ਕਾਂਗਰਸ ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਅੰਮ੍ਰਿਤਸਰ ਪੁੱਜੇ ‘ਨਵਜੋਤ ਸਿੱਧੂ’, ਵੱਜੇ ਢੋਲ (ਤਸਵੀਰਾਂ)
Tuesday, Jul 20, 2021 - 03:39 PM (IST)
 
            
            ਅੰਮ੍ਰਿਤਸਰ (ਬਿਊਰੋ) - ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪਹਿਲੀ ਵਾਰ ਅੱਜ ਗੁਰੂ ਨਗਰੀ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਅੰਮ੍ਰਿਤਸਰ ’ਚ ਸਿੱਧੂ ਦਾ ਜ਼ਬਰਦਸਤ ਸੁਆਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸਿੱਧੂ ਦੇ ਸਮਰਥਕ ਪਹੁੰਚੇ ਹੋਏ ਹਨ, ਜੋ ਢੋਲ ਵਜਾ ਕੇ ਉਨ੍ਹਾਂ ਦਾ ਸੁਆਗਤ ਕਰ ਰਹੇ ਹਨ।

ਮੀਂਹ ਦੇ ਬਾਵਜੂਦ ਸੈਂਕੜੇ ਵਰਕਰ ਨਵਜੋਤ ਸਿੱਧੂ ਨੂੰ ਮਿਲਣ ਲਈ ਵਿਸ਼ੇਸ਼ ਤੌਰ ’ਤੇ ਪੁੱਜੇ, ਜਿਨ੍ਹਾਂ ਨੇ ਸਿੱਧੂ ਬਣਨ ’ਤੇ ਆਪਣੀ ਖ਼ੁਸ਼ੀ ਜਤਾਈ। ਸਿੱਧੂ ਦੇ ਸਮਰਥਕਾਂ ਨੇ ਢੋਲ ਵਜਾਏ। ਪੰਜਾਬ ਦੇ ਸੂਬਾ ਪ੍ਰਧਾਨ ਬਣਨ ਦੇ ਬਾਅਦ ਪਹਿਲੀ ਵਾਰ ਨਵਜੋਤ ਸਿੰਘ ਸਿੱਧੂ ਗੁਰੂ ਨਗਰੀ ਪਹੁੰਚੇ, ਜਿੱਥੇ ਗੋਲਡਨ ਗੇਟ ਤੋਂ ਲੈ ਕੇ ਉਨ੍ਹਾਂ ਦੇ ਘਰ ਤੱਕ ਹਜ਼ਾਰਾਂ ਵਰਕਰਾਂ ਨੇ ਸ਼ਾਨਦਾਰ ਸਵਾਗਤ ਕੀਤਾ। ਇਸ ਦੌਰਾਨ ਸਿੱਧੂ ਨਾਲ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੀ ਨਾਲ ਸਨ। ਸਿੱਧੂ ਦਾ ਗੁਰੂ ਨਗਰੀ ਪਹੁੰਚਣ ਦਾ ਸਮਾਂ 1 ਵਜੇ ਸੀ ਪਰ ਉਹ 3 ਵਜੇ ਦੇ ਕਰੀਬ ਪਹੁੰਚੇ। ਇਸ ਦੇ ਬਾਬਜੂਦ ਵੀ ਪਾਰਟੀ ਵਰਕਰ ਮੀਂਹ ’ਚ ਹੀ ਨਵਜੋਤ ਸਿੱਧੂ ਦੇ ਸਵਾਗਤ ਲਈ ਖੜ੍ਹੇ ਰਹੇ।

ਸਿੱਧੂ ਦੇ ਹਜ਼ਾਰਾਂ ਲੋਕਾਂ ਦੇ ਕਾਫਲੇ ਤੋਂ ਇਹ ਲੱਗ ਰਿਹਾ ਸੀ ਕਿ ਜਿਵੇਂ ਕੋਈ ਮੇਲਾ ਲੱਗਾ ਹੋਵੇ। ਇਸ ਤੋਂ ਪਹਿਲਾਂ ਸਿੱਧੂ ਨੇ ਨਵਾਂ ਸ਼ਹਿਰ ’ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕਡ਼ ਕਲਾਂ ’ਚ ਸਿੱਧੂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਕਾਫਲੇ ’ਚ ਸੌਰਭ ਮਦਾਨ ਮਿੱਠੂ, ਕੌਂਸਲਰ ਸ਼ੈਲਿੰਦਰ ਸ਼ੈਲੀ, ਕੌਂਸਲਰ ਅਜੀਤ ਸਿੰਘ ਭਾਟੀਆ, ਮਾਸਟਰ ਵੇਰਕਾ, ਜਸਮੀਤ ਸਿੰਘ ਸੋੜੀ, ਸਤਬੀਰ ਸਿੰਘ ਬਰਨਾਲਾ, ਸੰਦੀਪ ਕੁਮਾਰ, ਮਾਸਟਰ ਹਰਪਾਲ ਵੇਰਕਾ, ਮਨੂੰ ਧੁੰਨਾ, ਗੁਰਦੇਸ਼ ਸਿੰਘ ਚੀਦਾ, ਜਤਿੰਦਰ ਸੋਨੀਆ, ਕੌਂਸਲਰ ਲਾਡਾ ਪਹਿਲਵਾਨ, ਅਮਰਬੀਰ ਗਿੱਲ, ਕੌਂਸਲਰ ਦਮਨਦੀਪ ਸਿੰਘ, ਗਰੀਸ਼ ਸ਼ਰਮਾ, ਮੋਨਿਕਾ ਸ਼ਰਮਾ, ਗੁਰਦੀਪ ਕੁਮਾਰ ਸੋਨੂੰ, ਵਿਸ਼ਾਲ ਦਲੇਰ, ਰਾਜੇਸ਼ ਮਦਾਨ, ਜਤਿੰਦਰ ਸਿੰਘ ਮੋਤੀ ਭਾਟੀਆ, ਜਤਿੰਦਰ ਸਿੰਘ ਕੌਂਸਲਰ, ਨਵਦੀਪ ਸਿੰਘ ਹੁੰਦਲ, ਅਰਸ਼ਦੀਪ ਸਿੰਘ ਰੈਲੀ, ਡਾ. ਅਨੂਪ ਕੁਮਾਰ, ਸਾਬਕਾ ਕੌਂਸਲਰ ਮੈਡਮ ਭਾਵਨਾ, ਮੈਡਮ ਗੁਲਸ਼ਨ ਸ਼ਰਮਾ, ਹਰਪਾਲ ਵੇਰਕਾ ਮੌਜੂਦ ਸਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਮੰਗਲਵਾਰ ਨੂੰ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ’ਚ ਨਤਮਸਤਕ ਹੋਣਗੇ, ਨਾਲ ਹੀ ਸਿੱਧੂ ਅੰਮ੍ਰਿਤਸਰ ’ਚ ਦੋ ਦਿਨ ਤੱਕ ਰੁਕਣਗੇ। ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਪੰਜਾਬ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕੋਠੀ ਹੋਲੀ ਸਿਟੀ ’ਚ ਢੋਲ ਧਮਾਕੇ ਦੇ ਨਾਲ ਖੁਸ਼ੀ ਮਨਾਈ। ਸਿੱਧੂ ਨੇ ਕਿਹਾ ਕਿ ’ਚ ਤੁਹਾਡਾ ਸਭ ਦਾ ਰਿਣੀ ਰਹਾਂਗਾ ਅਤੇ ਤੁਹਾਡੀ ਸਭ ਦੀ ਰਾਏ ਨਾਲ ਪੰਜਾਬ ਦੀ ਬਿਹਤਰੀ ਲਈ ਪ੍ਰੋਗਰਾਮ ਬਣਾਏ ਜਾਣਗੇ।

ਸੱਚਰ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਬਣਨ ਨਾਲ ਪੰਜਾਬ ਦੀ ਹਵਾ ਬਦਲ ਗਈ ਹੈ, ਇਸ ਨਾਲ ਮਾਝੇ ’ਚ ਬੜੇ ਫ਼ੇਰ ਬਦਲ ਹੋਣਗੇ ਅਤੇ ਕਾਂਗਰਸ ਵਿਧਾਨ ਸਭਾ ਚੋਣ ’ਚ ਵੱਡੀ ਲੀਡ ਨਾਲ ਜੇਤੂ ਹੋਵੇਗੀ। ਇਸ ਦੌਰਾਨ ਗੁਰਮੀਤ ਸਿੰਘ ਰਾਜੂ ਭੀਲੋਵਾਲ, ਰਵਿੰਦਰ ਸਿੰਘ, ਸੁਖਚੈਨ ਸਿੰਘ, ਸੋਨੀ ਸਰਪੰਚ, ਬਲਜੀਤ ਸਿੰਘ, ਸਰਪੰਚ ਜਗਦੇਵ ਸਿੰਘ ਆਦਿ ਨਾਲ ਸਨ।


ਨੋਟ - ਕਾਂਗਰਸ ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਅੰਮ੍ਰਿਤਸਰ ਪੁੱਜੇ ‘ਨਵਜੋਤ ਸਿੱਧੂ’ ਦੇ ਸਬੰਧ ’ਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ, ਕੁਮੈਂਟ ਕਰਕੇ ਦਿਓ ਜਵਾਬ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            