ਕਾਂਗਰਸ ਦਾ ਗੰਨਾ ਉਤਪਾਦਕ ਕਿਸਾਨਾਂ ਨਾਲ ਧੋਖ਼ਾ, ਲੱਡੂ ਖੁਆ ਕੇ ਪਿੱਠ ’ਚ ਮਾਰਿਆ ਛੁਰਾ : ਸੰਧਵਾਂ

Monday, Nov 01, 2021 - 08:40 PM (IST)

ਕਾਂਗਰਸ ਦਾ ਗੰਨਾ ਉਤਪਾਦਕ ਕਿਸਾਨਾਂ ਨਾਲ ਧੋਖ਼ਾ, ਲੱਡੂ ਖੁਆ ਕੇ ਪਿੱਠ ’ਚ ਮਾਰਿਆ ਛੁਰਾ : ਸੰਧਵਾਂ

ਚੰਡੀਗੜ੍ਹ(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਾਂਗਰਸ ਸਰਕਾਰ ’ਤੇ ਸੂਬੇ ਦੇ ਗੰਨਾ ਉਤਪਾਦਕ ਕਿਸਾਨਾਂ ਨਾਲ ਧੋਖ਼ਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਸੂਬੇ ਦੇ ਗੰਨਾ ਉਤਪਾਦਕ ਕਿਸਾਨਾਂ ਨੂੰ ਗੰਨੇ ਦਾ ਮੁੱਲ 360 ਪ੍ਰਤੀ ਕੁਇੰਟਲ ਦੇਣ ਦਾ ਐਲਾਨ ਤਾਂ ਜ਼ਰੂਰ ਕੀਤਾ ਸੀ ਪਰ ਇਸ ਦੇ ਲਈ ਲੋੜੀਂਦੀ ਨੋਟੀਫ਼ਿਕੇਸ਼ਨ ਅਤੇ ਬਜਟ ਦਾ ਕੋਈ ਪ੍ਰਬੰਧ ਨਹੀਂ ਕੀਤਾ। ਇਸ ਕਾਰਣ ਸੂਬੇ ਦੀਆਂ ਪ੍ਰਾਈਵੇਟ ਖੰਡ ਮਿੱਲਾਂ ਨੇ ਕਿਸਾਨਾਂ ਦਾ ਗੰਨਾ ਖ਼ਰੀਦਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਜਿਸ ਕਾਰਣ ਗੰਨਾ ਉਤਪਾਦਕ ਭਾਰੀ ਸਦਮੇ ’ਚ ਹਨ।

ਇਹ ਵੀ ਪੜ੍ਹੋ: ਦਸੂਹਾ ਦਾ ਫ਼ੌਜੀ ਨੌਜਵਾਨ ਰਾਜੌਰੀ ਦੇ ਨੌਸ਼ਹਿਰਾ 'ਚ ਸ਼ਹੀਦ, ਇਕ ਮਹੀਨੇ ਬਾਅਦ ਛੁੱਟੀ 'ਤੇ ਆਉਣਾ ਸੀ ਘਰ

ਆਪ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਾਇਆ ਕਿ ਬਾਦਲਾਂ-ਭਾਜਪਾ ਵਾਂਗ ਕਾਂਗਰਸ ਸਰਕਾਰਾਂ ਦੇ ਦਾਅਵੇ ਕਦੇ ਵੀ ਸੱਚ ਨਹੀਂ ਹੋਏ। ਸੰਧਵਾਂ ਨੇ ਕਿਹਾ ਕਿ ਕਾਂਗਰਸ ਦੇ ਤਤਕਾਲੀ ਮੁੱਖ ਮੰਤਰੀ ਨੇ ਕਿਸਾਨ ਯੂਨੀਅਨਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਗੰਨਾ ਉਤਪਾਦਕਾਂ ਨੂੰ 360 ਰੁਪਏ ਪ੍ਰਤੀ ਕੁਇੰਟਲ ਗੰਨੇ ਦਾ ਮੁੱਲ ਅਤੇ ਹਰਿਆਣਾ ਮਾਡਲ ਲਾਗੂ ਕਰ ਦਿੱਤਾ ਜਾਵੇਗਾ। ਇਸ ਵਾਅਦੇ ਦਾ ਜਸ਼ਨ ਮਨਾਉਂਦਿਆਂ ਮੁੱਖ ਮੰਤਰੀ ਨੇ ਕਿਸਾਨ ਆਗੂਆਂ ਨੂੰ ਲੱਡੂ ਵੀ ਖਵਾਏ, ਪਰ ਇਹ ਲੱਡੂ ਗੰਨਾ ਉਤਪਾਦਕਾਂ ਲਈ ਮਿੱਠੀ ਜ਼ਹਿਰ ਹੀ ਸਾਬਿਤ ਹੋਏ ਹਨ।

ਸੰਧਵਾਂ ਨੇ ਦੋਸ਼ ਲਾਇਆ ਕਿ ਗੰਨਾ ਦੇ ਮੁੱਲ ’ਚ ਕੀਤੇ ਵਾਧੇ ਅਤੇ ਹਰਿਆਣਾ ਮਾਡਲ ਲਾਗੂ ਕਰਨ ਲਈ ਲੋੜੀਂਦੇ ਬਜਟ ਦਾ ਪ੍ਰਬੰਧ ਪੰਜਾਬ ਸਰਕਾਰ ਵਲੋਂ ਨਹੀਂ ਕੀਤਾ ਗਿਆ, ਜਿਸ ਕਾਰਣ ਘਾਟੇ ’ਚ ਚੱਲ ਰਹੀਆਂ ਸੂਬੇ ਦੀਆਂ ਪ੍ਰਾਈਵੇਟ ਖੰਡ ਮਿੱਲਾਂ ਨੇ ਕਿਸਾਨਾਂ ਦਾ ਗੰਨਾ ਖ਼ਰੀਦਣ ਅਤੇ ਅੱਗਲੇ ਸਾਲ ਲਈ ਗੰਨਾ ਬਾਂਡ ਕਰਨ ਤੋਂ ਸਾਫ਼ ਮਨ੍ਹਾਂ ਕਰ ਦਿੱਤਾ ਹੈ। ਐਨਾ ਹੀ ਨਹੀਂ, ਸਗੋਂ ਪ੍ਰਾਈਵੇਟ ਖੰਡ ਮਿੱਲਾਂ ਦੀ ਯੂਨੀਅਨ ਨੇ ਵੱਖ-ਵੱਖ ਮਾਧਿਅਮਾਂ ਰਾਹੀਂ ਆਪਣਾ ਪੱਖ ਕਿਸਨਾਂ ਅੱਗੇ ਰੱਖਦਿਆਂ ਕਿਹਾ ਕਿ ਪੰਜਾਬ ਦੀਆਂ ਘਾਟੇ ’ਚ ਚੱਲ ਰਹੀਆਂ ਪ੍ਰਾਈਵੇਟ ਖੰਡ ਮਿੱਲਾਂ ਪਿਛਲੇ ਸਾਲਾਂ ਦੇ ਗੰਨਾ ਮੁੱਲ 310 ਰੁਪਏ ਪ੍ਰਤੀ ਕੁਇੰਟਲ ਦੀ ਅਦਾਇਗੀ ਨਹੀਂ ਕਰ ਪਾ ਰਹੀਆਂ ਅਤੇ ਕਈ ਮਿੱਲਾਂ ਵੱਲ ਕਿਸਾਨਾਂ ਦੀ ਬਕਾਇਆ ਰਕਮ ਖੜ੍ਹੀ ਹੈ। ਇਸ ਲਈ ਇਹ ਮਿੱਲਾਂ 360 ਰੁਪਏ ਦਾ ਮੁੱਲ ਕਿਸਾਨਾਂ ਨੂੰ ਨਹੀਂ ਦੇ ਸਕਦੀਆਂ, ਕਿਉਂਕਿ ਹਰਿਆਣਾ ਮਾਡਲ ਦੇ ਤਹਿਤ ਭਾਰਤ ਸਰਕਾਰ ਦੇ ਖ਼ਰੀਦ ਮੁੱਲ (ਐੱਫ਼.ਆਰ.ਪੀ.) ਅਤੇ ਸੂਬੇ ਦੇ ਖ਼ਰੀਦ ਮੁੱਲ ਵਿਚਲੇ ਅੰਤਰ ਵਾਲਾ ਪੈਸਾ ਪੰਜਾਬ ਸਰਕਾਰ ਵਲੋਂ ਨਹੀਂ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ: ਭੈਣਾਂ ਨੇ ਸਿਹਰਾ ਸਜਾ ਕੇ ਸ਼ਹੀਦ ਮਨਜੀਤ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

ਸੰਧਵਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਕਿ ਗੰਨਾ ਉਤਪਾਦਕਾਂ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਤੁਰੰਤ ਲੋੜੀਂਦਾ ਪੈਸਾ ਜਾਰੀ ਕੀਤਾ ਜਾਵੇ, ਗੰਨੇ ਦੀ ਖ਼ਰੀਦ ਲਈ ਅਤੇ ਅਗਲੇ ਵਰ੍ਹੇ ਲਈ ਗੰਨਾ ਬਾਂਡ ਸ਼ੁਰੂ ਕਰਨ ਦੇ ਆਦੇਸ਼ ਪ੍ਰਾਈਵੇਟ ਖੰਡ ਮਿੱਲਾਂ ਦਿੱਤੇ ਜਾਣ। ਸੰਧਵਾਂ ਨੇ ਕਿਹਾ ਕਿ ਨਿੱਜੀ ਖੰਡ ਮਿੱਲਾਂ ਵਲੋਂ ਗੰਨਾ ਖਰੀਦੇ ਜਾਣ ਤੋਂ ਹੱਥ ਖੜ੍ਹੇ ਕਰਨ ਦਾ ਕਾਰਨ ਨਿੱਜੀ ਖੰਡ ਮਿੱਲ ਮਾਫ਼ੀਆ ਹੈ, ਜਿਨ੍ਹਾਂ ਦਾ ਪ੍ਰਮੁੱਖ ਨੁਮਾਇੰਦਾ ਰਾਣਾ ਗੁਰਜੀਤ ਸਿੰਘ ਖੁਦ ਚੰਨੀ ਵਜਾਰਤ ’ਚ ਵਜੀਰ ਹੈ। ਸੰਧਵਾਂ ਨੇ ਕਿਹਾ ਕਿ ਸਰਕਾਰ ਨੇ ਨਿੱਜੀ ਮਿੱਲ ਮਾਫੀਆ ਅੱਗੇ ਗੋਡੇ ਟੇਕ ਦਿੱਤੇ ਹਨ, ਨਤੀਜੇ ਵਜੋਂ ਇਸ ਵਾਰ ਵੀ ਕਿਸਾਨਾਂ ਦਾ ਸ਼ੋਸਣ ਹੋਵੇਗਾ।


author

Bharat Thapa

Content Editor

Related News