ਕਾਂਗਰਸ ਆਪਣੇ ''ਭ੍ਰਿਸ਼ਟ'' ਆਗੂਆਂ ਨੂੰ ਬਚਾਉਣ ਦੀ ਕਰ ਰਹੀ ਕੋਸ਼ਿਸ਼ : ਮਲਵਿੰਦਰ ਸਿੰਘ ਕੰਗ
Monday, Aug 22, 2022 - 06:12 PM (IST)
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਅੱਜ ਵਿਜੀਲੈਂਸ ਦਫ਼ਤਰ ਅੱਗੇ ਕਾਂਗਰਸ ਵੱਲੋਂ ਦਿੱਤੇ ਧਰਨੇ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਭ੍ਰਿਸ਼ਟ ਅਤੇ ਨਾਪਾਕ ਲੋਕ ਭਗਵੰਤ ਮਾਨ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਜਾਂਚਾਂ ਤੋਂ ਬਚ ਨਹੀਂ ਸਕਦੇ। ਉਨ੍ਹਾਂ ਕਾਂਗਰਸੀ ਆਗੂਆਂ ਨੂੰ ਵੀ ਆਪਣੇ ਸਵਾਰਥੀ ਅਤੇ ਭ੍ਰਿਸ਼ਟ ਆਗੂਆਂ ਨੂੰ ਬਚਾਉਣ ਦੀ ਬਜਾਏ ਆਮ ਲੋਕਾਂ ਦੀ ਭਲਾਈ ਲਈ ਅੱਗੇ ਆਉਣ ਦੀ ਸਲਾਹ ਦਿੱਤੀ।
ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਾਂਗਰਸ ਵੱਲੋਂ ਲਾਏ ਗਏ ਬਦਲਾਖੋਰੀ ਦੀ ਰਾਜਨੀਤੀ ਦੇ ਬੇਤੁਕੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਵਾਲ ਕੀਤਾ ਕਿ ਉਨ੍ਹਾਂ ਦੇ ਸਾਰੇ ਆਗੂ ਵਿਜੀਲੈਂਸ ਦੀ ਜਾਂਚ ਤੋਂ ਕਿਉਂ ਡਰਦੇ ਹਨ। ਕੰਗ ਨੇ ਕਿਹਾ, “ਜੇ ਉਹ ਬੇਕਸੂਰ ਹਨ ਅਤੇ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਨਹੀਂ ਹੈ ਤਾਂ ਉਹ ਨਿਰਪੱਖ ਜਾਂਚ ਤੋਂ ਭੱਜ ਕਿਉਂ ਰਹੇ ਹਨ? ਨਿਰਪੱਖ ਜਾਂਚ ਦਾ ਸਾਹਮਣਾ ਕਰੋ ਅਤੇ ਅਦਾਲਤਾਂ 'ਚ ਆਪਣੀ ਬੇਗੁਨਾਹੀ ਸਾਬਤ ਕਰੋ।" ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਉਦਾਹਰਨ ਦਿੰਦਿਆਂ ਕੰਗ ਨੇ ਕਿਹਾ ਕਿ ਕਾਂਗਰਸੀ ਨੇਤਾਵਾਂ ਨੂੰ ਵੀ ਉਨ੍ਹਾਂ ਵਾਂਗ ਜਾਂਚ ਦਾ ਸਾਹਮਣਾ ਕਰਨਾ ਚਾਹੀਦਾ ਹੈ ਕਿਉਂਕਿ ਉਹ ਬੇਕਸੂਰ ਹਨ ਅਤੇ ਝੂਠੇ ਕੇਸਾਂ ਤੋਂ ਡਰਦੇ ਨਹੀਂ ਅਤੇ ਜਲਦ ਹੀ ਅਦਾਲਤ 'ਚ ਸੱਚਾਈ ਸਭ ਦੇ ਸਾਹਮਣੇ ਆ ਜਾਵੇਗੀ।
ਇਹ ਵੀ ਪੜ੍ਹੋ : ਭੇਤਭਰੀ ਹਾਲਤ 'ਚ 32 ਸਾਲਾ ਔਰਤ 2 ਬੱਚੀਆਂ ਸਮੇਤ ਘਰੋਂ ਗਾਇਬ
ਉਨ੍ਹਾਂ ਕਾਂਗਰਸੀ ਆਗੂਆਂ ਨੂੰ ਵੱਧ ਰਹੀ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਡਰੱਗ ਮਾਫ਼ੀਆ ਵਿਰੁੱਧ ਧਰਨੇ ਦੇਣ ਦੀ ਸਲਾਹ ਦਿੱਤੀ। ਮਾਨ ਸਰਕਾਰ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਵਚਨਬੱਧ ਹੈ ਅਤੇ ਜਨਤਾ ਦੇ ਪੈਸੇ ਦੀ ਲੁੱਟ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰਾਂ ਦੇ ਲੋਕ ਕਈ ਘੁਟਾਲਿਆਂ, ਭ੍ਰਿਸ਼ਟਾਚਾਰ ਦੇ ਕੇਸਾਂ 'ਚ ਫਸੇ ਹੋਏ ਸਨ ਅਤੇ ਹੁਣ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਇਮਾਨਦਾਰ ਸਰਕਾਰ ਤੋਂ ਭ੍ਰਿਸ਼ਟਾਚਾਰੀ ਆਗੂ ਘਬਰਾਏ ਹੋਏ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਗੁਨਾਹਾਂ ਅਤੇ ਪੰਜਾਬੀਆਂ ਨੂੰ ਲੁੱਟਣ ਦੀ ਸਜ਼ਾ ਮਿਲੇਗੀ। ਕੰਗ ਅਨੁਸਾਰ, "ਮਾਨ ਸਰਕਾਰ ਵੱਲੋਂ ਫੂਡ ਐਂਡ ਸਪਲਾਈ, ਟਰਾਂਸਪੋਰਟ ਅਤੇ ਮਾਈਨਿੰਗ ਵਿਭਾਗ ਦੀਆਂ ਫਾਈਲਾਂ ਦੀ ਘੋਖ ਕੀਤੀ ਜਾ ਰਹੀ ਹੈ ਤਾਂ ਇਨ੍ਹਾ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਬਲਬੀਰ ਸਿੱਧੂ ਅਤੇ ਹੋਰ ਕਾਂਗਰਸੀ ਆਗੂਆਂ ਦੇ ਨਾਂ ਸਾਹਮਣੇ ਆ ਰਹੇ ਹਨ। ਪਿਛਲੀ ਸਰਕਾਰ ਦੌਰਾਨ ਹੋਏ ਵੱਖ-ਵੱਖ ਘੁਟਾਲਿਆਂ ਦੀ ਜਾਂਚ ਚੱਲ ਰਹੀ ਹੈ ਅਤੇ ਸਾਰੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ।"
ਇਹ ਵੀ ਪੜ੍ਹੋ : ‘ਸੰਧੂਕਲਾਂ’ ਵਿਖੇ ਵਿਅਕਤੀ ਦੀ ਭੇਤਭਰੀ ਹਾਲਤ ’ਚ ਮੌਤ, ਪਰਿਵਾਰ ਨੇ ਮੰਗੀਆ ਇਨਸਾਫ਼
ਉਨ੍ਹਾਂ ਕਿਹਾ ਕਿ ਖੇਤੀਬਾੜੀ 'ਚ ਹੋਏ 150 ਕਰੋੜ ਰੁਪਏ ਦੇ ਘਪਲੇ ਦੀ ਵੀ ਜਾਂਚ ਚੱਲ ਰਹੀ ਹੈ। 'ਆਪ' ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦੀ ਹੈ ਕਿ ਉਹ ਲੋਕਾਂ ਦੇ ਸਾਹਮਣੇ ਸੱਚਾਈ ਲਿਆਵੇ ਅਤੇ ਭ੍ਰਿਸ਼ਟਾਚਾਰੀਆਂ ਨੂੰ ਸਜ਼ਾਵਾਂ ਦੇਵੇ। ਉਹਨਾਂ ਸਾਬਕਾ ਜੇਲ੍ਹ ਮੰਤਰੀ ਅਤੇ ਕਾਂਗਰਸੀ ਵਿਧਾਇਕ ਸੁਖਜਿੰਦਰ ਰੰਧਾਵਾ 'ਤੇ ਕਾਂਗਰਸ ਸਰਕਾਰ ਦੌਰਾਨ ਗੈਂਗਸਟਰ ਮੁਖ਼ਤਿਆਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਤੋਂ ਪੰਜਾਬ ਲਿਆਉਣ ਲਈ ਮੋਹਾਲੀ ਵਿਖੇ ਫਰਜ਼ੀ ਐਫਆਈਆਰ ਦਰਜ ਕਰ ਰੋਪੜ ਕੇਂਦਰੀ ਜੇਲ੍ਹ 'ਚ ਉਸਨੂੰ 'ਵੀਵੀਆਈਪੀ ਟ੍ਰੀਟਮੈਂਟ' ਦੇਣ ਦਾ ਦੋਸ਼ ਵੀ ਲਗਾਇਆ। ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ 'ਛੱਲਾ ਮੁੜ ਕੇ ਨੀ ਆਇਆ' ਅਤੇ ਆਪਣੇ ਕਾਰਜਕਾਲ ਦੌਰਾਨ ਗੈਰ-ਕਾਨੂੰਨੀ ਮਾਈਨਿੰਗ ਨਾਲ ਪੈਸਾ ਇਕੱਠਾ ਕਰ ਹੁਣ ਵਿਦੇਸ਼ 'ਚ 'ਲੁਕਿਆ' ਬੈਠਾ ਹੈ।