ਪੰਜਾਬ ਵਿਧਾਨ ਸਭਾ 'ਚ CM ਮਾਨ ਨੇ 23 ਮਾਰਚ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਕੀਤਾ ਅਹਿਮ ਐਲਾਨ

Wednesday, Mar 22, 2023 - 03:21 PM (IST)

ਪੰਜਾਬ ਵਿਧਾਨ ਸਭਾ 'ਚ CM ਮਾਨ ਨੇ 23 ਮਾਰਚ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਕੀਤਾ ਅਹਿਮ ਐਲਾਨ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੇ ਆਖ਼ਰੀ ਦਿਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ 23 ਮਾਰਚ ਪੂਰੇ ਦੇਸ਼ ਲਈ ਕੋਈ ਆਮ ਦਿਨ ਨਹੀਂ ਹੈ। ਇਸ ਦਿਨ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫ਼ਾਂਸੀ ਦੇ ਦਿੱਤੀ ਗਈ ਸੀ ਪਰ ਉਨ੍ਹਾਂ ਦੇ ਵਿਚਾਰ ਅੱਜ ਤੱਕ ਜਿਊਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਖ਼ਾਤਰ ਫ਼ਾਂਸੀ ਦਾ ਰੱਸਾ ਚੁੰਮਿਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ 75 ਸਾਲਾਂ ਬਾਅਦ ਵੀ ਗਲੀਆਂ, ਨਾਲੀਆਂ, ਟੋਭਿਆਂ ਦੇ ਮਸਲਿਆਂ ਨੂੰ ਲੈ ਕੇ ਬੈਠੇ ਹੋਏ ਹਾਂ ਅਤੇ ਬਜ਼ੁਰਗ ਇਹ ਕਹਿੰਦੇ ਵੀ ਦੇਖੇ ਜਾ ਸਕਦੇ ਹਨ ਕਿ ਇਹਦੇ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਹਲਵਾਰਾ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖਣ ਦਾ ਮਤਾ ਕੀਤਾ ਪੇਸ਼

ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਵਰਗੇ ਹੀ ਲੋਕਾਂ ਦੀ ਵਿਚਾਰਧਾਰਾ ਬਦਲਣ ਵਾਲੇ ਹੁੰਦੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਖਟਕੜ ਕਲਾਂ ਵਿਖੇ ਮਿਊਜ਼ੀਅਮ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਦੇ ਘਰ ਤੱਕ ਇਕ ਗਲੀ ਬਣਾਈ ਜਾਵੇਗੀ, ਜਿਸ 'ਚ ਸ਼ਹੀਦ ਭਗਤ ਸਿੰਘ ਦੇ ਜੀਵਨ ਦੀਆਂ ਯਾਦਗਾਰਾਂ ਅਤੇ ਤਸਵੀਰਾਂ ਲਾਈਆਂ ਜਾਣਗੀਆਂ। ਮਿਊਜ਼ੀਅਮ 'ਚ 5ਡੀ ਮੂਵੀ ਤਿਆਰ ਕਰਨ ਦੀ ਵੀ ਯੋਜਨਾ ਹੈ। ਉਨ੍ਹਾਂ ਨੇ ਪੂਰੇ ਬਜਟ ਸੈਸ਼ਨ ਦੌਰਾਨ ਬੋਲਣ ਵਾਲੇ ਬੁਲਾਰਿਆਂ ਦਾ ਧੰਨਵਾਦ ਕੀਤਾ ਹੈ। ਵਿਰੋਧੀਆਂ ਬਾਰੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਦੇ ਉਨ੍ਹਾਂ ਦੇ ਸਾਥੀਆਂ ਵੱਲੋਂ ਦਿੱਤੇ ਗਏ ਸੁਝਾਅ ਵੀ ਸਿਰ-ਮੱਥੇ ਹਨ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਗੂੰਜਿਆ Operation Amritpal, ਬਾਜਵਾ ਨੇ ਮੀਡੀਆ ਅੱਗੇ ਕਹੀਆਂ ਇਹ ਗੱਲਾਂ

ਪੰਜਾਬ ਦੀ ਬਿਹਤਰੀ ਲਈ ਆਉਣ ਵਾਲੀਆਂ ਪੀੜ੍ਹੀਆਂ ਦੇ ਹੱਥਾਂ 'ਚ ਜੌਬ ਲੈਟਰ, ਕੰਪਿਊਟਰ, ਲੈਪਟਾਪ ਹੋਣੇ ਚਾਹੀਦੇ ਹਨ ਅਤੇ ਪਹਿਲਾਂ ਅਸੀਂ ਅਗਲੀ ਪੀੜ੍ਹੀ ਬਾਰੇ ਸੋਚਾਂਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਹਮੇਸ਼ਾ ਪੂਰੇ ਦੇਸ਼ ਨੂੰ ਲੀਡ ਕਰਦਾ ਹੈ ਅਤੇ ਇਸ ਨੂੰ ਲੀਡਰ ਹੀ ਰਹਿਣਾ ਚਾਹੀਦਾ ਹੈ। ਪੰਜਾਬ ਦੀ ਗੁਲਾਬ ਦੇ ਫੁੱਲ ਨਾਲ ਤੁਲਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸ਼ਾਂਤੀ ਰਹੇ ਅਤੇ ਲੋਕ ਹੱਸਦੇ-ਵੱਸਦੇ ਰਹਿਣ। ਪੰਜਾਬ ਦੀ ਅਮਨ-ਸ਼ਾਂਤੀ ਲਈ ਜੋ ਕੁੱਝ ਵੀ ਕਰਨਾ ਪਿਆ, ਅਸੀਂ ਕਰਾਂਗੇ ਅਤੇ ਅਮਨ-ਸ਼ਾਂਤੀ ਟੁੱਟਣ ਨਹੀਂ ਦੇਵਾਂਗਾਂ। ਜੇਕਰ ਪੰਜਾਬ ਨੂੰ ਤੋੜਨ ਦਾ ਕੋਈ ਸੁਫ਼ਨਾ ਵੀ ਲਵੇਗਾ ਤਾਂ ਉਸ ਨੂੰ ਵੀ ਜ਼ੁਰਮ ਸਮਝਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News