ਭੁੱਖੇ ਪੇਟ ਕਿਵੇਂ ਹਾਸਲ ਹੋਵੇ ਗਿਆਨ
Sunday, Feb 18, 2018 - 12:53 AM (IST)

ਫਿਰੋਜ਼ਪੁਰ(ਮਨਦੀਪ)—ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹੋਵੇ ਜਾਂ ਫਿਰ ਪੰਜਾਬ ਦੀ ਕਾਂਗਰਸ ਸਰਕਾਰ, ਦੋਵਾਂ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਤੇ ਬੱਚਿਆਂ ਦੀ ਸਿੱਖਿਆ ਪ੍ਰਤੀ ਸਰਕਾਰਾਂ ਕਿੰਨੀਆਂ ਕੁ ਗੰਭੀਰ ਹਨ, ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਦੋਵੇਂ ਸਰਕਾਰਾਂ ਵੱਲੋਂ ਸੰਯੁਕਤ ਰੂਪ ਵਿਚ ਚਲ ਰਹੇ ਸਰਵ ਸਿੱਖਿਆ ਅਭਿਆਨ ਤਹਿਤ ਪਿਛਲੇ 5-6 ਮਹੀਨਿਆਂ ਤੋਂ ਫੰਡ ਜਾਰੀ ਨਹੀਂ ਕੀਤੇ ਗਏ। ਦੱਸਣਯੋਗ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਬਣੇ ਬੱਚਿਆਂ ਦੇ ਹੋਸਟਲ ਵਿਚ ਸਰਵ ਸਿੱਖਿਆ ਅਭਿਆਨ ਦੇ ਤਹਿਤ ਸਰਕਾਰੀ ਗ੍ਰਾਂਟ ਨਾ ਆਉਣ ਨਾਲ ਬੱਚਿਆਂ ਨੂੰ ਪੇਟ ਭਰ ਖਾਣਾ ਤੱਕ ਨਹੀਂ ਨਸੀਬ ਹੋ ਰਿਹਾ। ਕਦੇ ਉਧਾਰ ਤੇ ਕਦੇ ਸਟਾਫ ਵੱਲੋਂ ਪੈਸੇ ਇਕੱਠੇ ਕਰ ਕੇ ਬੱਚਿਆਂ ਨੂੰ ਖਾਣਾ ਦਿੱਤਾ ਜਾ ਰਿਹਾ ਹੈ ਤੇ ਪੈਸੇ ਨਾ ਮਿਲਣ ਕਾਰਨ ਰਾਸ਼ਨ ਸਪਲਾਈ ਕਰਨ ਵਾਲਿਆਂ ਨੇ ਵੀ ਸਟਾਫ ਨੂੰ ਰਾਸ਼ਨ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। 5 ਮਹੀਨਿਆਂ ਤੋਂ ਗ੍ਰਾਂਟ ਨਾ ਮਿਲਣ ਕਾਰਨ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਬਣੇ 5 ਹੋਸਟਲਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੋਸਟਲ ਸਰਕਾਰ ਵੱਲੋਂ ਉਨ੍ਹਾਂ ਗਰੀਬ ਤੇ ਦਲਿਤ ਪਰਿਵਾਰਾਂ ਦੇ ਬੱਚਿਆਂ ਲਈ ਬਣਾਏ ਗਏ ਹਨ, ਜੋ ਕਿ ਦੂਰ-ਦੁਰਾਡੇ ਸਰਹੱਦੀ ਪਿੰਡਾਂ ਤੋਂ ਸ਼ਹਿਰ ਵਿਚ ਸਿੱਖਿਆ ਪ੍ਰਾਪਤ ਕਰਨ ਲਈ ਰੋਜ਼ਾਨਾ ਨਹੀਂ ਆ ਸਕਦੇ। ਇਨ੍ਹਾਂ ਹੋਸਟਲਾਂ ਦਾ ਖਰਚਾ ਇਕ ਸੰਸਦ ਨੂੰ ਮਿਲਣ ਵਾਲੇ ਸਾਲਾਨਾ ਭੱਤਿਆਂ ਨਾਲੋਂ ਵੀ ਘੱਟ ਹੈ ਅਤੇ ਇਕ ਹੋਸਟਲ ਦਾ ਖਰਚਾ ਸਿਰਫ 10 ਲੱਖ ਰੁਪਏ ਪ੍ਰਤੀ ਸਾਲ ਤੋਂ ਵੀ ਘੱਟ ਹੈ ਤੇ ਇਹ ਹੋਸਟਲ 100 ਦੇ ਕਰੀਬ ਬੱਚਿਆਂ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਸ਼ਹਿਰ ਵਿਚ ਬਣਾਇਆ ਗਿਆ ਹੈ, ਜਿਸ ਵਿਚ ਕੰਮ ਕਰਨ ਵਾਲੇ ਸਟਾਫ ਨੂੰ ਵੀ ਪਿਛਲੇ 5 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਤੇ ਗ੍ਰਾਂਟ ਨਾ ਮਿਲਣ ਕਾਰਨ ਇਹ ਹੋਸਟਲ ਬੰਦ ਹੋਣ ਦੀ ਕਗਾਰ 'ਤੇ ਹੈ।