ਹਜ਼ਾਰ ਕਰੋੜ ਕੋਰੋਨਾ ''ਤੇ ਖਰਚਣ ਦਾ ਵ੍ਹਾਈਟ ਪੇਪਰ ਜਾਰੀ ਕਰੇ ਕਾਂਗਰਸ ਸਰਕਾਰ : ਅਕਾਲੀ ਦਲ

04/22/2021 2:31:52 AM

ਚੰਡੀਗੜ੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਨੇ ਬੁੱਧਵਾਰ ਨੂੰ ਕਾਂਗਰਸ ਸਰਕਾਰ ਕੋਲੋਂ ਇੱਕ ਵ੍ਹਾਈਟ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਕਿ ਉਹ ਖੁਲਾਸਾ ਕਰੇ ਕਿ ਉਸ ਨੇ ਰਾਜ ਵਿਚ ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਅਤੇ ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਜਨਤਕ ਫੰਡਾਂ ਵਿਚੋਂ 1000 ਕਰੋੜ ਰੁਪਏ ਦਾ ਇਸਤੇਮਾਲ ਕਿਵੇਂ ਕੀਤਾ।

ਸਾਬਕਾ ਮੰਤਰੀ ਸਿੰਕਦਰ ਸਿੰਘ ਮਲੂਕਾ ਨੇ ਕੋਵਿਡ ਨਾਲ ਲੜਨ ਲਈ ਖਰਚ ਕੀਤੇ ਗਏ 1000 ਕਰੋੜ ਰੁਪਏ ਦੇ ਖਰਚੇ ਨੂੰ ਵੱਡੀ ਗੜਬੜੀ ਦੱਸਦੇ ਹੋਏ ਕਿਹਾ ਕਿ ਸਰਕਾਰ ਦੀ ਉਦਾਸੀਨਤਾ ਕਾਰਨ ਹਜ਼ਾਰਾਂ ਲੋਕ ਮਰ ਰਹੇ ਹਨ, ਤਦ ਵੀ ਉਹ ਫਰਜ਼ੀ ਦਾਅਵੇ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਰੋੜਾਂ ਦੇ ਘੋਟਾਲੇ ਲਈ ਜ਼ਿੰਮੇਵਾਰ ਲੋਕਾਂ ਦਾ ਪਤਾ ਲਾਉਣ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਦੇ ਨਾਲ-ਨਾਲ ਭ੍ਰਿਸ਼ਟਾਚਾਰ ’ਤੇ ਰੋਕ ਲਾਉਣ ਦੀ ਲੋੜ ਹੈ, ਤਾਂ ਕਿ ਰਾਜ ਦਾ ਪੈਸਾ ਮਰੀਜ਼ਾਂ ਦੀ ਭਲਾਈ ’ਤੇ ਖਰਚ ਕੀਤਾ ਜਾ ਸਕੇ।

ਮਲੂਕਾ ਨੇ ਕਿਹਾ ਕਿ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਵਿਚ ਕੋਈ ਬਦਲਾਅ ਨਹੀਂ ਦਿਸ ਰਿਹਾ ਹੈ। ਮੋਹਾਲੀ, ਰੋਪੜ ਵਰਗੇ ਜ਼ਿਲਿਆਂ ਵਿਚ ਸਮਰਪਿਤ ਕੋਵਿਡ ਹਸਪਤਾਲ ਤੱਕ ਨਹੀਂ ਹਨ। ਨਵੇਂ ਆਈ.ਸੀ.ਯੂ. ਦੀ ਸਹੂਲਤ ਸਿਰਫ਼ ਦੋ ਜ਼ਿਲਾ ਹਸਪਤਾਲਾਂ ਵਿਚ ਬਣਾਈ ਗਈ ਹੈ ਜੋ ਬੇਹੱਦ ਸ਼ਰਮ ਦੀ ਗੱਲ ਹੈ। ਰੇਮੇਡੇਸਿਵਿਰ ਤੋਂ ਇਲਾਵਾ ਟੋਸਿਲਿਮੁਜੇਬ ਵਰਗੇ ਜੀਵਨ ਰੱਖਿਅਕ ਟੀਕੇ ਦੀ ਭਾਰੀ ਕਮੀ ਹੈ। ਸਰਕਾਰ ਦੇ ਵੈਂਟੀਲੇਟਰਾਂ ਦੀ ਗਿਣਤੀ ਵਧਾਉਣ ਵਿਚ ਨਾਕਾਮ ਰਹਿਣ ਨਾਲ ਮਰੀਜ਼ਾਂ ਨੂੰ ਵੈਂਟੀਲੇਟਰ ਨਹੀਂ ਮਿਲ ਰਹੇ ਹਨ। ਇੱਥੋਂ ਤਕ ਕਿ ਕੇਂਦਰ ਸਰਕਾਰ ਵਲੋਂ ਉਪਲਬਧ ਕਰਾਏ ਵੈਂਟੀਲੇਟਰ ਵੀ ਮਹੀਨਿਆਂ ਤੱਕ ਉਨ੍ਹਾਂ ਨੂੰ ਸੰਚਾਲਿਤ ਕਰਨ ਲਈ ਕਰਮਚਾਰੀਆਂ ਦੀ ਕਮੀ ਕਾਰਨ ਖੋਲ੍ਹੇ ਵੀ ਨਹੀਂ ਗਏ। ਇਸੇ ਲਈ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਵੀ ਸਰਕਾਰੀ ਹਸਪਤਾਲਾਂ ’ਤੇ ਵਿਸ਼ਵਾਸ ਨਹੀਂ ਹੈ ਅਤੇ ਉਨ੍ਹਾਂ ਨੇ ਆਪਣਾ ਕੋਵਿਡ ਸਬੰਧੀ ਇਲਾਜ ਨਿੱਜੀ ਸੰਸਥਾਨ ਵਿਚ ਕਰਵਾਉਣ ਦਾ ਫੈਸਲਾ ਲਿਆ ਸੀ। ਕਾਂਗਰਸ ਦੇ ਹੋਰ ਨੇਤਾਵਾਂ ਅਤੇ ਵਿਧਾਇਕਾਂ ਨੇ ਵੀ ਅਜਿਹਾ ਹੀ ਕੀਤਾ ਹੈ।       


Bharat Thapa

Content Editor

Related News