇ ਪ੍ਰਗਟਾਏ ਰਹੱਸਾਂ 'ਤੇ ਟਿੱਪਣੀ ਕਰ ਰਹੇ ਸਨ, ਜਿਸ ਵਿਚ ਇਨ੍ਹਾਂ ਦੋਹਾਂ ਨੇ ਕਿਹਾ ਸੀ ਕਿ ਵਿੱਕੀ ਗੌਂਡਰ ਅਤੇ ਉਨ੍ਹਾਂ ਦੇ ਹੋਰ ਸਾਥੀ ਚੰਡੀਗੜ੍ਹ ਵਿਚ ਐੱਮ. ਐੱਲ. ਏ. ਹੋਸਟਲ ਵਿ ਸ਼ਰਨ ਲੈਂਦੇ ਰਹੇ ਹਨ। ਗੁਰਦਾਸਪੁਰ ਪੁਲਸ ਵਿਕੀ ਗੌਂਡਰ ਦੇ ਨਾਲ ਰਹਿੰਦੇ ਇਕ ਦਰਜਨ ਗੈਂਗਸਟਰਾਂ ਨੂੰ ਹੁਣ ਤਕ ਗ੍ਰਿਫਤਾਰ ਕਰ ਚੁੱਕੀ ਹੈ, ਜਦਕਿ ਵਿੱਕੀ ਗੌਂਡਰ ਅਜੇ ਵੀ ਫਰਾਰ ਹੈ। 
ਜਾਖੜ ਨੇ ਕਿਹਾ ਕਿ ਮਾਮਲਾ ਕਾਫੀ ਗੰਭੀਰ ਅਤੇ ਸੰਵੇਦਨਸ਼ੀਲ ਹੈ ਕਿਉਂਕਿ ਐੱਮ. ਐੱਲ. ਏ. ਹੋਸਟਲ ਵਿਚ ਕਮਰਿਆਂ ਦੀ ਬੁਕਿੰਗ ਦਾ ਕੰਮ ਪੰਜਾਬ ਵਿਧਾਨ ਸਭਾ ਦੀ ਸਿਫਾਰਿਸ਼ 'ਤੇ ਕੀਤਾ ਜਾਂਦਾ ਹੈ। ਪਿਛਲੀ ਅਕਾਲੀ ਸਰਕਾਰ ਦੇ ਕਾਰਜਕਾਲ ਵਿਚ ਐੱਮ. ਐੱਲ. ਏ. ਹੋਸਟਲ ਵਿਚ ਕਿਸ ਤਰ੍ਹਾਂ ਨਾਲ ਗੈਂਗਸਟਰ ਸ਼ਰਨ ਲੈਂਦੇ ਰਹੇ, ਇਹ ਗੱਲ ਹੁਣ ਜਨਤਕ ਹੋ ਗਈ ਹੈ ਕਿਉਂਕਿ ਗੁਰਦਾਸਪੁਰ ਪੁਲਸ ਨੇ ਵਿੱਕੀ ਗੌਂਡਰ ਦੇ 2 ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਨਾਲ ਐੱਮ. ਐੱਲ. ਏ. ਹੋਸਟਲ ਵਿਚ ਗੈਂਗਸਟਰਾਂ ਨੂੰ ਮੁਹੱਈਆ ਕਰਵਾਏ ਗਏ ਕਮਰਿਆਂ ਨੂੰ ਲੈ ਕੇ ਡੂੰਘਾਈ ਨਾਲ ਜਾਂਚ ਕਰਵਾਉਣ ਦੀ ਮੰਗ ਕਰਨਗੇ। 
ਉਨ੍ਹਾਂ ਕਿਹਾ ਕਿ ਅਕਾਲੀ ਹੁਣ ਤਾਂ ਕਾਂਗਰਸ ਸਰਕਾਰ 'ਤੇ ਝੂਠੇ ਕੇਸ ਦਰਜ ਕਰਨ ਦੇ ਦੋਸ਼ ਲਗਾ ਰਹੇ ਹਨ, ਜਦਕਿ ਪਿਛਲੀ ਅਕਾਲੀ ਸਰਕਾਰ ਦੇ ਸਮੇਂ ਕਿਸ ਤਰ੍ਹਾਂ ਨਾਲ ਗੈਂਗਸਟਰ ਸਿਰ ਉਠਾਉਂਦੇ ਰਹੇ, ਇਹ ਗੱਲ ਹੁਣ ਕਿਸੇ ਤੋਂ ਲੁਕੀ ਨਹੀਂ ਰਹਿ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਤਾਂ ਅਨੇਕਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਜੇਲ ਦੀਆਂ ਸੀਖਾਂ ਪਿੱਛੇ ਡੱਕ ਦਿੱਤਾ ਗਿਆ ਹੈ, ਜਦਕਿ ਪਿਛਲੀ ਅਕਾਲੀ ਸਰਕਾਰ ਦੇ ਸਮੇਂ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਹੀ 56 ਤੋਂ ਵੱਧ ਗੈਂਗਸਟਰਾਂ ਦੇ ਗਿਰੋਹ ਦੇ ਸੂਬੇ ਵਿਚ ਹੋਣ ਦਾ ਦਾਅਵਾ ਕੀਤਾ ਸੀ ਪਰ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਹੁਣ ਇਨ੍ਹਾਂ ਦੀ ਗਿਣਤੀ ਘਟ  ਕੇ ਸਿਰਫ 20-22 ਰਹਿ ਗਈ ਹੈ ਅਤੇ ਉਨ੍ਹਾਂ ਨੂੰ ਵੀ ਆਉਣ ਵਾਲੇ ਸਮੇਂ ਵਿਚ ਸੂਬਾ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ।
ਜਾਖੜ ਨੇ ਕਿਹਾ ਕਿ ਹੁਣ ਸੂਬੇ ਵਿਚ ਕਿਸੇ ਵੀ ਅਪਰਾਧਿਕ ਵਿਅਕਤੀ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਅਤੇ ਅਪਰਾਧੀਆਂ ਦਾ ਸਾਥ ਦੇਣ ਵਾਲੇ ਸਿਆਸੀ ਲੋਕਾਂ ਨੂੰ ਵੀ ਛੱਡਿਆ ਨਹੀਂ ਜਾਵੇਗਾ।


Related News