ਕੰਪਿਊਟਰ ਅਧਿਆਪਕਾਂ ਦੀਆਂ ਛੁੱਟੀਆਂ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਨਵੇਂ ਹੁਕਮ ਜਾਰੀ

Sunday, Sep 17, 2017 - 11:59 AM (IST)

ਅੰਮ੍ਰਿਤਸਰ (ਦਲਜੀਤ) - ਪਿਛਲੇ ਲਗਭਗ ਡੇਢ ਦਹਾਕੇ ਤੋਂ ਆਪਣੇ ਜਾਇਜ਼ ਹੱਕਾਂ ਦੀ ਬਹਾਲੀ ਲਈ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕਾਂ ਲਈ ਭਾਵੇਂ ਸਰਕਾਰ ਬਦਲ ਗਈ ਹੈ ਪਰ ਹਾਲਾਤ ਨਹੀਂ ਬਦਲੇ ਅਤੇ ਉਨ੍ਹਾਂ ਦੇ ਹੱਕਾਂ ਦਾ ਘਾਣ ਜਾਰੀ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਕੰਪਿਊਟਰ ਮਾਸਟਰ ਯੂਨੀਅਨ ਪੰਜਾਬ ਦੀ ਸੂਬਾ ਇਕਾਈ ਵੱਲੋਂ ਜਾਰੀ ਇਕ ਪ੍ਰੈੱਸ ਬਿਆਨ ਵਿਚ ਵੱਖ-ਵੱਖ ਆਗੂਆਂ ਨੇ ਸਾਂਝੇ ਤੌਰ 'ਤੇ ਕੀਤਾ। 
ਛੁੱਟੀਆਂ ਸਬੰਧੀ ਜਾਰੀ ਹੁਕਮ ਸੌੜੀ ਸੋਚ ਅਤੇ ਪੱਖਪਤ ਦਾ ਨਤੀਜਾ 
ਕੰਪਿਊਟਰ ਮਾਸਟਰ ਯੂਨੀਅਨ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਇਸ ਨੂੰ ਵਿਭਾਗ ਦੇ ਅਧਿਕਾਰੀਆਂ ਦੀ ਸੌੜੀ ਸੋਚ ਦਾ ਨਤੀਜਾ ਹੀ ਕਿਹਾ ਜਾਵੇਗਾ ਕਿ ਅੱਜ ਜੋ ਕੰਪਿਊਟਰ ਅਧਿਆਪਕਾਂ ਦੀਆਂ ਛੁੱਟੀਆਂ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਗਏ ਹਨ ਉਸ ਵਿਚ ਕੰਪਿਊਟਰ ਅਧਿਆਪਕਾਂ ਨੂੰ 20 ਦੀ ਥਾਂ 15 ਅੱਧੀ ਤਨਖ਼ਾਹ ਦੇ ਨਾਲ ਮੈਡੀਕਲ ਛੁੱਟੀਆਂ ਦੇਣ ਦੀ ਗੱਲ ਆਖੀ ਗਈ ਹੈ। 
ਇੰਨਾ ਹੀ ਨਹੀਂ ਕਮਾਈ ਛੁੱਟੀਆਂ ਨੂੰ ਅਗਲੇ ਸਾਲ ਵਿਚ ਜੋੜਨ 'ਤੇ ਪਾਬੰਦੀ ਲਗਾਉਂਦੇ ਹੋਏ ਉਨ੍ਹਾਂ ਦੀ ਐਨਕੈਸ਼ਮੈਂਟ ਨਾ ਦੇਣ ਦੇ ਵੀ ਹੁਕਮ ਦਿੱਤੇ ਗਏ ਹਨ ਜੋ ਕਿ ਹਾਸੋਹੀਣਾ ਹੋਣ ਦੇ ਨਾਲ-ਨਾਲ ਪੱਖਪਾਤੀ ਵੀ ਹੈ ਕਿਉਂਕਿ ਕੰਪਿਊਟਰ ਅਧਿਆਪਕਾਂ ਨੂੰ ਛੱਡ ਕੇ ਪੰਜਾਬ ਸਰਕਾਰ ਦਾ ਹੋਰ ਕੋਈ ਵੀ ਕਰਮਚਾਰੀ ਅਜਿਹਾ ਨਹੀਂ ਜਿਨ੍ਹਾਂ 'ਤੇ ਅਜਿਹੇ ਹਾਸੋਹੀਣੇ ਅਤੇ ਤੁਗ਼ਲਕੀ ਹੁਕਮ ਲਾਗੂ ਹੁੰਦੇ ਹੋਣ। ਸਮੂਹ ਆਗੂਆਂ ਨੇ ਇਹ ਵੀ ਸਾਫ਼ ਕੀਤਾ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਜਾਰੀ ਨਿਯੁਕਤੀ ਪੱਤਰਾਂ ਵਿਚ ਇਹ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਉਨ੍ਹਾਂ 'ਤੇ ਪੰਜਾਬ ਸਿਵਲ ਸੇਵਾਵਾਂ ਵਾਲੇ ਸਾਰੇ ਨਿਯਮਾਂ ਅਤੇ ਸ਼ਰਤਾਂ ਲਾਗੂ ਹੋਣਗੀਆਂ ਪਰ ਅਧਿਕਾਰੀਆਂ ਨੇ ਸਾਰੇ ਨਿਯਮ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਉਨ੍ਹਾਂ ਨੇ ਆਪਣੀ ਮਰਜ਼ੀ ਮੁਤਾਬਿਕ ਨਵੇਂ ਹੁਕਮ ਜਾਰੀ ਕਰ ਦਿੱਤੇ ਹਨ ਜੋ ਕਿ ਨਿਰੋਲ ਨਾਦਰਸ਼ਾਹੀ ਹੈ ਜਿਸ ਦੀ ਜਿੰਨੀ ਨਿੰਦਾ ਕੀਤੇ ਜਾਵੇ ਘੱਟ ਹੈ।
ਸੂਬਾ ਪੱਧਰੀ ਰੈਲੀ ਦਾ ਐਲਾਨ
ਯੂਨੀਅਨ ਆਗੂਆਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਭਾਈਵਾਲ ਜਥੇਬੰਦੀ ਕੰਪਿਊਟਰ ਅਧਿਆਪਕ ਯੂਨੀਅਨ ਵੱਲੋਂ ਆਪਣੇ ਹੱਕਾਂ ਦੀ ਬਹਾਲੀ ਲਈ ਆਵਾਜ਼ ਬੁਲੰਦ ਕਰਨ ਲਈ 2 ਅਕਤੂਬਰ ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿਚ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਵਿਚ ਕੰਪਿਊਟਰ ਮਾਸਟਰ ਯੂਨੀਅਨ ਪੰਜਾਬ ਆਪਣੀ ਪੂਰੀ ਟੀਮ ਦੇ ਨਾਲ ਸ਼ਿਰਕਤ ਕਰਦੇ ਹੋਏ ਆਪਣੇ ਹੱਕਾਂ ਪ੍ਰਤੀ ਆਵਾਜ਼ ਬੁਲੰਦ ਕਰੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਯੂਨੀਅਨ ਵੱਲੋਂ ਜਲਦ ਹੀ ਅਗਾਮੀ ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰਦੇ ਹੋਏ ਜ਼ਿਲਾ-ਵਾਈਜ਼ ਰੋਸ ਮੁਜ਼ਾਹਰੇ, ਧਰਨਿਆਂ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਜਿਸ ਸਬੰਧੀ ਤਰੀਕਾਂ ਦਾ ਐਲਾਨ ਜਲਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੱਕਾਂ ਦੀ ਬਹਾਲੀ ਤੱਕ ਉਨ੍ਹਾਂ ਦਾ ਸੰਘਰਸ਼ ਨਿਰੰਤਰ ਜਾਰੀ ਰਹੇਗਾ। 
ਇਸ ਮੌਕੇ ਪ੍ਰਭਜੋਤ ਸਿੰਘ ਬੱਲ ਸੂਬਾ ਸੀਨੀਅਰ ਮੀਤ ਪ੍ਰਧਾਨ, ਰਾਜਦੀਪ ਸਿੰਘ ਮਾਨਸਾ ਸੂਬਾ ਮੀਤ ਪ੍ਰਧਾਨ, ਖ਼ਜ਼ਾਨਚੀ ਮਨਪ੍ਰੀਤ ਸਿੰਘ, ਲੀਗਲ ਐਡਵਾਈਜ਼ਰ ਰਾਜ ਸੁਰਿੰਦਰ ਕਾਹਲੋਂ, ਬਿਕਰਮ ਮਾਨਸਾ, ਦਵਿੰਦਰ ਸਿੰਘ, ਰਘੁਬੀਰ ਸਿੰਘ, ਨਿਰਮਲ ਸਿੰਘ, ਸੁਰਿੰਦਰ ਸਿੰਘ, ਦੀਪਕ ਕੁਮਾਰ, ਸੰਜੀਵ ਤੁੱਲੀ, ਜੀਵਨ ਜੋਤੀ, ਮਨਜੋਤ ਸਿੰਘ, ਗੁਰਸਿਮਰਨ ਸਿੰਘ, ਸੰਜੀਵ, ਮਨਵੀਰ ਸਿੰਘ, ਦਵਿੰਦਰ, ਪਵਨਦੀਪ ਸਿੰਘ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਕੰਪਿਊਟਰ ਅਧਿਆਪਕ ਹਾਜ਼ਰ ਸਨ।
ਵਧ ਸਕਦੀਆਂ ਨੇ ਸੂਬਾ ਸਰਕਾਰ ਦੀਆਂ ਮੁਸ਼ਕਲਾਂ 
ਇਕ ਪਾਸੇ ਜਿਥੇ ਆਪਣੇ ਹੱਕਾਂ ਦੀ ਬਹਾਲੀ ਲਈ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ 2 ਅਕਤੂਬਰ ਨੂੰ ਦੀਨਾਨਗਰ (ਗੁਰਦਾਸਪੁਰ) ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਵਿਚ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਜਿਥੇ ਹੁਣ ਤੋਂ ਹੀ ਜ਼ੋਰਾਂ- ਸ਼ੋਰਾਂ ਨਾਲ ਤਿਆਰੀਆਂ ਕੀਤਾ ਜਾ ਰਹੀਆਂ ਹਨ ਉਥੇ ਕੰਪਿਊਟਰ ਅਧਿਆਪਕਾਂ ਵੱਲੋਂ ਐਲਾਨੀ ਗਈ ਰੈਲੀ ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲੇ ਨਜ਼ਰ ਆ ਰਹੇ ਹਨ ਕਿਉਂਕਿ 11 ਅਕਤੂਬਰ ਨੂੰ ਗੁਰਦਾਸਪੁਰ ਵਿਖੇ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਹੋਣੀ ਹੈ ਜੋ ਕਿ ਸਰਕਾਰ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ ਅਤੇ ਅਜਿਹੇ ਵਿਚ ਜੇਕਰ ਕੰਪਿਊਟਰ ਅਧਿਆਪਕਾਂ ਵੱਲੋਂ ਸੂਬਾ ਪੱਧਰੀ ਰੈਲੀ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਸੂਬਾ ਸਰਕਾਰ ਦੀਆਂ ਮੁਸ਼ਕਲਾਂ ਵਿਚ ਭਾਰੀ ਵਾਧਾ ਹੋਣਾ ਲਾਜ਼ਮੀ ਹੈ।


Related News