ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਕਮਰਸ਼ੀਅਲ ਕਰਨ ਦਾ ਸਿਹਰਾ ਕੈਪਟਨ ਸਰਕਾਰ ਨੂੰ : ਮਾਨ
Saturday, Nov 04, 2017 - 10:49 AM (IST)

ਫਗਵਾੜਾ (ਜਲੋਟਾ)-ਜ਼ਿਲਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਨਿਟ ਮੰਤਰੀ ਨੇ ਵਿਧਾਇਕ ਸੋਮ ਪ੍ਰਕਾਸ਼ ਵੱਲੋਂ ਮੀਡੀਆ 'ਚ ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਕਮਰਸ਼ੀਅਲ ਐਲਾਨੇ ਜਾਣ ਦੇ ਪੰਜਾਬ ਸਰਕਾਰ ਦੇ ਫੈਸਲੇ ਦਾ ਕਰੈਡਿਟ ਲੈਣ ਨੂੰ ਹਤਾਸ਼ਾ ਦੱਸਦਿਆਂ ਕਿਹਾ ਕਿ ਸੋਮ ਪ੍ਰਕਾਸ਼ ਦੀ ਨਾ ਕੇਂਦਰ 'ਚ ਕੋਈ ਹੈਸੀਅਤ ਹੈ ਤੇ ਨਾ ਹੀ ਪੰਜਾਬ ਸਰਕਾਰ 'ਚ ਕੋਈ ਸ਼ਮੂਲੀਅਤ ਹੈ। ਕਿਸੇ ਨਾ ਕਿਸੇ ਤਰ੍ਹਾਂ ਚਰਚਾ ਵਿਚ ਬਣੇ ਰਹਿਣਾ ਹੀ ਵਿਧਾਇਕ ਦਾ ਟੀਚਾ ਹੈ।
ਉਨ੍ਹਾਂ ਕਿਹਾ ਕਿ ਇਹ ਉਹੀ ਵਿਧਾਇਕ ਹੈ, ਜਿਸ ਨੇ ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ 12 ਜੂਨ 2017 ਨੂੰ ਚਿੱਠੀ ਲਿਖ ਕੇ ਸ਼ਹਿਰ 'ਚ ਨਾਜਾਇਜ਼ ਬਿਲਡਿੰਗਾਂ ਦੀ ਉਸਾਰੀ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਸ਼ਹਿਰ ਦੇ ਹੱਕ 'ਚ 25 ਸਤੰਬਰ 2017 ਨੂੰ ਮੁੱਖ ਮੰਤਰੀ ਅਤੇ ਲੋਕਲ ਬਾਡੀ ਮੰਤਰੀ ਨੂੰ ਚਿੱਠੀ ਲਿਖ ਕੇ ਉਕਤ ਸੜਕਾਂ ਨੂੰ ਕਮਰਸ਼ੀਅਲ ਕਰਨ ਦੀ ਅਪੀਲ ਕੀਤੀ ਸੀ।
ਇਸ ਬਾਰੇ ਪਤਾ ਲੱਗਣ 'ਤੇ ਵਿਧਾਇਕ ਨੇ ਵੀ 11 ਅਕਤੂਬਰ 2017 ਨੂੰ ਇਸੇ ਮੰਗ ਨੂੰ ਲੈ ਕੇ ਚਿੱਠੀ ਲਿਖ ਦਿੱਤੀ ਅਤੇ ਹੁਣ ਜਦ ਪੰਜਾਬ ਸਰਕਾਰ ਦੇ ਲੋਕਲ ਬਾਡੀ ਮੰਤਰਾਲੇ ਨੇ ਹਰਗੋਬਿੰਦ ਨਗਰ ਸਮੇਤ ਕਈ ਮੁੱਖ ਸੜਕਾਂ ਨੂੰ ਕਮਰਸ਼ੀਅਲ ਦੀ ਮਨਜ਼ੂਰੀ ਦੇ ਦਿੱਤੀ ਹੈ ਤਾਂ ਫਗਵਾੜਾ ਦਾ ਮੇਅਰ ਇਸ ਫੈਸਲੇ ਲਈ ਵਿਧਾਇਕ ਦੀ ਪਿੱਠ ਥਾਪੜ ਰਿਹਾ ਹੈ, ਜਦਕਿ ਇਸ ਮਹੱਤਵਪੂਰਨ ਫੈਸਲੇ ਦਾ ਸਿਹਰਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਮੇਅਰ ਦਾ ਹੁਣ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਫਗਵਾੜਾ ਨਗਰ ਨਿਗਮ ਦੀ ਆਮਦਨੀ ਵਿਚ ਕਰੋੜਾਂ ਰੁਪਏ ਦਾ ਇਜ਼ਾਫਾ ਹੋਵੇਗਾ ਪਰ ਉਹ ਪੁੱਛਣਾ ਚਾਹੁੰਦੇ ਹਨ ਕਿ ਦਸ ਸਾਲ ਤੱਕ ਪੰਜਾਬ 'ਤੇ ਰਾਜ ਕਰਨ ਸਮੇਂ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਫਗਵਾੜਾ ਦੇ ਹੱਕ ਵਿਚ ਇਹ ਫੈਸਲਾ ਕਿਉਂ ਨਹੀਂ ਲਿਆ? ਮਾਨ ਨੇ ਸ਼ਬਦਾਂ ਦੇ ਤੀਰ ਜਾਰੀ ਰੱਖਦਿਆਂ ਕਿਹਾ ਕਿ ਸੋਮ ਪ੍ਰਕਾਸ਼ ਨੂੰ ਦੱਸਣਾ ਚਾਹੀਦਾ ਹੈ ਕਿ ਪਿਛਲੇ ਪੰਜ ਸਾਲ 'ਚ ਉਹ ਉਕਤ ਸੜਕਾਂ ਨੂੰ ਕਮਰਸ਼ੀਅਲ ਕੈਟਾਗਰੀ 'ਚ ਸ਼ਾਮਲ ਕਰਵਾਉਣ ਵਿਚ ਕਿਉਂ ਨਾਕਾਮ ਰਹੇ। ਉਨ੍ਹਾਂ ਸਪੱਸ਼ਟ ਕਿਹਾ ਕਿ ਵਿਧਾਇਕ ਸੋਮ ਪ੍ਰਕਾਸ਼ ਨੇ ਹਮੇਸ਼ਾ ਫਗਵਾੜਾ ਦੇ ਲੋਕਾਂ ਦੇ ਹੱਕਾਂ ਦੇ ਖਿਲਾਫ ਕੰਮ ਕੀਤਾ ਹੈ। ਬੇਸ਼ੱਕ ਉਹ ਜੀ. ਟੀ. ਰੋਡ 'ਤੇ ਪਿੱਲਰਾਂ ਵਾਲੇ ਪੁਲ ਦੀ ਉਸਾਰੀ ਦਾ ਮਸਲਾ ਹੋਵੇ ਜਾਂ ਮੁੱਖ ਸੜਕਾਂ ਨੂੰ ਕਮਰਸ਼ੀਅਲ ਐਲਾਨੇ ਜਾਣ ਦਾ। ਹੁਣ ਜਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਨੇ ਲੋਕ ਹਿੱਤ ਵਿਚ ਮੁੱਖ ਸੜਕਾਂ ਨੂੰ ਕਮਰਸ਼ੀਅਲ ਕਰਨ ਦਾ ਫੈਸਲਾ ਲੈ ਲਿਆ ਹੈ ਤਾਂ ਵਿਧਾਇਕ ਸੋਮ ਪ੍ਰਕਾਸ਼ ਨੇ ਵੀ ਪਲਟੀ ਮਾਰ ਲਈ ਅਤੇ ਆਪ ਹੀ ਆਪਣੀ ਪਿੱਠ ਥਾਪੜ ਰਹੇ ਹਨ।