ਕਾਂਗਰਸ ਸਪੱਸਟ ਕਰੇ ਚੰਨੀ ਚਿਹਰਾ ਹੈ ਜਾਂ ਮੋਹਰਾ : ਚੁੱਘ
Wednesday, Sep 22, 2021 - 09:07 PM (IST)
ਚੰਡੀਗੜ੍ਹ (ਸ਼ਰਮਾ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਵਲੋਂ ‘ਬੁਲਡੋਜਡ’ ਕੀਤਾ ਜਾ ਰਿਹਾ ਹੈ, ਜੋ ਲੋਕਤੰਤਰ ਲਈ ਬਹੁਤ ਘਾਤਕ ਸਿੱਧ ਹੋਵੇਗਾ। ਚੁੱਘ ਨੇ ਕਿਹਾ ਕਿ ਜਿਸ ਤਰ੍ਹਾਂ ਸਿੱਧੂ ਮੁੱਖ ਮੰਤਰੀ ਅਤੇ ਦੋ ਉਪ ਮੁੱਖ ਮੰਤਰੀਆਂ ਨਾਲ ਨਜਿੱਠ ਰਹੇ ਹਨ, ਉਨ੍ਹਾਂ ਨੂੰ ਨਿਰਦੇਸ਼ ਦੇ ਰਹੇ ਹਨ, ਪਹਿਲੀ ਕੈਬਨਿਟ ਮੀਟਿੰਗ ਤੋਂ ਪਹਿਲਾਂ ਇਹ ਆਲ ਇੰਡੀਆ ਕਾਂਗਰਸ ਪਾਰਟੀ ਦਾ ਸਪੱਸਟ ਸੰਕੇਤ ਹੈ ਕਿ ਸਿੱਧੂ ਪੰਜਾਬ ਵਿਚ ਹੋਣਗੇ। ਚਿਹਰਾ ਅਤੇ ਬਾਕੀ ਕੈਬਨਿਟ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾਉਂਦੇ ਰਹਿਣਗੇ।
ਇਹ ਵੀ ਪੜ੍ਹੋ- ਕੈਪਟਨ ਦਾ ਸਿੱਧੂ 'ਤੇ ਹਮਲਾ, ਕਿਹਾ- ਡਰਾਮਾ ਮਾਸਟਰ ਨੂੰ ਨਹੀਂ ਬਣਨ ਦਿਆਂਗਾ CM
ਚੁੱਘ ਨੇ ਕਿਹਾ ਕਿ ਜਿਸ ਤਰੀਕੇ ਨਾਲ ਸਿੱਧੂ ਮੁੱਖ ਮੰਤਰੀ ਅਤੇ ਦੋ ਉਪ ਮੁੱਖ ਮੰਤਰੀਆਂ ਨੂੰ ਦਬਦਬਾ ਪੂਰਨ ਤਰੀਕੇ ਨਾਲ ਨਿਰਦੇਸ਼ ਦੇ ਰਹੇ ਹਨ, ਉਸ ਨਾਲ ਭਾਰਤੀ ਲੋਕਤੰਤਰ ਨੂੰ ਸ਼ਰਮਸਾਰ ਕੀਤਾ ਜਾ ਰਿਹਾ ਹੈ। ਚੁੱਘ ਨੇ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਜੇ ਉਨ੍ਹਾਂ ਨੂੰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਡਿਪਟੀ ਨੂੰ ਸਿੱਧੂ ਦੇ ਹੱਥਾਂ ਵਿਚ ਸਾਧਨ ਬਣਾਉਣਾ ਸੀ, ਤਾਂ ਕਾਂਗਰਸ ਹਾਈਕਮਾਂਡ ਨੇ ਸਿੱਧੂ ਨੂੰ ਮੁੱਖ ਮੰਤਰੀ ਨਿਯੁਕਤ ਕਿਉਂ ਨਹੀਂ ਕੀਤਾ?
ਇਹ ਵੀ ਪੜ੍ਹੋ- ਕਾਂਗਰਸ ਹਾਈ ਕਮਾਂਡ 2022 ਦੀਆਂ ਚੋਣਾਂ ਲਈ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਦੱਸੇ : ਸੁਖਬੀਰ
ਚੁੱਘ ਨੇ ਪੰਜਾਬ ਦੇ ਕਾਂਗਰਸ ਇੰਚਾਰਜ ਹਰੀਸ਼ ਰਾਵਤ ‘ਤੇ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨਵਜੋਤ ਸਿੰਘ ਸਿੱਧੂ ਦੇ ‘ਪੰਜਾਬੀ ਭਾਈ’ ਹਨ, ਜੋ ਕਿ ਗਲਤ ਹੈ। ਚੁੱਘ ਨੇ ਕਿਹਾ ਕਿ ਜੇ ਕਾਂਗਰਸ ਪੰਜਾਬ ਵਿਚ ਇਸ ਤਰ੍ਹਾਂ ਦੀ ਦੇਸ਼ ਵਿਰੋਧੀ ਭਾਵਨਾ ਫੈਲਾਉਣ ਜਾ ਰਹੀ ਹੈ, ਤਾਂ ਭਾਜਪਾ ਇਸਦਾ ਸਖਤ ਵਿਰੋਧ ਕਰੇਗੀ ਅਤੇ ਪੰਜਾਬ ਵਿਚ ਕਾਂਗਰਸ ਦੇ ਰਾਸ਼ਟਰ ਵਿਰੋਧੀ ਮਨਸੂਬਿਆਂ ਦਾ ਪਰਦਾਫਾਸ ਕਰੇਗੀ।