ਕਾਂਗਰਸ ਦੀ ਧੜੇਬਾਜ਼ੀ ਪੰਜਾਬ ਨੂੰ ਹਾਸ਼ੀਏ ’ਤੇ ਲੈ ਆਈ : ਚੁੱਘ
Thursday, Jun 03, 2021 - 02:05 AM (IST)
ਚੰਡੀਗੜ੍ਹ (ਸ਼ਰਮਾ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਕਿਹਾ ਕਿ ਪੰਜਾਬ ਕਾਂਗਰਸ ਵਿਚ ਚੱਲ ਰਹੀ ਖਾਨਾਜੰਗੀ ਅਤੇ ਧੜੇਬਾਜ਼ੀ ਨੇ ਰਾਜ ਵਿਚ ਪ੍ਰਸ਼ਾਸਨ ਨੂੰ ਲਾਚਾਰ ਕਰ ਦਿੱਤਾ ਹੈ ਅਤੇ ਰਾਜ ਦਾ ਸਰਕਾਰੀ ਢਾਂਚਾ ਢਹਿ-ਢੇਰੀ ਹੋਣ ਦੀ ਕਗਾਰ ’ਤੇ ਪਹੁੰਚ ਗਿਆ ਹੈ। ਇਥੇ ਜਾਰੀ ਇਕ ਬਿਆਨ ਵਿਚ ਚੁਘ ਨੇ ਕਿਹਾ ਕਿ ਕੋਵਿਡ-19 ਦੇ ਮਾੜੇ ਪ੍ਰਬੰਦਾਂ ਦੇ ਚਲਦੇ ਪੰਜਾਬ ਵਿਚ ਮਈ ਵਿਚ ਮੌਤ ਦਰ 2.8 ਫ਼ੀਸਦੀ ਦਰਜ ਕੀਤੀ ਗਈ, ਜੋ ਦਿੱਲੀ ਤੋਂ ਬਾਅਦ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ। ਕੋਵਿਡ ਨੇ ਰਾਜ ਵਿਚ ਕਹਿਰ ਢਾਇਆ ਹੈ ਪਰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀ ਆਪਣੇ ਨਿਜੀ ਸਵਾਰਥਾਂ ਦੀ ਪੂਰਤੀ ਵਿਚ ਰੁੱਝੇ ਹੋਏ ਹਨ।
ਚੁੱਘ ਨੇ ਕਿਹਾ ਕਿ ਇਸ ਸਾਰੇ ਸੱਤਾ ਦੀ ਲੜਾਈ ਅਤੇ ਰੱਸਾਕਸੀ ਰਾਜ ਵਿਚ ਕੋਵਿਡ ਨਾਲ ਹੋਈਆਂ ਮੌਤਾਂ ਲਈ ਜ਼ਿੰਮੇਵਾਰ ਹਨ। ਜਦੋਂ ਤੋਂ ਮੁੱਖ ਮੰਤਰੀ ਅਤੇ ਸਾਰੇ ਮੰਤਰੀਆਂ ਦੀ ਜੰਗ ਸ਼ੁਰੂ ਹੋਈ ਹੈ, ਪੰਜਾਬ ਵਿਚ ਸ਼ਾਸਨ ਨਾਮ ਦੀ ਚੀਜ਼ ਨਹੀਂ ਰਹਿ ਗਈ ਹੈ। ਹਾਲਾਂਕਿ ਸਾਰੇ ਮੰਤਰੀ ਦਿੱਲੀ ਵਿਚ ਰੁੱਝੇ ਹੋਏ ਹਨ ਤਾਂ ਕੋਈ ਵੀ ਸਰਕਾਰੀ ਵਿਭਾਗ ਠੀਕ ਢੰਗ ਨਾਲ ਕੰਮ ਨਹੀਂ ਕਰ ਪਾ ਰਿਹਾ ਹੈ ਅਤੇ ਮੁੱਖ ਮੰਤਰੀ ਦਾ ਸਾਰਾ ਧਿਆਨ ਕਾਂਗਰਸ ਦੇ ਅਸੰਤੁਸ਼ਟ ਨੇਤਾਵਾਂ, ਜਿਨ੍ਹਾਂ ਨੇ ਉਨ੍ਹਾਂ ਦੀ ਕੁਰਸੀ ਹਿਲਾ ਦਿੱਤੀ ਹੈ, ਨੂੰ ਮਨਾਉਣ ਵਿਚ ਲੱਗਾ ਹੋਇਆ ਹੈ।
ਚੁੱਘ ਨੇ ਕਿਹਾ ਕਿ ਅਮਰਿੰਦਰ ਸਰਕਾਰ ਨੇ 50 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਲੱਗਦਾ ਹੈ ਕਿ ਉਨ੍ਹਾਂ ਦਾ ਇਹ ਵਾਅਦਾ ਕਾਂਗਰਸ ਵਿਧਾਇਕਾਂ ਦੇ ਬੱਚਿਆਂ ਨੂੰ 5 ਨੌਕਰੀਆਂ ਦੇ ਕੇ ਪੂਰਾ ਹੋ ਗਿਆ ਹੈ।