ਜਲੰਧਰ ਦੇ ਡੀ. ਏ. ਵੀ. ਕਾਲਜ ਨੇੜੇ ਵਿਦਿਆਰਥੀ ਭਿੜੇ, ਚੱਲੀ ਗੋਲ਼ੀ
Monday, Sep 26, 2022 - 01:49 PM (IST)
ਜਲੰਧਰ (ਜ.ਬ.) : ਡੀ. ਏ. ਵੀ. ਕਾਲਜ ਨੇੜੇ ਸਥਿਤ ਹੋਟਲ ਐੱਮ-ਟੂ ਦੇ ਬਾਹਰ ਕਾਲਜ ਦੇ ਵਿਦਿਆਰਥੀਆਂ ਵਿਚ ਝੜਪ ਹੋ ਗਈ। ਇਸ ਦੌਰਾਨ ਇਕ ਧਿਰ ਵੱਲੋਂ ਗੋਲੀ ਚਲਾ ਦਿੱਤੀ ਗਈ। ਗੋਲੀ ਚਲਾਉਣ ਵਾਲੀ ਧਿਰ ਦੇ ਵਿਦਿਆਰਥੀ ਅਤੇ ਸਾਥੀ ਗੱਡੀਆਂ ਵਿਚ ਆਏ ਸਨ, ਜਦਕਿ ਜਿਹੜੇ ਵਿਦਿਆਰਥੀਆਂ ’ਤੇ ਗੋਲੀ ਚੱਲੀ, ਉਹ ਤਿੰਨੇ ਇਕ ਮੋਟਰਸਾਈਕਲ ’ਤੇ ਆਏ ਸਨ। ਮਾਮਲੇ ਨੂੰ ਲੈ ਕੇ ਥਾਣਾ ਨੰ. 1 ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਅੰਕਿਤ ਨੇ ਦੱਸਿਆ ਕਿ ਉਹ ਡੀ. ਏ. ਵੀ. ਕਾਲਜ ਵਿਚ ਫਿਜ਼ੀਓਥੈਰੇਪੀ ਦੇ ਆਖਰੀ ਸਾਲ ਦਾ ਵਿਦਿਆਰਥੀ ਹੈ। ਉਸ ਦੀ ਕਿਸੇ ਨਿੱਜੀ ਗੱਲ ਨੂੰ ਲੈ ਕੇ ਆਪਣੇ ਸੀਨੀਅਰ ਵਿਦਿਆਰਥੀ ਲਿੱਦੜਾਂ ਪਿੰਡ ਦੇ ਸਾਹਿਬ ਨਾਂ ਦੇ ਨੌਜਵਾਨ ਨਾਲ ਕਿਹਾ-ਸੁਣੀ ਹੋ ਗਈ ਸੀ। ਕੁਝ ਦੇਰ ਬਾਅਦ ਉਕਤ ਮੁਲਜ਼ਮ ਵੱਲੋਂ ਜਦੋਂ ਉਸ ਨੂੰ ਫੋਨ ਆਇਆ ਤਾਂ ਉਸ ਵੱਲੋਂ ਫੋਨ ’ਤੇ ਅਪਸ਼ਬਦ ਬੋਲੇ ਗਏ, ਜਿਸ ਦੇ ਜਵਾਬ ਵਿਚ ਉਸ ਨੇ ਕਿਹਾ ਕਿ ਉਹ ਉਸ ਨੂੰ ਸਾਰੀ ਗੱਲ ਬੈਠ ਕੇ ਸਮਝਾਵੇਗਾ। ਇਸ ਲਈ ਉਨ੍ਹਾਂ ਡੀ. ਏ. ਵੀ. ਕਾਲਜ ਨੇੜੇ ਸਥਿਤ ਐੱਮ-2 ਹੋਟਲ ਦੇ ਬਾਹਰ ਉਨ੍ਹਾਂ ਨੂੰ ਮਾਮਲੇ ਨੂੰ ਸੁਲਝਾਉਣ ਲਈ ਬੁਲਾਇਆ।
ਪੀੜਤ ਅੰਕਿਤ ਨੇ ਦੱਸਿਆ ਕਿ ਉਹ ਜਲੰਧਰ ਦੇ ਇਕ ਪੀ. ਜੀ. ਵਿਚ ਰਹਿੰਦਾ ਹੈ। ਰਾਤ ਨੂੰ ਜਦੋਂ ਉਹ ਪਹੁੰਚੇ ਤਾਂ ਦੋ ਗੱਡੀਆਂ ਵਿਚ ਬੈਠੇ ਕੁਝ ਹਮਲਾਵਰਾਂ ਨੇ ਉਨ੍ਹਾਂ ਨੂੰ ਦੇਖਦੇ ਹੀ ਉਨ੍ਹਾਂ ਦੇ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਲਲਕਾਰਾ ਮਾਰਦੇ ਹੋਏ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਇੰਨੇ ਵਿਚ ਨੌਜਵਾਨਾਂ ਨੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ ਪਰ ਚੰਗੀ ਕਿਸਮਤ ਨੂੰ ਉਕਤ ਗੋਲੀ ਨਾਲ ਕੋਈ ਜ਼ਖਮੀ ਨਹੀਂ ਹੋਇਆ ਕਿਉਂਕਿ ਹਮਲਾਵਰਾਂ ਦਾ ਨਿਸ਼ਾਨਾ ਸਹੀ ਨਹੀਂ ਲੱਗਿਆ। ਉਹ ਜਦੋਂ ਮੌਕੇ ’ਤੇ ਮੋਟਰਸਾਈਕਲ ਤੇਜ਼ ਰਫਤਾਰ ਲੈ ਕੇ ਭੱਜੇ ਤਾਂ ਅੱਗੇ ਜਾ ਕੇ ਐੱਚ. ਐੱਮ. ਵੀ. ਕਾਲਜ ਦੇ ਬਾਹਰ ਉਨ੍ਹਾਂ ਦੇ ਕੁਝ ਸਾਥੀ ਗੱਡੀ ਵਿਚ ਸਨ, ਜਿਨ੍ਹਾਂ ਨੇ ਉਨ੍ਹਾਂ ਦਾ ਪਿੱਛਾ ਕਾਫੀ ਦੇਰ ਤੱਕ ਕੀਤਾ। ਕਿਸੇ ਤਰ੍ਹਾਂ ਉਹ ਉਨ੍ਹਾਂ ਨੂੰ ਚਕਮਾ ਦੇਣ ਵਿਚ ਸਫਲ ਹੋ ਗਏ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਖਿਲਾਫ ਥਾਣਾ ਨੰ. 1 ਦੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਐੱਸ. ਐੱਚ. ਓ. ਜਤਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤ ਮਿਲ ਗਈ ਹੈ। ਪੁਲਸ ਰੈਸਟੋਰੈਂਟ ਦੇ ਸੀ. ਸੀ. ਟੀ. ਪੀ. ਕੈਮਰਿਆਂ ਦੀ ਫੁਟੇਜ ਘੋਖ ਰਹੀ ਹੈ। ਪੁਖਤਾ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।