CM ਮਾਨ ਦੀ ਕੇਂਦਰ ਨੂੰ ਵੱਡੀ ਚਿਤਾਵਨੀ, ਰਾਜਪਾਲ ਦੇ Love Letters 'ਤੇ ਵੀ ਬੋਲੇ ਧਮਾਕੇਦਾਰ ਬੋਲ (ਵੀਡੀਓ)

Tuesday, Jun 20, 2023 - 02:23 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਇਜਲਾਸ ਦੇ ਆਖ਼ਰੀ ਦਿਨ ਕੇਂਦਰ ਸਰਕਾਰ ਖ਼ਿਲਾਫ਼ ਮਤਾ ਲਿਆਂਦਾ ਗਿਆ। ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰ ਵੱਲੋਂ ਰੋਕੇ ਪੇਂਡੂ ਵਿਕਾਸ ਫੰਡ (ਆਰ. ਡੀ. ਐੱਫ.) ਮਸਲੇ 'ਤੇ ਮਤਾ ਪੇਸ਼ ਕੀਤਾ, ਜਿਸ 'ਤੇ ਸਦਨ ਅੰਦਰ ਬਹਿਸ ਹੋਈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਤੇ ਬਾਰੇ ਬੋਲਦਿਆਂ ਕਿਹਾ ਕਿ ਕੇਂਦਰ ਵਲੋਂ ਫੰਡ ਰੋਕੇ ਜਾਣ 'ਤੇ ਇਸ ਦਾ ਮਾੜਾ ਅਸਰ ਸੂਬੇ 'ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪੈਸਾ ਪਿੰਡਾਂ ਦੇ ਵਿਕਾਸ ਲਈ ਵਰਤਿਆ ਜਾਂਦਾ ਹੈ। ਕੇਂਦਰ ਨੇ ਕਿਹਾ ਸੀ ਕਿ ਪਿਛਲੀਆਂ ਸਰਕਾਰਾਂ ਨੇ ਇਸ ਪੈਸੇ ਦਾ ਗਲਤ ਇਸਤੇਮਾਲ ਕਰ ਲਿਆ ਸੀ, ਇਸ ਲਈ ਇਹ ਪੈਸਾ ਰੋਕਿਆ ਗਿਆ ਹੈ।

ਇਹ ਵੀ ਪੜ੍ਹੋ : 8.49 ਕਰੋੜ ਦੀ ਲੁੱਟ ਮਾਮਲੇ 'ਚ CP ਮਨਦੀਪ ਸਿੱਧੂ ਦੇ ਅਹਿਮ ਖ਼ੁਲਾਸੇ, 2 ਹੋਰ ਬੰਦੇ ਕੀਤੇ ਕਾਬੂ

ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਸਿੱਧੀ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੇਂਦਰ ਇਕ-ਅੱਧੇ ਹਫ਼ਤੇ 'ਚ ਇਹ ਫੰਡ ਜਾਰੀ ਕਰ ਦੇਵੇਗਾ ਅਤੇ ਜੇਕਰ ਅਜਿਹਾ ਨਹੀਂ ਹੋਇਆ ਤਾਂ ਫਿਰ ਕੇਂਦਰ ਖ਼ਿਲਾਫ਼ ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵੇਗੀ। ਇਸ ਤੋਂ ਬਾਅਦ ਪੇਂਡੂ ਵਿਕਾਸ ਫੰਡ ਰੋਕੇ ਜਾਣ ਸਬੰਧੀ ਮਤਾ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕੇਂਦਰ ਦੇ ਮੁਤਾਬਕ ਸਰਕਾਰ ਆਉਣ 'ਤੇ ਇਸ ਦੇ ਲਈ ਐਕਟ ਬਣਾ ਦਿੱਤਾ ਕਿ ਇਹ ਪੈਸਾ ਪਿੰਡਾਂ ਦੇ ਵਿਕਾਸ ਲਈ ਹੀ ਇਸਤੇਮਾਲ ਹੋਵੇਗਾ। ਫਿਰ ਕੇਂਦਰ ਨੇ ਕਿਹਾ ਕਿ ਪੰਜਾਬ ਦਾ ਪੈਸਾ ਜਾਰੀ ਕਰ ਦਿੱਤਾ ਜਾਵੇਗਾ ਅਤੇ ਸਾਡੀ ਸਰਕਾਰ ਨੇ ਧੰਨਵਾਦ ਚਿੱਠੀ ਵੀ ਲਿਖ ਦਿੱਤੀ ਪਰ ਬਾਅਦ 'ਚ ਕੇਂਦਰ ਇਸ ਗੱਲ ਤੋਂ ਮੁੱਕਰ ਗਿਆ। ਕੇਂਦਰ ਗੈਰ ਭਾਜਪਾਈ ਸਰਕਾਰਾਂ ਨੂੰ ਇਸ ਤਰ੍ਹਾਂ ਹੀ ਤੰਗ ਕਰਦਾ ਹੈ, ਭਾਵੇਂ ਬੰਗਾਲ, ਤੇਲੰਗਾਨਾ, ਕੇਰਲਾ ਜਾਂ ਤਾਮਿਲਨਾਡੂ, ਦਿੱਲੀ ਦੀ ਗੱਲ ਕਰ ਲਓ।

ਇਹ ਵੀ ਪੜ੍ਹੋ : ਪੰਜਾਬ 'ਚ Monsoon ਨੂੰ ਲੈ ਕੇ ਆਈ ਵੱਡੀ ਖ਼ਬਰ, ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦੀ ਅਪਡੇਟ

ਮੁੱਖ ਮੰਤਰੀ ਨੇ ਇਸ ਮੌਕੇ ਰਾਜਪਾਲ 'ਤੇ ਵੀ ਤਿੱਖਾ ਤੰਜ ਕੱਸਦਿਆਂ ਕਿਹਾ ਕਿ ਕੇਂਦਰ ਨੇ ਮੁੱਖ ਮੰਤਰੀਆਂ ਨੂੰ ਤੰਗ ਕਰਨ ਵਾਸਤੇ ਇਕ-ਇਕ ਬੰਦਾ ਹਰ ਸੂਬੇ 'ਚ ਬਿਠਾ ਰੱਖਿਆ ਹੈ, ਜਿਸ ਨੂੰ ਰਾਜਪਾਲ ਕਹਿੰਦੇ ਹਨ। ਇਹ ਜੇਕਰ ਕਿਸੇ ਸੂਬੇ ਦੇ ਮੁੱਖ ਮੰਤਰੀ ਨਾਲ ਕੋਈ ਪੰਗਾ ਨਾ ਪਾਉਣ ਤਾਂ ਕੇਂਦਰ ਵੱਲੋਂ ਫੋਨ ਆਉਂਦਾ ਹੈ ਕਿ ਤੁਹਾਨੂੰ ਰਾਜਪਾਲ ਲਾਏ ਦਾ ਕੀ ਫ਼ਾਇਦਾ। ਉਨ੍ਹਾਂ ਨੇ ਰਾਜਪਾਲ ਦੀਆਂ ਚਿੱਠੀਆਂ ਬਾਰੇ ਬੋਲਦਿਆਂ ਕਿਹਾ ਕਿ ਰਾਜਪਾਲ ਨੇ ਮੈਨੂੰ ਬਹੁਤ ਸਾਰੇ ਲਵ ਲੈਟਰ ਲਿਖੇ ਹਨ ਅਤੇ ਉਹ ਵਿਹਲੇ ਬੈਠੇ ਇਹੀ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਫੰਡ ਮੰਗਣ ਦਾ ਫਰਜ਼ ਰਾਜਪਾਲ ਦਾ ਸੀ ਪਰ ਉਹ ਤਾਂ ਹੋਰ ਹੀ ਗੱਲਾਂ ਕਰੀ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਕਾਂਗਰਸ 'ਤੇ ਵੀ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਇਹ ਪੰਜਾਬ ਦੇ ਕਿਸੇ ਹੱਕ ਬਾਰੇ ਗੱਲ ਨਹੀਂ ਕਰਦੇ ਅਤੇ ਜਲਦੀ ਹੀ ਵਿਧਾਨ ਸਭਾ 'ਚੋਂ ਵਾਕਆਊਟ ਕਰ ਜਾਂਦੇ ਹਨ। ਉਨ੍ਹਾਂ ਨੇ ਸਪੀਕਰ ਨੂੰ ਇਹ ਤੱਕ ਕਹਿ ਦਿੱਤਾ ਕਿ ਉਹ ਕਾਂਗਰਸ ਨੂੰ ਅਗਲੇ ਇਜਲਾਸ ਦੌਰਾਨ ਬੁਲਾਉਣ ਹੀ ਨਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News